ਸਵਾਰੀਆਂ ਦੀ ਭਰੀ ਗੱਡੀ ਨਹਿਰ ਵਿੱਚ ਡਿੱਗੀ
ਜਗਮੋਹਨ ਸਿੰਘ
ਰੂਪਨਗਰ, 1 ਜੁਲਾਈ
ਇੱਥੇ ਅੱਜ ਸ਼ਾਮ ਥਾਰ ਨੇ ਸਵਾਰੀਆਂ ਦੀ ਭਰੀ ਈਕੋ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਗੱਡੀ ਬੇਕਾਬੂ ਹੋ ਕੇ ਸਵਾਰੀਆਂ ਸਣੇ ਸਰਹਿੰਦ ਨਹਿਰ ਵਿੱਚ ਡਿੱਗ ਗਈ। ਘਟਨਾ ਸਥਾਨ ਨੇੜੇ ਮੌਜੂਦ ਲੋਕਾਂ ਅਨੁਸਾਰ ਗੱਡੀ ਵਿੱਚ ਡਰਾਈਵਰ ਸਣੇ ਚਾਰ ਸਵਾਰੀਆਂ ਮੌਜੂਦ ਸਨ। ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਰਾਹਤ ਕਾਰਜ ਸ਼ੁਰੂ ਕਰਵਾਏ ਅਤੇ ਹਾਦਸਾਗ੍ਰਸਤ ਗੱਡੀ ਨੂੰ ਤਾਂ ਮਸ਼ੀਨ ਦੀ ਮਦਦ ਨਾਲ ਨਹਿਰ ਵਿੱਚੋਂ ਬਾਹਰ ਕਢਵਾ ਲਿਆ ਗਿਆ ਪਰ ਡਰਾਈਵਰ ਅਤੇ ਸਵਾਰੀਆਂ ਨਹਿਰ ਦੇ ਪਾਣੀ ਵਿੱਚ ਰੁੜ੍ਹ ਗਏ। ਪੁਲੀਸ ਨੇ ਬਚਾਅ ਕਾਰਜਾਂ ਲਈ ਐੱਨਡੀਆਰਐੱਫ ਦੀਆਂ ਟੀਮਾਂ ਨੂੰ ਸੱਦ ਲਿਆ ਤੇ ਖ਼ਬਰ ਲਿਖੇ ਜਾਣ ਤੱਕ ਗੋਤਾਖੋਰਾਂ ਦੀ ਟੀਮ ਨਹਿਰ ਵਿੱਚੋਂ ਸਵਾਰੀਆਂ ਦੀ ਤਲਾਸ਼ ਵਿੱਚ ਜੁਟੀ ਹੋਈ ਸੀ। ਚਸ਼ਮਦੀਦਾਂ ਅਨੁਸਾਰ ਟੈਂਪੂ ਨੂੰ ਗਾਂਧੀ ਨਗਰ ਰੂਪਨਗਰ ਦਾ ਵਸਨੀਕ ਕਰਮ ਸਿੰਘ (74) ਚਲਾ ਰਿਹਾ ਸੀ ਅਤੇ ਗੱਡੀ ਵਿੱਚ ਕਈ ਸਵਾਰੀਆਂ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਨੰਬਰ ਵਾਲੀ ਥਾਰ ਗੱਡੀ ਨੂੰ ਇੱਕ ਲੜਕੀ ਚਲਾ ਰਹੀ ਸੀ ਪਰ ਹਾਦਸੇ ਉਪਰੰਤ ਮੌਕੇ ’ਤੇ ਪੁੱਜੇ ਨੌਜਵਾਨ ਨੇ ਦਾਅਵਾ ਕੀਤਾ ਕਿ ਕਾਰ ਉਹ ਚਲਾ ਰਿਹਾ ਸੀ। ਇਸ ਸਬੰਧੀ ਮੀਡੀਆ ਵੱਲੋਂ ਪੁੱਛੇ ਜਾਣ ’ਤੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਇਸ ਸਬੰਧੀ ਜਾਂਚ ਪੜਤਾਲ ਕੀਤੀ ਜਾਵੇਗੀ। ਲਾਪਤਾ ਡਰਾਈਵਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਮ ਸਿੰਘ ਸਾਬਕਾ ਫੌਜੀ ਹੈ। ਘਟਨਾ ਸਥਾਨ ’ਤੇ ਮੌਜੂਦ ਡੀਐੱਸਪੀ ਹਰਪਿੰਦਰ ਕੌਰ ਨੇ ਕਿਹਾ ਕਿ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਦੌਰਾਨ ਰੂਪਨਗਰ ਦੇ ਡੀਸੀ ਨੇ ਨਹਿਰ ਦਾ ਪਾਣੀ ਘੱਟ ਕਰਨ ਲਈ ਹੁਕਮ ਜਾਰੀ ਕੀਤੇ ਹਨ।