ਲਾਹੇਵੰਦ ਖੇਤੀ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਬੀਜੋ
ਡਾ. ਰਣਜੀਤ ਸਿੰਘ
ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਸਾਉਣੀ ਦੀਆਂ ਫ਼ਸਲਾਂ ਦੀ ਸੰਭਾਲ ਵੀ ਕਰਨੀ ਪੈ ਰਹੀ ਹੈ। ਫ਼ਸਲ ਦੀ ਸਫ਼ਲਤਾ ਕਈ ਗੱਲਾਂ ਉੱਤੇ ਨਿਰਭਰ ਕਰਦੀ ਹੈ ਪਰ ਸਭ ਤੋਂ ਮਹੱਤਵਪੂਰਨ ਬੀਜ ਨੂੰ ਮੰਨਿਆ ਜਾਂਦਾ ਹੈ। ਜੇ ਬੀਜ ਠੀਕ ਨਾ ਹੋਇਆ ਤਾਂ ਫ਼ਸਲ ਨੇ ਤਾਂ ਕਮਜ਼ੋਰ ਹੋ ਹੀ ਜਾਣਾ ਹੈ। ਬਿਜਾਈ ਤੋਂ ਪਹਿਲਾਂ ਬੀਜ ਦੀ ਚੋਣ ਕਰਦੇ ਸਮੇਂ ਘੱਟੋ-ਘੱਟ ਤਿੰਨ ਗੁਣਾਂ ਦੀ ਪਰਖ ਜ਼ਰੂਰ ਕਰੋ। ਬੀਜ ਰੋਗ ਰਹਿਤ ਹੋਣਾ ਚਾਹੀਦਾ ਹੈ ਅਤੇ ਸਿਹਤਮੰਦ ਹੋਵੇ। ਬੀਜ ਦੀ ਚੋਣ ਕਰਦੇ ਸਮੇਂ ਹਮੇਸ਼ਾਂ ਉਨ੍ਹਾਂ ਕਿਸਮਾਂ ਦੀ ਬਿਜਾਈ ਕਰੋ ਜਿਨ੍ਹਾਂ ਦੀ ਮਾਹਿਰਾਂ ਵੱਲੋਂ ਸਿਫ਼ਾਰਸ਼ ਕੀਤੀ ਗਈ ਹੈ। ਮੈਨੂੰ ਰੋਜ਼ ਕਿਸਾਨਾਂ ਦੇ ਫੋਨ ਆਉਂਦੇ ਹਨ ਅਤੇ ਕਣਕ ਦੀਆਂ ਉਨ੍ਹਾਂ ਕਿਸਮਾਂ ਬਾਰੇ ਪੁੱਛਦੇ ਹਨ ਜਿਨ੍ਹਾਂ ਦਾ ਮੈਂ ਨਾਮ ਵੀ ਨਹੀਂ ਸੁਣਿਆ ਹੁੰਦਾ। ਕਈ ਵਪਾਰੀ ‘ਚਮਤਕਾਰੀ’ ਬੀਜ ਆਖ ਕੇ ਕਿਸਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ ਤੇ ਪਿੱਛੋਂ ਕਿਸਾਨ ਪਛਤਾਉਂਦੇ ਹਨ। ਮੇਰੀ ਇਹ ਅਪੀਲ ਹੈ ਕਿ ਕਦੇ ਵੀ ਉਸ ਕਿਸਮ ਦੀ ਕਾਸ਼ਤ ਨਾ ਕਰੋ ਜਿਸ ਦੇ ਬੀਜਣ ਲਈ ਸਿਫ਼ਾਰਸ਼ ਨਾ ਕੀਤੀ ਗਈ ਹੋਵੇ। ਜਦੋਂ ਅਜਿਹੀਆਂ ਕਿਸਮਾਂ ਦੇ ਦਾਣੇ ਸਿਫ਼ਾਰਸ਼ ਕੀਤੀਆਂ ਕਿਸਮਾਂ ਵਿੱਚ ਰਲਦੇ ਹਨ ਤਾਂ ਅਸਲੀ ਕਿਸਮ ਵੀ ਖ਼ਰਾਬ ਹੋ ਜਾਂਦੀ ਹੈ। ਇਸ ਦਾ ਨਤੀਜਾ ਇਸ ਵਾਰ ਝੋਨੇ ਵਿੱਚ ਦੇਖਣ ਨੂੰ ਮਿਲਿਆ ਹੈ। ਪਿਛਲੇ ਸਾਲ ਪੰਜਾਬ ਵਿੱਚ ਝੋਨੇ ਦੀ ਕਿਸਮ ਪੀਆਰ-126 ਕਾਸ਼ਤ ਲਈ ਦਿੱਤੀ ਗਈ। ਇਸ ਦੀ ਪਿਛੇਤੀ ਲੁਆਈ ਨਾਲ ਵੀ ਝਾੜ ਪੂਰਾ ਪ੍ਰਾਪਤ ਹੋਇਆ। ਪੱਕਣ ਵਿੱਚ ਸਮਾਂ ਵੀ ਘੱਟ ਲੈਂਦੀ ਹੈ ਜਿਸ ਨਾਲ ਕਣਕ ਦੀ ਬਿਜਾਈ ਆਰਾਮ ਨਾਲ ਹੋ ਜਾਂਦੀ ਹੈ। ਆਲੂਆਂ ਦੇ ਕਾਸ਼ਤਕਾਰਾਂ ਨੂੰ ਵੀ ਸਮੇਂ ਨਾਲ ਖੇਤ ਵਿਹਲਾ ਮਿਲ ਜਾਂਦਾ ਹੈ ਅਤੇ ਪਾਣੀ ਦੀ ਬਚਤ ਵੀ ਹੋ ਜਾਂਦੀ ਹੈ। ਧਰਤੀ ਹੇਠਲੇ ਪਾਣੀ ਸਬੰਧੀ ਇਸ ਵਰ੍ਹੇ ਆਈ ਰਿਪੋਰਟ ਨੇ ਸਿੱਧ ਕੀਤਾ ਹੈ ਕਿ ਪਾਣੀ ਘਟਣ ਦੀ ਦਰ ਵਿੱਚ ਕਮੀ ਆਈ ਹੈ। ਇਸ ਦੇ ਹੋਰ ਵੀ ਕਾਰਨ ਹੋਣਗੇ ਪਰ ਇਸ ਕਿਸਮ ਦਾ ਵੀ ਮਹੱਤਵਪੂਰਨ ਯੋਗਦਾਨ ਹੈ। ਇਸ ਵਾਰ ਇਸ ਕਿਸਮ ਹੇਠ ਰਕਬੇ ਵਿੱਚ ਚੋਖਾ ਵਾਧਾ ਹੋਇਆ ਪਰ ਕੁਝ ਕਿਸਾਨਾਂ ਨੇ ਵਪਾਰੀਆਂ ਦੇ ਆਖੇ ਵੱਧ ਝਾੜ ਪ੍ਰਾਪਤੀ ਦੇ ਲਾਲਚ ਵਿਚ ਝੋਨੇ ਦੀਆਂ ਦੋਗਲੀਆਂ ਕਿਸਮਾਂ ਦੀ ਕਾਸ਼ਤ ਕੀਤੀ ਹੈ। ਇੱਥੇ ਇਹ ਦੱਸਣਾ ਉੱਚਿਤ ਹੋਵੇਗਾ ਕਿ ਪੰਜਾਬ ਵਿਚ ਕਾਸ਼ਤ ਲਈ ਝੋਨੇ ਦੀ ਕਿਸੇ ਵੀ ਦੋਗਲੀ ਕਿਸਮ ਦੀ ਸਿਫ਼ਾਰਸ਼ ਨਹੀਂ ਕੀਤੀ ਗਈ। ਹੁਣ ਜਦੋਂ ਇਹ ਝੋਨਾ ਮੰਡੀ ਵਿੱਚ ਆਇਆ ਤਾਂ ਇਸ ਨੇ ਪੀਆਰ-126 ਕਿਸਮ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਕੁਝ ਆੜ੍ਹਤੀਆਂ ਅਤੇ ਸ਼ੈੱਲਰ ਮਾਲਕਾਂ ਨੇ ਇਸ ਕਿਸਮ ਨੂੰ ਵੀ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਕਾਸ਼ਤ ਲਈ ਸਿਫ਼ਾਰਸ਼ ਕਰਨ ਤੋਂ ਪਹਿਲਾਂ ਕਿਸਮ ਦੀ ਸਖ਼ਤ ਪਰਖ ਕੀਤੀ ਜਾਂਦੀ ਹੈ। ਪਹਿਲਾਂ ਖੋਜ ਕੇਂਦਰ ’ਤੇ ਮੁੜ ਕਿਸਾਨਾਂ ਦੇ ਖੇਤਾਂ ਵਿੱਚ ਪਰਖ ਹੁੰਦੀ ਹੈ। ਸਾਰੀ ਖੇਤੀ ਖੋਜ ਦੀ ਨਿਗਰਾਨੀ ਭਾਰਤ ਸਰਕਾਰ ਦੀ ਭਾਰਤੀ ਖੇਤੀ ਖੋਜ ਕਾਊਂਸਲ ਦੀ ਨਿਗਰਾਨੀ ਹੇਠ ਹੁੰਦੀ ਹੈ।
ਇਸ ਕਰ ਕੇ ਕਿਸਾਨਾਂ ਨੂੰ ਬੇਨਤੀ ਹੈ ਕਿ ਹੁਣ ਹਾੜ੍ਹੀ ਵਿੱਚ ਕੋਈ ਵੀ ਅਜਿਹੀ ਕਿਸਮ ਨਾ ਬੀਜੀ ਜਾਵੇ ਜਿਸ ਦੀ ਸਿਫ਼ਾਰਸ਼ ਨਹੀਂ ਕੀਤੀ ਗਈ। ਝੋਨੇ ਵਾਂਗ ਹੀ ਪੰਜਾਬ ਵਿੱਚ ਕਣਕ ਦੀ ਕਿਸੇ ਵੀ ਦੋਗਲੀ ਕਿਸਮ ਬੀਜਣ ਦੀ ਸਿਫ਼ਾਰਸ਼ ਨਹੀਂ ਕੀਤੀ ਗਈ ਹੈ।
ਕਿਸਾਨਾਂ ਦੀ ਜਾਣਕਾਰੀ ਲਈ ਹਾੜ੍ਹੀ ਦੀ ਫ਼ਸਲਾਂ ਲਈ ਸਿਫ਼ਾਰਸ਼ ਕੀਤੀਆਂ ਮੁੱਖ ਕਿਸਮਾਂ ਬਾਰੇ ਇੱਥੇ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਵਿੱਚ ਕਾਸ਼ਤ ਲਈ ਪੀਬੀਡਬਲਯੂ 677, ਐਚਡੀ 3086, ਪੀਬੀਡਬਲਯੂ 826 ਅਤੇ ਪੀਬੀਡਬਲਯੂ 869 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੀਬੀਡਬਲਯੂ 826 ਦਾ ਝਾੜ ਕਰੀਬ 24 ਕੁਇੰਟਲ ਪ੍ਰਤੀ ਏਕੜ ਹੈ। ਜ਼ਿੰਕ ਦੀ ਵਧੇਰੇ ਮਾਤਰਾ ਵਾਲੀ ਇਕ ਕਿਸਮ ਪੀਬੀਡਬਲਯੂ ਜ਼ਿੰਕ 2 ਹੈ, ਦੀ ਸਿਫ਼ਾਰਸ਼ ਕੀਤੀ ਗਈ ਹੈ। ਡਬਲਯੂਐਚਡੀ 943, ਪੀਬੀਡਬਲਯੂ 291 ਵਢਾਣਕ ਕਣਕ ਦੀਆਂ ਕਿਸਮਾਂ ਹਨ। ਮੌਸਮ ਵਿੱਚ ਹੋ ਰਹੀਆਂ ਤਬਦੀਲੀਆਂ ਨੂੰ ਦੇਖਦਿਆਂ ਹੋਇਆਂ ਸਾਰੇ ਰਕਬੇ ਵਿੱਚ ਇੱਕ ਕਿਸਮ ਨਾ ਬੀਜੀ ਜਾਵੇ ਸਗੋਂ ਦੋ ਜਾਂ ਤਿੰਨ ਕਿਸਮਾਂ ਬੀਜਣੀਆਂ ਚਾਹੀਦੀਆਂ ਹਨ।
ਝੋਨੇ ਦੀ ਵਾਢੀ ਪਿੱਛੋਂ ਪਰਾਲੀ ਨੂੰ ਅੱਗ ਲਾਉਣਾ ਕਾਨੂੰਨੀ ਜੁਰਮ ਹੈ। ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਧਰਤੀ ਦੀ ਸਿਹਤ ਖ਼ਰਾਬ ਹੁੰਦੀ ਹੈ। ਜੇ ਕਣਕ ਦੀ ਵਾਢੀ ਕੰਬਾਈਨ ਨਾਲ ਕੀਤੀ ਹੈ ਅਤੇ ਖੇਤ ਵਿੱਚ ਠੀਕ ਨਮੀ ਹੈ ਤਾਂ ਹੈਪੀ ਸੀਡਰ ਨਾਲ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਖੇਤ ਵਿੱਚ ਖੜ੍ਹੀ ਪਰਾਲੀ ਨੂੰ ਪਰਾਲੀ ਕੱਟਣ ਵਾਲੀ ਮਸ਼ੀਨ ਨਾਲ ਕੱਟ ਕੇ ਖੇਤ ਵਿੱਚ ਖਿਲਾਰਿਆ ਜਾ ਸਕਦਾ ਹੈ। ਮੁੜ ਖੇਤ ਦੀ ਵਹਾਈ ਕਰ ਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਕ ਏਕੜ ਦੀ ਬਿਜਾਈ ਲਈ 40 ਕਿਲੋ ਬੀਜ ਦੀ ਲੋੜ ਪੈਂਦੀ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਨੇ ਕਣਕ ਲਈ ਜੈਵਿਕ ਖਾਦ ਤਿਆਰ ਕੀਤੀ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਇਸ ਦਾ ਟੀਕਾ ਜ਼ਰੂਰ ਲਗਾ ਲਵੋ। ਇਸ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ ਅਤੇ ਧਰਤੀ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ। ਬਿਜਾਈ ਸਮੇਂ ਕਤਾਰਾਂ ਵਿਚਕਾਰ 20 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਜੇ ਦੋਪਾਸੀ ਬਿਜਾਈ ਕੀਤੀ ਜਾਵੇ ਤਾਂ ਝਾੜ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ। ਜੇ ਬਿਜਾਈ ਵੱਟਾਂ ਉੱਤੇ ਕੀਤੀ ਜਾਵੇ ਤਾਂ ਇਸ ਨਾਲ ਪਾਣੀ ਤੇ ਖਾਦਾਂ ਦੀ ਬੱਚਤ ਹੁੰਦੀ ਹੈ ਅਤੇ ਝਾੜ ਵਿੱਚ ਵਾਧਾ ਹੁੰਦਾ ਹੈ।
ਖਾਦਾਂ ਦੀ ਵਰਤੋਂ ਮਿੱਟੀ ਪਰਖ ਅਨੁਸਾਰ ਕਰਨੀ ਚਾਹੀਦੀ ਹੈ। ਆਮ ਕਰ ਕੇ ਦਰਮਿਆਨੀਆਂ ਜ਼ਮੀਨਾਂ ਲਈ 110 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੀ ਸਿਫ਼ਾਰਸ਼ ਕੀਤੀ ਗਈ ਹੈ। ਜੇ ਝੋਨੇ ਦੀ ਫੱਕ ਜਾਂ ਗੰਨੇ ਦੇ ਛਿਲਕੇ ਦੀ ਰਾਖ ਮਿਲ ਸਕੇ ਤਾਂ ਇਹ ਚਾਰ ਟਨ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਇਸ ਨਾਲ ਸੁਪਰਫਾਸਫੇਟ ਅੱਧੀ ਪਾਉਣੀ ਪਵੇਗੀ। ਇਹ ਧਰਤੀ ਦੀ ਸਿਹਤ ਵੀ ਠੀਕ ਕਰਦੀ ਹੈ। ਅੱਧਾ ਯੂਰੀਆ, ਸਾਰੀ ਫਾਸਫੋਰਸ ਅਤੇ ਪੋਟਾਸ਼ ਬਿਜਾਈ ਸਮੇਂ ਪਾਵੋ। ਬਾਕੀ ਦਾ ਯੂਰੀਆ ਪਹਿਲੇ ਪਾਣੀ ਨਾਲ ਪਾਉਣਾ ਚਾਹੀਦਾ ਹੈ। ਜੇ ਬਿਜਾਈ ਹੈਪੀ ਸੀਡਰ ਨਾਲ ਕੀਤੀ ਗਈ ਹੈ ਤਾਂ 44 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਅਤੇ ਇੰਨਾ ਹੀ ਯੂਰੀਆ ਦੂਜੇ ਪਾਣੀ ਨਾਲ ਪਾਉਣਾ ਚਾਹੀਦਾ ਹੈ। ਨਦੀਨਾਂ ਦੀ ਰੋਕਥਾਮ ਲਈ ਪਹਿਲਾ ਪਾਣੀ ਦੇਣ ਤੋਂ ਪਹਿਲਾਂ ਇਕ ਗੋਡੀ ਕਰੋ। ਜੇ ਗੋਡੀ ਨਾ ਕੀਤੀ ਜਾ ਸਕਦੀ ਹੋਵੇ ਤਾਂ ਨਦੀਨਾਂ ਅਨੁਸਾਰ ਢੁੱਕਵੇਂ ਨਦੀਨਨਾਸ਼ਕਾਂ ਦੀ ਮਾਹਿਰਾਂ ਦੀਆਂ ਹਦਾਇਤਾਂ ਅਨੁਸਾਰ ਵਰਤੋਂ ਕਰੋ।
ਜੇ ਬਿਜਾਈ ਪਿਛੇਤੀ ਹੋ ਜਾਵੇ ਤਾਂ ਪਿਛੇਤੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਪਿਛੇਤੀ ਬਿਜਾਈ ਲਈ ਪੀਬੀਡਬਲਯੂ 771 ਅਤੇ ਪੀਬੀਡਬਲਯੂ 757 ਅਤੇ ਪੀਬੀਡਬਲਯੂ 752 ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦਾ ਝਾੜ 19 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ। ਬਿਜਾਈ ਸਮੇਂ ਖੇਤ ਵਿਚ ਪੂਰੀ ਨਮੀ ਹੋਣੀ ਚਾਹੀਦੀ ਹੈ। ਕਣਕ ਉੱਤੇ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ ਪਰ ਖੇਤਾਂ ਵਿੱਚ ਗੇੜਾ ਜ਼ਰੂਰ ਮਾਰਦੇ ਰਹਿਣਾ ਚਾਹੀਦਾ ਹੈ। ਜੇ ਕੋਈ ਹਮਲਾ ਨਜ਼ਰ ਆਵੇ ਤਾਂ ਮਾਹਿਰਾਂ ਦੀ ਸਲਾਹ ਅਨੁਸਾਰ ਰੋਕਥਾਮ ਕੀਤੀ ਜਾਵੇ। ਪੂਰਾ ਧਿਆਨ ਰੱਖਿਆਂ ਹੀ ਪੂਰਾ ਝਾੜ ਪ੍ਰਾਪਤ ਹੋ ਸਕਦਾ ਹੈ।
ਸਿੰਜਾਈ ਸਹੂਲਤਾਂ ਵਿੱਚ ਵਾਧਾ ਹੋਣ ਕਰਕੇ ਹਾੜ੍ਹੀ ਦੀਆਂ ਦੂਜੀਆਂ ਫ਼ਸਲਾਂ ਜੌਂ, ਛੋਲੇ, ਮਸਰ, ਸਰ੍ਹੋਂ, ਅਲਸੀ ਆਦਿ ਹੇਠ ਰਕਬਾ ਬਹੁਤ ਘਟ ਗਿਆ ਹੈ। ਕਦੇ ਕਿਸਾਨ ਘਰ ਦੀ ਲੋੜ ਪੂਰੀ ਕਰਨ ਲਈ ਇਨ੍ਹਾਂ ਫ਼ਸਲਾਂ ਦੀ ਕਾਸ਼ਤ ਜ਼ਰੂਰ ਕਰਦੇ ਸਨ। ਹੁਣ ਬਹੁਤੇ ਕਿਸਾਨ ਦਾਲਾਂ ਅਤੇ ਤੇਲ ਬਾਜ਼ਾਰ ਤੋਂ ਹੀ ਮੁੱਲ ਲੈਂਦੇ ਸਨ। ਨਵੀਆਂ ਕਿਸਮਾਂ ਆ ਗਈਆਂ ਹਨ ਇਸੇ ਕਰ ਕੇ ਕੁਝ ਰਕਬੇ ਵਿਚ ਇਨ੍ਹਾਂ ਫ਼ਸਲਾਂ ਦੀ ਕਾਸ਼ਤ ਜਰੂਰ ਕਰਨੀ ਚਾਹੀਦੀ ਹੈ। ਜੌਆਂ ਹੇਠ ਹੁਣ ਛੇ ਹਜ਼ਾਰ ਹੈਕਟੇਅਰ ਤੋਂ ਵੀ ਘੱਟ ਰਕਬਾ ਹੈ। ਡੀਡਬਲਯੂਆਰਬੀ 123 ਕਿਸਮ ਦਾ ਝਾੜ 19 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ। ਪੀਐਲ 891 ਕਿਸਮ ਛਿਲਕਾ ਰਹਿਤ ਹੈ। ਇਸ ਵਿਚ 12% ਪ੍ਰੋਟੀਨ ਹੁੰਦੀ ਹੈ। ਦਾਣਿਆਂ ਨੂੰ ਭੁੰਨ ਕੇ ਜਾਂ ਆਟਾ ਬਣਾ ਕੇ ਵਰਤਿਆ ਜਾ ਸਕਦਾ ਹੈ। ਛੋਲੇ ਹਾੜ੍ਹੀ ਦੀ ਪ੍ਰਮੁੱਖ ਦਾਲ ਹੈ ਪਰ ਇਸ ਦੀ ਕਾਸ਼ਤ ਕੇਵਲ ਦੋ ਹਜ਼ਾਰ ਹੈਕਟੇਅਰ ਵਿਚ ਹੀ ਕੀਤੀ ਜਾਂਦੀ ਹੈ। ਦੇਸੀ ਛੋਲਿਆਂ ਦੀਆਂ ਪੀਬੀਜੀ 10, ਪੀਬੀਜੀ 7 ਕਿਸਮਾਂ ਦੀ ਬਿਜਾਈ ਸਾਰੇ ਸੂਬੇ ਵਿੱਚ ਕੀਤੀ ਜਾ ਸਕਦੀ ਹੈ। ਇਨ੍ਹਾਂ ਦਾ ਝਾੜ ਅੱਠ ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ। ਕਾਬਲੀ ਜਾਂ ਚਿੱਟੇ ਛੋਲਿਆਂ ਦੀ ਐਲ 552 ਕਿਸਮ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਕ ਏਕੜ ਲਈ 30 ਕਿਲੋ ਬੀਜ ਕਾਫ਼ੀ ਹੁੰਦਾ ਹੈ।
ਬੀਜਣ ਤੋਂ ਪਹਿਲਾਂ ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਗਾ ਲੈਣਾ ਚਾਹੀਦਾ ਹੈ। ਮਸਰ ਹਾੜ੍ਹੀ ਦ ਆਮ ਵਰਤੀ ਜਾਣ ਵਾਲੀ ਇਕ ਹੋਰ ਦਾਲ ਹੈ ਪਰ ਇਸ ਹੇਠ ਕੇਵਲ ਨਾਮ ਮਾਤਰ ਰਕਬਾ ਹੀ ਰਹਿ ਗਿਆ ਹੈ। ਐਲਐਲ 1373, ਐਲਐਲ 931 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਨ੍ਹਾਂ ਤੋਂ ਪੰਜ ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੋ ਜਾਂਦਾ ਹੈ। ਐਲਐਲ 1373 ਲਈ 18 ਕਿਲੋ ਬੀਜ ਤੇ ਦੂਜੀ ਕਿਸਮ ਲਈ 15 ਕਿਲੋ ਬੀਜ ਪ੍ਰਤੀ ਏਕੜ ਪਾਵੋ। ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਜ਼ਰੂਰ ਲਗਾ ਲੈਣਾ ਚਾਹੀਦਾ ਹੈ।