ਸਦਾਬਹਾਰ ਫਲਦਾਰ ਬੂਟਿਆਂ ਲਈ ਵਿਉਂਤਬੰਦੀ ਅਤੇ ਸੰਭਾਲ
ਅਰਵਿੰਦ ਪ੍ਰੀਤ ਕੌਰ*
ਪੰਜਾਬ ਵਿੱਚ ਸਦਾਬਹਾਰ ਫਲਦਾਰ ਬੂਟੇ ਲਗਾਉਣ ਦਾ ਢੁਕਵਾਂ ਸਮਾਂ ਫਰਵਰੀ-ਮਾਰਚ ਤੇ ਸਤੰਬਰ-ਅਕਤੂਬਰ ਦੇ ਮਹੀਨੇ ਹਨ। ਇਸ ਸਮੇਂ ਵਿੱਚ ਨਿੰਬੂ ਜਾਤੀ ਦੇ ਫਲ, ਅੰਬ, ਲੀਚੀ, ਅਮਰੂਦ ਅਤੇ ਚੀਕੂ ਆਦਿ ਦੇ ਬੂਟੇ ਲਗਾਏ ਜਾ ਸਕਦੇ ਹਨ। ਪੱਤਝੜੀ ਫਲਦਾਰ ਬੂਟੇ ਸਰਦੀਆਂ ਵਿੱਚ ਲਾਏ ਜਾਂਦੇ ਹਨ, ਜਦੋਂ ਉਹ ਸਿਥਲ ਹਾਲਤ ਵਿੱਚ ਹੁੰਦੇ ਹਨ। ਆੜੂ ਅਤੇ ਅਲੂਚੇ ਦੇ ਬੂਟੇ ਨਵੀਂ ਫੋਟ ਸ਼ੁਰੂ ਹੋਣ ਤੋਂ ਪਹਿਲਾਂ ਅੱਧ ਜਨਵਰੀ ਅਤੇ ਨਾਸ਼ਪਤੀ ਨੂੰ ਅੱਧ ਫਰਵਰੀ ਤਕ ਲਗਾਉਣਾ ਚਾਹੀਦਾ ਹੈ।
ਫਲਦਾਰ ਬੂਟੇ ਖ਼ਰੀਦਣ ਅਤੇ ਲਗਾਉਣ ਤੋੋਂ ਪਹਿਲਾਂ ਉਨ੍ਹਾਂ ਦੀ ਕਿਸਮਾਂ ਬਾਰੇ ਅਤੇ ਲਗਾਉਣ ਦੇ ਢੰਗ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਕਿਸੇ ਵੀ ਫਲਦਾਰ ਬੂਟੇ ਤੋਂ ਤਿੰਨ ਸਾਲ ਦੀ ਉਮਰ ਤੋਂ ਪਹਿਲਾਂ ਫਲ ਨਹੀਂ ਲੈਣਾ ਚਾਹੀਦਾ ਅਤੇ ਇਸ ਲਈ ਫਲਦਾਰ ਬੂਟਿਆਂ ਦੀ ਕਿਸਮ ਦੀ ਚੋਣ ਅਤੇ ਉਨ੍ਹਾਂ ਵਿਚਕਾਰ ਦਾ ਫ਼ਾਸਲਾ ਅਹਿਮ ਯੋਗਦਾਨ ਪਾਉਂਦਾ ਹੈ। ਜੇ ਅਸੀਂ ਫਲਦਾਰ ਬੂਟੇ ਕਿਸੇ ਫੇਰੀ ਵਾਲੇ ਜਾਂ ਗ਼ੈਰ-ਮਨਜ਼ੂਰਸ਼ੁਦਾ ਨਰਸਰੀ ਤੋਂ ਲੈਂਦੇ ਹਾਂ ਤਾਂ 3-4 ਸਾਲ ਬਾਅਦ ਜਦੋਂ ਬੂਟੇ ਤੋਂ ਫਲ ਲੈਣਾ ਸ਼ੁਰੂ ਕਰਦੇ ਹਾਂ ਤਾਂ ਕਾਫ਼ੀ ਭਾਰੀ ਨੁਕਸਾਨ ਝਲਣਾ ਪੈ ਸਕਦਾ ਹੈ। ਇਸ ਲਈ ਫਲਦਾਰ ਬੂਟਿਆਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਬਾਗ਼ਬਾਨੀ ਦੇ ਮਾਹਿਰਾਂ ਤੋਂ ਲੈ ਕੇ ਬਾਗ਼ਬਾਨੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਜਾਂ ਕੌਮੀ ਬਾਗ਼ਬਾਨੀ ਬੋਰਡ ਤੋਂ ਪ੍ਰਮਾਣਿਤ ਨਰਸਰੀਆਂ ਤੋਂ ਫਲਦਾਰ ਬੂਟੇ ਖ਼ਰੀਦੇ ਜਾਣੇ ਚਾਹੀਦੇ ਹਨ।
ਨਵੇਂ ਬੂਟੇ ਲਾਉਣ ਲਈ ਹਰ ਬੂਟੇ ਵਾਸਤੇ ਇੱਕ ਮੀਟਰ ਡੂੰਘੇ ਅਤੇ ਇੱਕ ਮੀਟਰ ਘੇਰੇ ਵਾਲੇ ਟੋਏ ਪੁੱਟ ਲਉ। ਇਨ੍ਹਾਂ ਟੋਇਆਂ ਵਿੱਚ ਉਪਰਲੀ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿੱਚ ਪਾਉ ਅਤੇ ਜ਼ਮੀਨ ਤੋਂ ਉੱਚੇ ਭਰ ਦਿਉ। ਇਨ੍ਹਾਂ ਵਿੱਚ ਬੂਟੇ ਲਾਉਣ ਤੋਂ ਪਹਿਲਾਂ ਪਾਣੀ ਦਿਉ। ਪਾਣੀ ਦੇਣ ਤੋਂ ਬਾਅਦ ਜੇ ਟੋਏ ਵਿਚਲੀ ਮਿੱਟੀ ਬੈਠ ਗਈ ਹੋਵੇ ਤਾਂ ਉੱਪਰਲੀ ਸਤਿਹ ’ਤੇ ਮਿੱਟੀ ਪਾ ਕੇ ਜ਼ਮੀਨ ਦੇ ਬਰਾਬਰ ਪੱਧਰ ਕਰ ਦਿਉ। ਹਰ ਟੋਏ ਵਿੱਚ 15 ਮਿਲੀਲਿਟਰ ਕਲੋਰਪਾਈਰੀਫਾਸ 20 ਈਸੀ 2 ਕਿਲੋ ਮਿੱਟੀ ਵਿੱਚ ਰਲਾ ਕੇ ਸਿਉਂਕ ਤੋਂ ਬਚਾਉਣ ਲਈ ਜ਼ਰੂਰ ਪਾ ਦਿਉ। ਨਵੇਂ ਲਗਾਏ ਬੂਟਿਆਂ ਦੀ ਸ਼ੁਰੂ ਤੋਂ ਹੀ ਸੁਚੱਜੀ ਸਾਂਭ-ਸੰਭਾਲ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਇਹ ਲੰਬੇ ਸਮੇਂ ਲਈ ਤੰਦਰੁਸਤ ਰਹਿ ਕੇ ਭਰਪੂਰ ਫ਼ਾਇਦਾ ਦੇ ਸਕਣ। ਨਵੇਂ ਲਗਾਏ ਫਲਦਾਰ ਬੂਟਿਆਂ ਦੇ ਮੁੱਢਲੇ ਕੁਝ ਸਾਲਾਂ ਦੀ ਦੇਖ-ਭਾਲ ਲਈ ਹੇਠ ਲਿਖੇ ਨੁਕਤੇ ਧਿਆਨ ਯੋਗ ਹਨ:
ਨਵੇਂ ਬੂਟਿਆਂ ਦੀ ਮੁੱਢਲੀ ਦੇਖਭਾਲ: ਬੂਟੇ ਲਗਾਉਣ ਸਮੇਂ ਉਨ੍ਹਾਂ ਨੂੰ ਸੋਟੀਆਂ ਲਗਾ ਕੇ ਸਹਾਰਾ ਦੇਣ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਤੇਜ਼ ਹਵਾ/ਹਨੇਰੀ ਦੇ ਨੁਕਸਾਨ ਤੋਂ ਬਚ ਸਕਣ। ਇਸ ਦਾ ਦੂਜਾ ਫ਼ਾਇਦਾ ਇਹ ਵੀ ਹੈ ਕਿ ਬੂਟੇ ਦਾ ਤਣਾ ਸਿੱਧਾ ਰਹਿੰਦਾ ਹੈ। ਬੂਟਿਆਂ ਦੀਆਂ ਬਿਮਾਰੀ ਵਾਲੀਆਂ ਅਤੇ ਅਣਚਾਹੀਆਂ ਸ਼ਾਖਾਵਾਂ ਵੀ ਕੱਟ ਦੇਣੀਆਂ ਚਾਹੀਦੀਆਂ ਹਨ। ਜੇ ਸਿਉਂਕ ਦਾ ਹਮਲਾ ਜਾਪੇ ਤਾਂ ਅੱਧਾ ਲਿਟਰ ਕਲੋਰੋਪਾਇਰੀਫਾਸ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਆਮ ਕਰ ਕੇ ਪਹਿਲੇ ਕੁਝ ਸਾਲ ਨਵੇਂ ਬੂਟਿਆਂ ਦੇ ਜੜ੍ਹ ਭਾਗ ਤੋਂ ਫੁਟਾਰਾ ਨਿਕਲਦਾ ਰਹਿੰਦਾ ਹੈ। ਇਸ ਨੂੰ ਵੀ ਵੇਲੇ ਸਿਰ ਕੱਟਦੇ ਰਹਿਣਾ ਚਾਹੀਦਾ ਹੈ। ਦੇਖਣ ਵਿੱਚ ਆਇਆ ਹੈ ਕਿ ਕਿੰਨੂ ਦੇ ਬਾਗ਼ਾਂ ਵਿੱਚ ਅਣਗਹਿਲੀ ਕਰ ਕੇ ਖੱਟੀ (ਜੜ੍ਹ ਭਾਗ) ਦੇ ਬੂਟੇ ਹੀ ਨਜ਼ਰ ਆਉਂਦੇ ਹਨ। ਬੂਟੇ ਦਾ ਸੁਚੱਜਾ ਆਕਾਰ ਬਣਾਉਣ ਲਈ ਇਸ ਦੀ ਸਿਧਾਈ ਦੇ ਉਪਰਾਲੇ ਵੀ ਜ਼ਰੂਰੀ ਹਨ। ਆਮ ਕਰ ਕੇ ਪੌਦੇ ਦਾ ਢਾਈ ਤੋਂ ਤਿੰਨ ਫੁੱਟ ਤਣਾ ਸਾਫ਼ ਕਰ ਕੇ ਹੀ ਸ਼ਾਖ਼ਾਵਾਂ ਦਾ ਢਾਂਚਾ ਬਣਾਉਣਾ ਚਾਹੀਦਾ ਹੈ।
ਪਾਣੀ ਲਗਾਉਣਾ: ਬੂਟੇ ਲਗਾਉਣ ਮਗਰੋਂ ਸਭ ਤੋਂ ਪਹਿਲਾ ਕੰਮ ਇਨ੍ਹਾਂ ਦੀ ਸਿੰਜਾਈ ਵੱਲ ਧਿਆਨ ਦੇਣਾ ਹੈ। ਛੋਟੇ ਬੂਟਿਆਂ ਦੀ ਜੜ੍ਹਾਂ ਦਾ ਆਕਾਰ ਬਹੁਤ ਥੋੜ੍ਹਾ ਹੋਣ ਕਰ ਕੇ ਪਾਣੀ ਦੀ ਲੋੜ ਜਲਦੀ ਪੈਂਦੀ ਹੈ। ਇਸ ਲਈ ਨਵੇਂ ਲਗਾਏ ਬਾਗ਼ਾਂ ਨੂੰ ਘੱਟੋ-ਘੱਟ ਹਫ਼ਤੇ ਵਿੱਚ ਇੱਕ ਵਾਰੀ ਪਾਣੀ ਜ਼ਰੂਰ ਲਗਾਉਣਾ ਚਾਹੀਦਾ ਹੈ। ਨਵੰਬਰ ਦੇ ਮਹੀਨੇ ਮਗਰੋਂ ਸਰਦੀਆਂ ਵਿੱਚ ਪਾਣੀ 3-4 ਹਫ਼ਤੇ ਮਗਰੋਂ ਵੀ ਦਿੱਤਾ ਜਾ ਸਕਦਾ ਹੈ।
ਕੋਰੇ ਤੋਂ ਬਚਾਅ: ਪੰਜਾਬ ਵਿੱਚ ਨਵੰਬਰ ਵਿੱਚ ਠੰਢ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਦਸੰਬਰ-ਜਨਵਰੀ ਵਿੱਚ ਇਹ ਪੂਰੇ ਜੋਬਨ ’ਤੇ ਹੁੰਦੀ ਹੈ। ਅੱਧ ਦਸੰਬਰ ਤੋਂ ਲੈ ਕੇ ਅੱਧ ਫਰਵਰੀ ਤਕ ਤਾਪਮਾਨ ਦੇ ਥੱਲੇ ਜਾਣ ਕਰ ਕੇ ਕੋਰਾ ਪੈਣ ਲੱਗ ਜਾਂਦਾ ਹੈ। ਕੋਰਾ ਪੈਣਾ ਜਿੱਥੇ ਕਣਕ ਲਈ ਫ਼ਾਇਦੇਮੰਦ ਹੁੰਦਾ ਹੈ, ਉੱਥੇ ਹੀ ਫਲਦਾਰ ਬੂਟਿਆਂ ਨੂੰ ਇਸ ਨਾਲ ਬੇਹੱਦ ਨੁਕਸਾਨ ਹੋ ਸਕਦਾ ਹੈ ਕਿਉਂਕਿ ਨਵੇਂ ਲਾਏ ਫਲਦਾਰ ਬੂਟਿਆਂ ਵਿੱਚ ਕੋਰਾ ਸਹਾਰਨ ਦੀ ਸਮਰੱਥਾ ਘੱਟ ਹੁੰਦੀ ਹੈ। ਜੇ ਕੋਰਾ ਕਈ ਦਿਨ ਲਗਾਤਾਰ ਪੈਂਦਾ ਰਹੇ ਤਾਂ ਛੋਟੇ ਪੌਦੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਇਸ ਕਰ ਕੇ ਨਵੇਂ ਲਗਾਏ ਬੂਟਿਆਂ ਦੀ ਕੋਰੇ ਤੋਂ ਸਾਂਭ-ਸੰਭਾਲ ਵੱਲ ਉਚੇਚੇ ਧਿਆਨ ਦੇਣ ਦੀ ਲੋੜ ਹੈ। ਇਸ ਮੰਤਵ ਲਈ ਹੇਠ ਲਿਖੇ ਉਪਰਾਲੇ ਲਾਹੇਵੰਦ ਹਨ।
* ਕੋਰੇ ਤੋਂ ਬਚਾਅ ਲਈ ਫਲਦਾਰ ਬੂਟਿਆਂ ਨੂੰ ਜਾਂ ਉਸ ਦੇ ਭਾਗਾਂ ਨੂੰ ਢਕ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਲਈ ਨਵੇਂ ਲਗਾਏ ਬੂਟਿਆਂ ਦੇ ਦੁਆਲੇ ਪਰਾਲੀ, ਸਰਕੰਡੇ, ਕਮਾਦ ਦੀ ਖੋਰੀ, ਮੱਕੀ ਦੇ ਟਾਂਡਿਆਂ ਆਦਿ ਦੀਆਂ ਕੁੱਲੀਆਂ ਬਣਾ ਦਿਉ। ਧਿਆਨ ਰੱਖੋ ਕੇ ਪੌਦੇ ਦੇ ਵਾਧੇ ਲਈ ਧੁੱਪ ਬੇਹੱਦ ਜ਼ਰੂਰੀ ਹੈ ਇਸ ਲਈ ਪੌਦੇ ਨੂੰ ਢਕਣ ਸਮੇਂ ਇਹ ਖ਼ਿਆਲ ਰੱਖਿਆ ਜਾਵੇ ਕੇ ਪੂਰਬ ਵਾਲਾ ਪਾਸਾ ਕੁਝ ਖੁੱਲ੍ਹਾ ਹੋਵੇ ਤਾਂ ਕਿ ਪੌਦੇ ਨੂੰ ਲੋੜੀਂਦੀ ਧੁੱਪ ਮਿਲ ਸਕੇ।
* ਕੋਰੇ ਦੀ ਸੰਭਾਵਨਾ ਸਮੇਂ ਬੂਟਿਆਂ ਨੂੰ ਪਾਣੀ ਲਗਾ ਦਿਉ। ਇਸ ਨਾਲ ਵੀ ਕੋਰੇ ਕਾਰਨ ਹੋਣ ਵਾਲੇ ਨੁਕਸਾਨ ਦਾ ਖ਼ਤਰਾ ਘਟਦਾ ਹੈ।
ਸਦਾਬਹਾਰ ਫਲਦਾਰ ਬੂਟਿਆਂ ਵਿੱਚ ਸੂਖਮ ਤੱਤਾਂ ਦੀ ਘਾਟ ਦੇ ਲੱਛਣ ਅਤੇ ਪੂਰਤੀ: ਫਲਾਂ ਦੇ ਬੂਟਿਆਂ ਤੋੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਵੱਡੇ ਤੱਤਾਂ ਦੇ ਨਾਲ ਨਾਲ ਸੂਖਮ ਤੱਤਾਂ ਦੀ ਮਹੱਤਤਾ ਬਾਰੇ ਜਾਣੂ ਹੋਣਾ ਲਾਜ਼ਮੀ ਹੈ। ਪੰਜਾਬ ਵਿੱਚ ਖ਼ਾਸ ਤੌਰ ’ਤੇ ਨਿੰਬੂ, ਕਿੰਨੂ, ਅਮਰੂਦ, ਅੰਬ ਵਰਗੇ ਸਦਾਬਹਾਰ ਫਲਦਾਰ ਬੂਟੇ ਹਨ, ਜਿਨ੍ਹਾਂ ਉੱਪਰ ਲੋਹਾ, ਜ਼ਿੰਕ ਅਤੇ ਮੈਂਗਨੀਜ਼ ਵਰਗੇ ਲਘੂ ਤੱਤਾਂ ਦੀ ਘਾਟ ਪਾਈ ਜਾਂਦੀ ਹੈ। ਫਲਦਾਰ ਬੂਟਿਆਂ ਤੇ ਲਘੂ ਤੱਤਾਂ ਦੀ ਘਾਟ ਕਾਰਨ ਖ਼ਾਸ ਕਿਸਮ ਦੀਆਂ ਨਿਸ਼ਾਨੀਆਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਬੂਟਿਆਂ ਨੂੰ ਲੰਬੇ ਸਮੇਂ ਤੱਕ ਤੰਦਰੁਸਤ ਰੱਖ ਸਕਦੇ ਹਾਂ। ਸਦਾਬਹਾਰ ਫਲਦਾਰ ਬੂਟਿਆਂ ਵਿੱਚ ਲੱਘੂ ਤੱਤਾਂ ਦੀ ਘਾਟ ਦੇ ਲੱਛਣ ਅਤੇ ਪੂਰਤੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਅਮਰੂਦ
ਜ਼ਿੰਕ ਦੀ ਘਾਟ: ਜ਼ਿੰਕ ਦੀ ਘਾਟ ਨਾਲ ਬੂਟਿਆਂ ਦੇ ਪੱਤਿਆਂ ਦਾ ਆਕਾਰ ਛੋਟਾ ਤੇ ਮੋਟੀਆਂ ਲਕੀਰਾਂ ਦੇ ਵਿਚਾਲੇ ਦਾ ਰੰਗ ਪੀਲਾ ਤੇ ਫਿੱਕਾ ਪੀਲਾ ਹੋ ਜਾਂਦਾ ਹੈ। ਪੱਤਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਸ਼ਾਖਾਵਾਂ ਚੋਟੀ ਤੋਂ ਥੱਲੇ ਨੂੰ ਮਰਨੀਆਂ ਸ਼ੁਰੂ ਹੋ ਜਾਂਦੀਆਂ ਹਨ।
ਪੂਰਤੀ: ਇਸ ਘਾਟ ਨੂੰ ਜ਼ਿੰਕ ਸਲਫੇਟ ਤੇ ਚੂਨੇ (1 ਕਿਲੋ ਜ਼ਿੰਕ ਸਲਫੇਟ ਅੱਧਾ ਕਿਲੋ ਅਣਬੁਝਿਆ ਚੂਨਾ 100 ਲਿਟਰ ਪਾਣੀ ’ਚ) ਦੇ ਘੋਲ ਦਾ ਛਿੜਕਾਅ ਕਰ ਕੇ ਪੂਰਾ ਕੀਤਾ ਜਾ ਸਕਦਾ ਹੈ। ਜੂਨ ਤੋਂ ਸਤੰਬਰ ਵਿੱਚ ਪੰਦਰਾਂ ਦਿਨ ਦੇ ਵਕਫ਼ੇ ਨਾਲ ਇਹੋ ਜਿਹੇ ਦੋ-ਤਿੰਨ ਛਿੜਕਾਅ ਕਰੋ।
ਗੁਣਵੱਤਾ ਸੁਧਾਰ: ਅਮਰੂਦ ਵਿੱਚ ਝਾੜ ਅਤੇ ਫਲਾਂ ਦੀ ਗੁਣਵੱਤਾ ਸੁਧਾਰਨ ਲਈ ਦੋ ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ (20 ਗ੍ਰਾਮ ਪ੍ਰਤੀ ਲਿਟਰ ਪਾਣੀ) ਦੋ ਵਾਰੀ- ਪਹਿਲਾ ਅਗਸਤ ਤੇ ਦੂਜਾ ਸਤੰਬਰ ਵਿੱਚ ਛਿੜਕਾਅ ਕਰੋ।
ਕਿੰਨੂ
ਜ਼ਿੰਕ ਅਤੇ ਮੈਗਨੀਜ਼ ਦੀ ਘਾਟ: ਨਵੇਂ ਪੂਰੇ ਵਧੇ ਹੋਏ ਪੱਤਿਆਂ ਉੱਤੇ ਰੰਗ-ਬਰੰਗੇ ਧੱਬੇ ਪੈ ਜਾਂਦੇ ਹਨ। ਸਿਰੇ ਦੇ ਪੱਤੇ ਛੋਟੇ ਅਤੇ ਨੇੜੇ-ਨੇੜੇ ਰਹਿ ਜਾਂਦੇ ਹਨ। ਫਲਾਂ ਵਾਲੀਆਂ ਅੱਖਾਂ ਬਹੁਤ ਘਟ ਜਾਂਦੀਆਂ ਹਨ।
ਪੂਰਤੀ: ਜ਼ਿੰਕ ਦੀ ਘਾਟ ਪੂਰੀ ਕਰਨ ਲਈ ਰੋਗੀ ਦਰੱਖਤਾਂ ਉੱਤੇ (4.70 ਗ੍ਰਾਮ ਪ੍ਰਤੀ ਲਿਟਰ ਪਾਣੀ) ਜ਼ਿੰਕ ਸਲਫੇਟ ਦੇ ਘੋਲ ਦਾ ਛਿੜਕਾਅ ਕਰੋ। ਇਹ ਛਿੜਕਾਅ ਚੂਨੇ ਤੋਂ ਬਿਨਾਂ ਬਹਾਰ ਦੀ ਫੋਟ ਨੂੰ ਅਖੀਰ ਅਪਰੈਲ ਵਿੱਚ ਅਤੇ ਗਰਮੀਆਂ ਦੀ ਫੋਟ ਨੂੰ ਅੱਧ ਅਗਸਤ ਵਿੱਚ ਕਰੋ। ਇਹ ਛਿੜਕਾਅ ਉਦੋਂ ਕਰਨਾ ਚਾਹੀਦਾ ਹੈ ਜਦੋਂ ਭਰਪੂਰ ਪੱਤੇ ਨਿੱਕਲੇ ਹੋਣ। ਆਮ ਕਰ ਕੇ ਜ਼ਿੰਕ ਦੀ ਘਾਟ, ਬੂਟੇ ਦੇ ਚੌਥੇ ਸਾਲ, ਪਹਿਲੇ ਫਲ ਦੇ ਪਿੱਛੋਂ ਆਉਂਦੀ ਹੈ। ਇਸ ਕਰ ਕੇ ਬੂਟੇ ਨੂੰ ਤੀਜੇ ਸਾਲ ਪਿੱਛੋਂ ਹਰ ਸਾਲ ਛਿੜਕਾਅ ਕਰ ਦੇਣਾ ਚਾਹੀਦਾ ਹੈ। ਜ਼ਿੰਕ ਅਤੇ ਮੈਂਗਨੀਜ਼ ਦੀ ਘਾਟ ਦੀ ਪੂਰਤੀ ਲਈ ਜ਼ਿੰਕ ਸਲਫੇਟ (4.70 ਗ੍ਰਾਮ ਪ੍ਰਤੀ ਲਿਟਰ ਪਾਣੀ) ਅਤੇ ਮੈਂਗਨੀਜ਼ ਸਲਫੇਟ (3.30 ਗ੍ਰਾਮ ਪ੍ਰਤੀ ਲਿਟਰ ਪਾਣੀ) ਨੂੰ ਰਲਾ ਕੇ ਅਖ਼ੀਰ ਅਪਰੈਲ ਅਤੇ ਅੱਧ ਅਗਸਤ ਦੌਰਾਨ ਛਿੜਕਾਅ ਕਰੋ। ਬੋਰਡੋ ਮਿਸ਼ਰਨ ਅਤੇ ਜ਼ਿੰਕ ਸਲਫ਼ੇਟ ਮੈਂਗਨੀਜ਼ ਦੇ ਛਿੜਕਾਵਾਂ ਦਾ ਆਪਸ ਵਿੱਚ ਇੱਕ ਹਫ਼ਤੇ ਦਾ ਫ਼ਰਕ ਜ਼ਰੂਰ ਰੱਖੋ।
ਗੁਣਵੱਤਾ ਸੁਧਾਰ: ਕਿੰਨੂ ਵਿੱਚ ਝਾੜ ਅਤੇ ਫਲਾਂ ਦੀ ਗੁਣਵੱਤਾ ਸੁਧਾਰਨ ਲਈ ਇੱਕ ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ (10 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਤਿੰਨ ਵਾਰੀ, ਅਖੀਰ ਮਈ, ਜੂਨ ਅਤੇ ਜੁਲਾਈ ਵਿੱਚ ਛਿੜਕਾਅ ਕਰੋ।
*ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਤਹਿਗੜ੍ਹ ਸਾਹਿਬ।