ਵਿਸ਼ਵ ਕੱਪ ਦੀ ਮੇਜ਼ਬਾਨੀ ਤੋਂ ਖੁੰਝਣ ਵਾਲੇ ਸਥਾਨਾਂ ਨੂੰ ਘਰੇਲੂ ਸੈਸ਼ਨ ’ਚ ਮਿਲੇਗਾ ਮੌਕਾ
ਨਵੀਂ ਦਿੱਲੀ, 2 ਜੁਲਾਈ
ਭਾਰਤ ’ਚ ਇਸ ਸਾਲ ਹੋਣ ਵਾਲੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਮੇਜ਼ਬਾਨੀ ਤੋਂ ਖੁੰਝਣ ਵਾਲੇ ਸਥਾਨਾਂ ਨੂੰ ਅਗਲੇ ਘਰੇਲੂ ਸੈਸ਼ਨ ਦੌਰਾਨ ਉਨ੍ਹਾਂ ਦੀ ਵਾਰੀ ਤੋਂ ਬਗੈਰ ਵੀ 50 ਓਵਰ ਦੇ ਮੈਚਾਂ ਦੀ ਮੇਜ਼ਬਾਨੀ ਮਿਲੇਗੀ।
ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੇ ਇਹ ਸੁਝਾਅ ਰੱਖਿਆ ਹੈ ਕਿ ਵਿਸ਼ਵ ਕੱਪ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਵਾਲੀਆਂ ਥਾਵਾਂ ਘਰੇਲੂ ਸੈਸ਼ਨ ਦੌਰਾਨ ਇਕਰੋਜ਼ਾ ਕੌਮਾਂਤਰੀ ਮੁਕਾਬਲਿਆਂ ਦੀ ਮੇਜ਼ਬਾਨੀ ਦੀ ਆਪਣੀ ਵਾਰੀ ਛੱਡ ਦੇਣਗੀਆਂ ਜਿਸ ਨਾਲ ਉਨ੍ਹਾਂ ਸੂਬਾਈ ਐਸੋਸੀਏਸ਼ਨਾਂ ਦੀ ਭਰਪਾਈ ਕੀਤੀ ਜਾ ਸਕੇਗੀ ਜੋ ਇਸ ਆਈਸੀਸੀ ਟੂਰਨਾਮੈਂਟ ਦੀ ਮੇਜ਼ਬਾਨੀ ਤੋਂ ਖੁੰਝ ਗਈਆਂ ਹਨ। ਸੂਬਾਈ ਐਸੋਸੀਏਸ਼ਨਾਂ ਨੂੰ ਲਿਖੇ ਪੱਤਰ ’ਚ ਸ਼ਾਹ ਨੇ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੀ ਤਜਵੀਜ਼ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲੀਆਂ ਐਸੋਸੀਏਸ਼ਨਾਂ ਦੇ ਅਧਿਕਾਰੀਆਂ ਨੇ ਸਰਬ ਸਹਿਮਤੀ ਨਾਲ ਸਵੀਕਰ ਕੀਤੀ ਹੈ ਜਿਨ੍ਹਾਂ ਦਿੱਲੀ, ਧਰਮਸ਼ਾਲਾ, ਚੇਨੱਈ, ਕੋਲਕਾਤਾ, ਮੁੰਬਈ, ਪੁਣੇ, ਹੈਦਰਾਬਾਦ, ਅਹਿਮਦਾਬਾਦ, ਬੰਗਲੂਰੂ ਤੇ ਲਖਨੳੂ ਸ਼ਾਮਲ ਹਨ। ਵਿਸ਼ਪ ਕੱਪ ਦੌਰਾਨ ਸਿਰਫ਼ ਅਭਿਆਸ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਗੁਹਾਟੀ ਤੇ ਤਿਰੂਵਨੰਤਪੁਰਮ ਨੂੰ ਅਗਲੇ ਸੈਸ਼ਨ ’ਚ ਮੇਜ਼ਬਾਨੀ ਦਾ ਮੌਕਾ ਮਿਲੇਗਾ। ਸ਼ਾਹ ਨੇ ਇਹ ਹਫ਼ਤੇ ਦੀ ਸ਼ੁਰੂਆਤ ’ਚ ਵਿਸ਼ਵ ਕੱਪ ਦੇ ਪ੍ਰੋਗਰਾਮ ਦੇ ਐਲਾਨ ਤੋਂ ਪਹਿਲਾਂ ਸੂਬਾਈ ਐਸੋਸੀਏਸ਼ਨਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ ਸੀ। ਜ਼ਿਕਰਯੋਗ ਹੈ ਕਿ ਕ੍ਰਿਕਟ ਵਿਸ਼ਵ ਕੱਪ ਪੰਜ ਅਕਤੂਬਰ ਤੋਂ 19 ਨਵੰਬਰ ਤੱਕ ਭਾਰਤ ’ਚ ਕਰਵਾਇਆ ਜਾ ਰਿਹਾ ਹੈ। -ਪੀਟੀਆਈ