Border-Gavaskar Trophy: ਪਰਥ ਟੈਸਟ: ਭਾਰਤ ਵੱਲੋਂ ਆਸਟਰੇਲੀਆ ਨੂੰ 534 ਦੌੜਾਂ ਦਾ ਟੀਚਾ
ਪਰਥ, 24 ਨਵੰਬਰ
ਭਾਰਤ ਨੇ ਬਾਰਡਰ ਗਵਾਸਕਰ ਟਰਾਫੀ ਦੇ ਪਰਥ ’ਚ ਖੇਡੇ ਜਾ ਰਹੇ ਪਹਿਲੇ ਕ੍ਰਿਕਟ ਟੈਸਟ ਮੈਚ ’ਚ ਆਸਟਰੇਲੀਆ ਨੂੰ ਜਿੱਤ ਲਈ 534 ਦੌੜਾਂ ਦਾ ਟੀਚਾ ਦਿੱਤਾ ਹੈ। ਜਦਕਿ ਜਿੱਤ ਲਈ ਟੀੇਚੇ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 12 ਦੌੜਾਂ ’ਤੇ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ।
ਇਸ ਪਹਿਲਾਂ ਭਾਰਤ ਨੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੀਆਂ 161 ਦੌੜਾਂ ਅਤੇ ਵਿਰਾਟ ਕੋਹਲੀ ਦੇ ਸੈਂਕੜੇ (100 ਦੌੜਾਂ) ਸਦਕਾ
ਆਪਣੀ ਦੂਜੀ ਪਾਰੀ 487/6 ਦੇ ਸਕੋਰ ’ਤੇ ਐਲਾਨ ਦਿੱਤੀ। ਵਿਰਾਟ ਨੇ ਅੱਜ ਆਪਣੇ ਟੈਸਟ ਕਰੀਅਰ ਦਾ 30ਵਾਂ ਸੈਂਕੜਾ ਜੜਿਆ। ਇਸ ਟੀਚੇ ਦਾ ਪਿੱਛਾ ਕਰਦਿਆਂ ਦਿਨ ਦੀ ਖੇਡ ਖਤਮ ਹੋ ਸਮੇਂ ਆਸਟਰੇਲੀਆ ਦੀਆਂ 12 ਦੌੜਾਂ ‘ਤੇ ਤਿੰਨ ਵਿਕਟਾਂ ਡਿੱਗ ਚੁੱਕੀਆਂ ਸਨ ਅਤੇ ਉਸਮਾਨ ਖਵਾਜ਼ਾ ਤਿੰਨ ਦੌੜਾਂ ਬਣਾ ਕੇ ਨਾਬਾਦ ਸੀ।
ਇਸ ਤੋਂ ਪਹਿਲਾਂ ਲਾਬੂਸ਼ੇਨ 3 ਦੌੜਾਂ, ਕਪਤਾਨ ਪੈਟ ਕਮਿਨਜ਼ 2 ਦੌੜਾਂ ਬਣਾ ਕੇ ਤੇ ਨਾਥਨ ਮੈਕਸਵਿਨੀ ਬਿਨਾਂ ਖਾਤੇ ਖੋਲ੍ਹੇ ਪੈਵੇਲੀਅਨ ਪਰਤੇ। ਭਾਰਤੀ ਟੀਮ ਦੇ ਕਪਤਾਨ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 2 ਵਿਕਟਾਂ ਤੇ ਮੁਹੰਮਦ ਸਿਰਾਜ ਨੇ ਇਕ ਵਿਕਟ ਲਈ।
ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ਵਿਚ 150 ਦੌੜਾਂ ਬਣਾਈਆਂ ਸਨ ਜਦਕਿ ਆਸਟਰੇਲਿਆਈ ਟੀਮ 104 ਦੌੜਾਂ ’ਤੇਆਊਟ ਹੋ ਗਈ ਸੀ। ਭਾਰਤ ਵਲੋਂ ਯਸ਼ੱਸਵੀ ਜੈਸਵਾਲ ਨੇ ਅੱਜ ਸਭ ਤੋਂ ਵੱਧ 161 ਦੌੜਾਂ ਬਣਾਈਆਂ ਜਦਕਿ ਕੇ ਐਲ ਰਾਹੁਲ ਨੇ 77 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਦੀ ਪਹਿਲੀ ਵਿਕਟ 201 ਦੌੜਾਂ ’ਤੇ ਕੇ ਐਲ ਰਾਹੁਲ ਦੀ ਡਿੱਗੀ। ਇਸ ਤੋਂ ਬਾਅਦ ਦੇਵਦੱਤ ਪੱਦੀਕਲ 47 ਦੌੜਾਂ ਬਣਾ ਕੇ ਆਊਟ ਹੋਇਆ। ਉਸ ਵੇਲੇ ਭਾਰਤ ਦਾ ਸਕੋਰ 275 ਦੌੜਾਂ ਸੀ। ਇਸ ਤੋਂ ਬਾਅਦ ਭਾਰਤ ਦੀ ਤੀਜੀ ਵਿਕਟ ਯਸ਼ੱਸਵੀ ਜੈਸਵਾਲ ਦੇ ਰੂਪ ਵਿਚ ਡਿੱਗੀ ਤੇ ਭਾਰਤ ਨੇ ਤਿੰਨ ਵਿਕਟਾਂ ਦੇ ਨੁਕਸਾਨ ਨਾਲ 313 ਦੌੜਾਂ ਬਣਾ ਲਈਆਂ ਸਨ ਪਰ ਇਸ ਤੋਂ ਬਾਅਦ ਭਾਰਤ ਦੇ ਦੋ ਬੱਲੇਬਾਜ਼ ਰਿਸ਼ਭ ਪੰਤ ਤੇ ਧਰੁਵ ਜੁਰੇਲ ਇਕ-ਇੱਕ ਦੌੜ ਬਣਾ ਕੇ ਆਊਟ ਹੋ ਗਏ।