ਉਫ਼! ਇਹ ਐਪਸ...
ਅਰੁਣ ਅਰਣਵ ਖਰੇ
ਹਿੰਦੀ ਕਹਾਣੀ
ਪੁੱਤਰ ਅਤੇ ਨੂੰਹ ਨੂੰ ਕੰਪਨੀ ਛੇ ਮਹੀਨੇ ਲਈ ਜਰਮਨੀ ਭੇਜ ਰਹੀ ਸੀ। ਪੋਤਾ ਰੋਹਨ ਦਸਵੀਂ ਵਿੱਚ ਪੜ੍ਹਦਾ ਸੀ। ਇਸ ਲਈ ਉਹ ਉਨ੍ਹਾਂ ਦੇ ਨਾਲ ਨਹੀਂ ਸੀ ਜਾ ਸਕਦਾ। ਬਟੁਕ ਜੀ ਨੂੰ ਰੋਹਨ ਦੀ ਦੇਖਭਾਲ ਲਈ ਆਪਣੇ ਸ਼ਹਿਰ ਤੋਂ ਆਈਟੀ ਸਿਟੀ ਵਿੱਚ ਰਹਿਣ ਆਉਣਾ ਪਿਆ। ਉੱਥੋਂ ਦੇ ਲੋਕਾਂ ਦਾ ਰਹਿਣ-ਸਹਿਣ ਅਤੇ ਕਾਰਜ-ਸ਼ੈਲੀ ਵੇਖ ਕੇ ਬਟੁਕ ਜੀ ਹੈਰਾਨ ਰਹਿ ਗਏ। ਹਰ ਕੰਮ ਲਈ ਕਈ-ਕਈ ਐਪਸ। ਕਤਿੇ ਜਾਣ ਦੀ ਲੋੜ ਨਹੀਂ, ਘਰੇ ਬੈਠੇ ਸਾਰੇ ਕੰਮ। ਉਹ ਤਾਂ ਅਜੇ ਤੱਕ ਸਿਰਫ਼ ਇੱਕੋ ਐਪ ਬਾਰੇ ਜਾਣਦੇ ਸਨ- ਵਟਸਐਪ, ਜਿਸ ਵਿੱਚ ਉਹ ਖ਼ੁਦ ਨੂੰ ਮਾਸਟਰ ਸਮਝਦੇ ਸਨ। ਪਰ ਇੱਥੇ ਤਾਂ ਇੰਨੇ ਸਾਰੇ ਐਪ ਹਨ ਕਿ ਉਨ੍ਹਾਂ ਦੀ ਗਿਣਤੀ ਦੇ ਬਰਾਬਰ ਨਾਂ ਉਨ੍ਹਾਂ ਦੇ ਮੋਬਾਈਲ ਦੀ ਕਾਨਟੈਕਟ ਲਿਸਟ ਵਿੱਚ ਵੀ ਨਹੀਂ ਹਨ। ਸੋਸਾਇਟੀ ਵਿੱਚ ਦਾਖਲੇ ਲਈ ਐਪ, ਦੁੱਧ ਲਈ ਐਪ, ਅਖ਼ਬਾਰ ਲਈ ਐਪ, ਸਬਜ਼ੀ-ਭਾਜੀ ਲਈ ਐਪ, ਕਰਿਆਨੇ ਲਈ ਐਪ, ਖਾਣਾ ਮੰਗਵਾਉਣ ਲਈ ਐਪ, ਸਕੂਲ ਬਸ ਲਈ ਐਪ, ਘਰ ਆਉਣ ਵਾਲੇ ਮਹਿਮਾਨਾਂ ਲਈ ਐਪ, ਘਰੇ ਕੰਮ ਕਰਨ ਵਾਲੇ ਨੌਕਰਾਂ ਲਈ ਐਪ, ਭੁਗਤਾਨ ਕਰਨ ਲਈ ਐਪ, ਯਾਤਰਾ ਟਿਕਟ ਖਰੀਦਣ ਲਈ ਐਪ, ਘਰ ਨੂੰ ਤਾਲਾ ਲਾਉਣ-ਖੋਲ੍ਹਣ ਲਈ ਐਪ, ਮੋਬਾਈਲ ਰੀਚਾਰਜ ਕਰਨ ਲਈ ਐਪ, ਸਮਾਨ ਖਰੀਦਣ-ਵੇਚਣ ਲਈ ਐਪ, ਟੈਕਸੀ ਬੁਕ ਕਰਨ ਲਈ ਐਪ, ਬੈਂਕ ਤੋਂ ਅਕਾਊਂਟ ਵਿੱਚ ਪੈਸੇ ਟਰਾਂਸਫਰ ਕਰਨ ਲਈ ਐਪ, ਪਲੰਬਰ ਲਈ ਐਪ, ਏਸੀ ਸਰਵਿਸ ਲਈ ਐਪ, ਮੂਵੀ ਟਿਕਟ ਲਈ ਐਪ, ਮਨਪਸੰਦ ਗਾਣਾ ਸੁਣਨ ਲਈ ਐਪ, ਮਨੋਰੰਜਨ ਅਤੇ ਖੇਡਾਂ ਲਈ ਐਪ, ਫੋਟੋ-ਵੀਡੀਓ ਐਡੀਟਿੰਗ ਲਈ ਐਪ, ਅਖ਼ਬਾਰ ਪੜ੍ਹਨ ਲਈ ਐਪ, ਨਿਊਜ਼ ਸੁਣਨ ਲਈ ਐਪ, ਯਾਨੀ ਕਿ ਕੋਈ ਅਜਿਹਾ ਕੰਮ ਨਹੀਂ, ਜੀਹਦੇ ਲਈ ਐਪ ਮੌਜੂਦ ਨਾ ਹੋਵੇ। ਰੋਹਨ ਨੇ ਦੱਸਿਆ ਕਿ ਢਾਈ ਲੱਖ ਤੋਂ ਵੱਧ ਐਪਸ ਪਲੇਅ ਸਟੋਰ ਵਿੱਚ ਮੌਜੂਦ ਹਨ। ਇਹ ਸੁਣ ਕੇ ਹੀ ਬਟੁਕ ਜੀ ਦਾ ਸਿਰ ਚਕਰਾਉਣ ਲੱਗ ਪਿਆ। ਉਫ਼ ਏਨੀਆਂ ਐਪਸ! ਕਿਵੇਂ ਸਮਤੋਲ ਬਿਠਾ ਸਕਣਗੇ ਉਹ? ਹਰ ਕੰਮ ਲਈ ਰੋਹਨ ਨੂੰ ਪ੍ਰੇਸ਼ਾਨ ਕਰਨਾ ਪਵੇਗਾ।
ਰੋਹਨ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ, ‘‘ਦਾਦਾ ਜੀ, ਤੁਸੀਂ ਫ਼ਿਕਰ ਨਾ ਕਰੋ, ਵੀਕਐਂਡ ’ਤੇ ਮੈਂ ਤੁਹਾਡੇ ਮੋਬਾਈਲ ਵਿੱਚ ਕੰਮ ਵਾਲੀਆਂ ਸਾਰੀਆਂ ਐਪਸ ਡਾਊਨਲੋਡ ਕਰ ਦਿਆਂਗਾ ਤੇ ਤੁਹਾਨੂੰ ਸਿਖਾ ਵੀ ਦਿਆਂਗਾ।’’
ਸ਼ਨਿੱਚਰਵਾਰ ਨੂੰ ਰੋਹਨ ਨੇ ਸਭ ਤੋਂ ਪਹਿਲਾਂ ਬਟੁਕ ਜੀ ਦੇ ਮੋਬਾਈਲ ਵਿੱਚ ਮਾਈ ਗੇਟ, ਡੇਲੀ ਨਿੰਜਾ, ਬਿਗ ਬਾਸਕਿਟ, ਗ੍ਰੋਸਰਜ਼, ਫੂਡ ਪਾਂਡਾ, ਜ਼ੋਮੈਟੋ, ਸਵਿਗੀ, ਸਮਾਰਟ ਹੋਮ, ਨਾਰਥ ਸਟਾਰ ਸਕੂਲ ਬਸ ਟ੍ਰੈਕਿੰਗ, ਪੇਟੀਐਮ, ਓਲਾ, ਊਬਰ, ਕੈਂਡੀਕ੍ਰਸ਼ ਜਿਹੀਆਂ ਕਈ ਐਪਸ ਡਾਊਨਲੋਡ ਕਰ ਦਿੱਤੀਆਂ। ਤਿੰਨ ਦਿਨ ਬਟੁਕ ਜੀ ਨੂੰ ਸਿਖਾਇਆ, ਪਰ ਪਹਿਲੇ ਹੀ ਦਿਨ ਉਨ੍ਹਾਂ ਤੋਂ ਗੜਬੜ ਹੋ ਗਈ। ਡੇਲੀ ਨਿੰਜਾ ’ਤੇ ਉਨ੍ਹਾਂ ਨੇ ਆਰਗੈਨਿਕ ਮਿਲਕ ਦੀ ਥਾਂ ’ਤੇ ਆਦਤ ਅਨੁਸਾਰ ਸਭ ਤੋਂ ਸਸਤਾ ਡਬਲ ਟੋਂਡ ਦੁੱਧ ਆਰਡਰ ਕਰ ਦਿੱਤਾ। ਉਸ ਦਿਨ ਰੋਹਨ ਨੂੰ ਬਿਨਾਂ ਦੁੱਧ ਪੀਤਿਆਂ ਹੀ ਸਕੂਲ ਜਾਣਾ ਪਿਆ। ਬਟੁਕ ਜੀ ਨੂੰ ਆਪਣੀ ਗ਼ਲਤੀ ’ਤੇ ਬਹੁਤ ਪਛਤਾਵਾ ਹੋਇਆ। ਇਸ ਪਛਤਾਵੇ ਦੇ ਚੱਕਰ ਵਿੱਚ ਉਹ ਮਾਈ ਗੇਟ ਐਪ ਤੋਂ ਮਿਲੇ ਮੈਸੇਜ ਨੂੰ ਅਪਰੂਵ ਕਰਨਾ ਹੀ ਭੁੱਲ ਗਏ ਜਿਸ ਨਾਲ ਖਾਣਾ ਬਣਾਉਣ ਤੇ ਸਾਫ਼-ਸਫ਼ਾਈ ਵਾਲੀਆਂ ਨੂੰ ਸੋਸਾਇਟੀ ਦੇ ਅੰਦਰ ਹੀ ਨਹੀਂ ਆਉਣ ਦਿੱਤਾ ਗਿਆ। ਘਰ ਦੀ ਸਾਫ਼-ਸਫ਼ਾਈ ਤਾਂ ਉਨ੍ਹਾਂ ਨੇ ਨਹੀਂ ਕੀਤੀ, ਪਰ ਖਾਣਾ ਬਣਾਉਣਾ ਤਾਂ ਜ਼ਰੂਰੀ ਸੀ, ਨਹੀਂ ਤਾਂ ਸਕੂਲੋਂ ਆਉਣ ’ਤੇ ਰੋਹਨ ਕੀ ਖਾਂਦਾ। ਸ਼ਾਮ ਨੂੰ ਭਾਂਡੇ ਦੋਵਾਂ ਨੇ ਮਿਲ ਕੇ ਧੋਤੇ। ਉਹ ਬਹੁਤ ਦੁਖੀ ਸਨ, ਪਰ ਰੋਹਨ ਨੇ ਉਨ੍ਹਾਂ ਨੂੰ ਸਮਝਾਇਆ ਕਿ ਪਹਿਲਾਂ-ਪਹਿਲ ਗ਼ਲਤੀ ਹੋ ਹੀ ਜਾਂਦੀ ਹੈ।
ਦੋ ਦਿਨ ਸਭ ਠੀਕ-ਠਾਕ ਰਿਹਾ। ਤੀਜੇ ਦਿਨ ਸਕੂਲ ਜਾਣ ਤੋਂ ਪਹਿਲਾਂ ਰੋਹਨ ਉਨ੍ਹਾਂ ਨੂੰ ਸਕੂਲ ਬਸ ਕਿਵੇਂ ਟ੍ਰੈਕ ਕਰਦੇ ਹਨ, ਸਮਝਾ ਰਿਹਾ ਸੀ। ਬਟੁਕ ਜੀ ਸਕਰੀਨ ’ਤੇ ਚਲਦੀ ਬਸ ਦਾ ਚਿੱਤਰ ਅਤੇ ਸੜਕਾਂ ਦੇ ਨਾਂ ਵੇਖ ਕੇ ਹੈਰਾਨ ਸਨ। ਬਸ ਆਉਣ ਦਾ ਸਮਾਂ ਹੋ ਗਿਆ ਤਾਂ ਬਟੁਕ ਜੀ ਬੋਲੇ, ‘‘ਮੈਂ ਵੀ ਤੈਨੂੰ ਛੱਡਣ ਹੇਠਾਂ ਚਲਦਾ ਹਾਂ, ਤੇਰੀ ਬਸ ਵੀ ਵੇਖ ਲਵਾਂਗਾ।’’
ਰੋਹਨ ਨੂੰ ਵਿਦਾ ਕਰਕੇ ਬਟੁਕ ਜੀ ਉੱਪਰ ਆਏ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਦਰਵਾਜ਼ਾ ਬੰਦ ਸੀ ਤੇ ਉਨ੍ਹਾਂ ਦਾ ਮੋਬਾਈਲ ਅੰਦਰ ਹੀ ਰਹਿ ਗਿਆ ਸੀ। ਦਰਵਾਜ਼ਾ ਖੋਲ੍ਹਣ ਦੀ ਸਮਾਰਟ ਹੋਮ ਐਪ ਉਸੇ ਵਿੱਚ ਸੀ। ਰੋਹਨ ਨਾਲ ਗੱਲਾਂ ਕਰਦੇ-ਕਰਦੇ ਉਹ ਆਪਣਾ ਮੋਬਾਈਲ ਚੁੱਕਣਾ ਭੁੱਲ ਗਏ ਸਨ ਅਤੇ ਰੋਹਨ ਨੇ ਸਕੂਲ ਜਾਂਦੇ ਸਮੇਂ ਆਪਣੇ ਮੋਬਾਈਲ ਨਾਲ ਦਰਵਾਜ਼ਾ ਬੰਦ ਕਰ ਦਿੱਤਾ ਸੀ। ਹੁਣ ਕੀ ਕੀਤਾ ਜਾਏ? ਬਟੁਕ ਜੀ ਨੇ ਦਰਵਾਜ਼ਾ ਹਿਲਾ ਕੇ ਵੇਖਿਆ, ਇਹ ਟੱਸ ਤੋਂ ਮੱਸ ਨਾ ਹੋਇਆ। ਮਜਬੂਰੀ ਵਿੱਚ ਗਰਾਊਂਡ ਫਲੋਰ ’ਤੇ ਸਕਿਉਰਿਟੀ ਗਾਰਡ ਕੋਲ ਆ ਕੇ ਬਹਿ ਗਏ। ਹੁਣ ਤਿੰਨ ਵਜੇ ਤੱਕ ਰੋਹਨ ਦੇ ਆਉਣ ਦੀ ਉਡੀਕ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਜੇਬ ਵਿੱਚ ਬਟੂਆ ਵੀ ਨਹੀਂ ਸੀ। ਭੁੱਖੇ-ਤਿਹਾਏ ਬੈਠੇ ਰਹੇ। ਬਲੱਡ ਪ੍ਰੈਸ਼ਰ ਤੇ ਡਾਇਬਿਟੀਜ਼ ਦੀਆਂ ਦਵਾਈਆਂ ਵੀ ਨਹੀਂ ਲੈ ਸਕੇ। ਕੰਮ ਕਰਨ ਵਾਲੀਆਂ ਵੀ ਮੁੜ ਗਈਆਂ। ਸੋਚ ਰਹੇ ਸਨ, ਕਿੱਥੇ ਫਸਾ ਦਿੱਤਾ ਇਨ੍ਹਾਂ ਐਪਸ ਨੇ? ਰੋਹਨ ਐਤਕੀ ਜ਼ਰੂਰ ਨਾਰਾਜ਼ ਹੋਵੇਗਾ। ਕੀ ਕਹਾਂਗਾ ਉਹਨੂੰ? ਕੰਮ ਹੀ ਅਜਿਹਾ ਕੀਤਾ ਹੈ! ਉਹਨੇ ਸਮਝਾਇਆ ਵੀ ਸੀ ਕਿ ਬਿਨਾਂ ਮੋਬਾਈਲ ਤੋਂ ਕਦੇ ਬਾਹਰ ਨਹੀਂ ਜਾਣਾ।
ਰੋਹਨ ਸਮਝਦਾਰ ਨਿਕਲਿਆ। ਨਾਰਾਜ਼ ਹੋਣ ਦੀ ਥਾਂ ਦਾਦਾ ਜੀ ਨੂੰ ਹੋਈ ਤਕਲੀਫ਼ ਲਈ ਅਫ਼ਸੋਸ ਪ੍ਰਗਟ ਕਰਨ ਲੱਗਿਆ। ਸਭ ਤੋਂ ਪਹਿਲਾਂ ਉਹਨੇ ਭੁੱਖੇ-ਪਿਆਸੇ ਦਾਦਾ ਜੀ ਨੂੰ ਬ੍ਰੈੱਡ ਦੇ ਦੋ ਪੀਸ ਖੁਆਏ, ਫਿਰ ਸਵਿਗੀ ਤੋਂ ਖਾਣੇ ਦਾ ਆਰਡਰ ਕੀਤਾ। ਬਟੁਕ ਜੀ ਨੇ ਪ੍ਰਣ ਕੀਤਾ ਕਿ ਹੁਣ ਕੋਈ ਗ਼ਲਤੀ ਨਹੀਂ ਕਰਨਗੇ ਅਤੇ ਰੋਹਨ ਨੂੰ ਦੁਖੀ ਹੋਣ ਦਾ ਮੌਕਾ ਵੀ ਨਹੀਂ ਦੇਣਗੇ।
ਕੁਝ ਦਿਨ ਸਭ ਠੀਕ-ਠਾਕ ਰਿਹਾ। ਛੋਟੀਆਂ-ਮੋਟੀਆਂ ਗ਼ਲਤੀਆਂ ਤੋਂ ਬਿਨਾਂ ਬਟੁਕ ਜੀ ਨੇ ਕੋਈ ਵੱਡੀ ਗ਼ਲਤੀ ਨਹੀਂ ਕੀਤੀ। ਇਹ ਗ਼ਲਤੀਆਂ ਵੀ ਅੰਗਰੇਜ਼ੀ ਸ਼ਬਦਾਂ ਦੇ ਮਤਲਬ ਨਾ ਸਮਝਣ ਕਰਕੇ ਹੋਈਆਂ ਸਨ, ਜਿਵੇਂ ਫ਼ਲ ਦੇ ਧੋਖੇ ਵਿੱਚ ਉਨ੍ਹਾਂ ਨੇ ਬਿਗ ਬਾਸਕਿਟ ਐਪ ਤੇ ਜੈਕ ਫਰੂਟ ਦਾ ਆਰਡਰ ਕਰ ਦਿੱਤਾ ਸੀ ਅਤੇ ਜਦੋਂ ਡਿਲੀਵਰੀ ਬੁਆਏ ਕਟਹਲ ਲੈ ਕੇ ਆ ਗਿਆ ਤਾਂ ਉਸ ਨਾਲ ਝਗੜ ਪਏ। ਇਸੇ ਤਰ੍ਹਾਂ ਸਬਜ਼ੀਆਂ ਦੀ ਸੂਚੀ ਵਿੱਚ ਡਰੱਮ ਸਟਿਕ ਦਾ ਨਾਂ ਵੇਖ ਕੇ ਤ੍ਰਭਕ ਗਏ ਸਨ ਕਿ ਮਿਊਜ਼ਿਕ ਦੀਆਂ ਇਨ੍ਹਾਂ ਡੰਡੀਆਂ ਦਾ ਸਬਜ਼ੀ ਵਿੱਚ ਕੀ ਕੰਮ? ਇਹ ਗੱਲ ਉਨ੍ਹਾਂ ਨੇ ਸ਼ਾਮ ਨੂੰ ਪੋਤੇ ਨੂੰ ਦੱਸੀ ਤਾਂ ਉਹ ਬਹੁਤ ਹੱਸਿਆ ਸੀ। ਹੱਸਦੇ-ਹੱਸਦੇ ਹੀ ਉਹਨੇ ਉਨ੍ਹਾਂ ਨੂੰ ਦੱਸਿਆ, ‘‘ਦਾਦਾ ਜੀ, ਡਰੱਮ ਸਟਿਕ ਦਾ ਮਤਲਬ ਡੰਡੀਆਂ ਨਹੀਂ, ਸੁਹਾਂਜਣੇ ਦੀਆਂ ਫ਼ਲੀਆਂ ਹੈ,’’ ਤਾਂ ਉਹ ਵੀ ਠਹਾਕਾ ਮਾਰ ਕੇ ਹੱਸੇ ਸਨ। ਇਸ ਘਟਨਾ ਤੋਂ ਬਾਅਦ ਰੋਹਨ ਨੇ ਡਾਇਰੀ ਵਿੱਚ ਹਿੰਦੀ ਅਤੇ ਉਨ੍ਹਾਂ ਦੇ ਅੰਗਰੇਜ਼ੀ ਨਾਂ ਲਿਖ ਦਿੱਤੇ ਸਨ ਤਾਂ ਕਿ ਅੱਗੇ ਤੋਂ ਹਾਸਮਈ ਸਥਤਿੀ ਪੈਦਾ ਨਾ ਹੋਵੇ।
ਉਸ ਦਿਨ ਬਟੁਕ ਜੀ ਮੂਡ ਵਿੱਚ ਸਨ ਅਤੇ ਰੋਹਨ ਨੂੰ ਸਕੂਲ ਦੇ ਦਿਨਾਂ ਦੇ ਕਿੱਸੇ ਸੁਣਾ ਰਹੇ ਸਨ ਕਿ ਕਿਸ ਤਰ੍ਹਾਂ ਕਲਾਸ ’ਚੋਂ ਬੰਕ ਮਾਰ ਕੇ ਉਹ ਅਤੇ ਉਨ੍ਹਾਂ ਦਾ ਦੋਸਤ ਅਸ਼ਰਫ਼ ਕੁਮਕੁਮ ਟਾਕੀਜ਼ ਵਿੱਚ ਮੈਟਿਨੀ ਸ਼ੋਅ ਵੇਖਿਆ ਕਰਦੇ ਸਨ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਰੋਹਨ ਨੇ ਅਗਲੇ ਸ਼ਨਿੱਚਰਵਾਰ ਫਿਲਮ ਵੇਖਣ ਦਾ ਪ੍ਰੋਗਰਾਮ ਬਣਾ ਲਿਆ ਅਤੇ ਬੁਕ ਮਾਈ ਸ਼ੋਅ ਐਪ ਰਾਹੀਂ ਟਿਕਟਾਂ ਵੀ ਬੁਕ ਕਰਵਾ ਲਈਆਂ। ਸਬੱਬ ਨਾਲ ਸ਼ਨੀਵਾਰ ਨੂੰ ਰੋਹਨ ਦੇ ਕਿਸੇ ਦੋਸਤ ਦਾ ਜਨਮਦਿਨ ਸੀ। ਦੋਸਤ ਨੇ ਉਹਨੂੰ ਤੇ ਕੁਝ ਹੋਰ ਦੋਸਤਾਂ ਨੂੰ ਲੰਚ ’ਤੇ ਸੱਦਿਆ ਸੀ। ਸੋ ਫ਼ੈਸਲਾ ਹੋਇਆ ਕਿ ਲੰਚ ਪਿੱਛੋਂ ਰੋਹਨ ਸਿੱਧਾ ਸਿਟੀ ਮਾਲ ਵਿੱਚ ਥੀਏਟਰ ਦੇ ਸਾਹਮਣੇ ਮਿਲੇਗਾ ਅਤੇ ਦਾਦਾ ਜੀ ਓਲਾ ਕਰਕੇ ਓਥੇ ਤਿੰਨ ਵਜੇ ਤੱਕ ਪਹੁੰਚ ਜਾਣਗੇ। ਬਟੁਕ ਜੀ ਨੇ ਟੈਕਸੀ ਬੁਕ ਕਰਨ ਲਈ ਐਪ ਖੋਲ੍ਹੀ ਤਾਂ ਸਕਰੀਨ ਤੇ ਦੋ ਮਿੰਟ ਵਿੱਚ ਮਿੰਨੀ ਟੈਕਸੀ ਪਹੁੰਚਣ ਬਾਰੇ ਪਤਾ ਲੱਗਿਆ। ਉਨ੍ਹਾਂ ਨੇ ਝੱਟ ਟੈਕਸੀ ਬੁਕ ਕੀਤੀ ਅਤੇ ਹੇਠਾਂ ਆ ਗਏ। ਇਸ ਪਿੱਛੋਂ ਐਪ ਤੇ ਪੰਦਰਾਂ ਮਿੰਟ ਵਿੱਚ ਟੈਕਸੀ ਪਹੁੰਚਣ ਦਾ ਮੈਸੇਜ ਆਇਆ। ਪੰਦਰਾਂ ਮਿੰਟ ਬੀਤ ਗਏ ਪਰ ਟੈਕਸੀ ਨਾ ਆਈ ਤਾਂ ਡਰਾਈਵਰ ਨੂੰ ਫੋਨ ਕੀਤਾ। ਉਧਰੋਂ ਆਵਾਜ਼ ਆਈ, ‘‘ਤੁਸੀਂ ਕੈਸ਼ ਪੇਮੈਂਟ ਕਰੋਗੇ ਜਾਂ ਓਲਾ ਮਨੀ ਰਾਹੀਂ?’’
ਬਟੁਕ ਜੀ ਨੇ ਜਿਉਂ ਹੀ ਕਿਹਾ ‘ਓਲਾ ਮਨੀ ਰਾਹੀਂ’ ਤਾਂ ਡਰਾਈਵਰ ਨੇ ਕਿਹਾ, ‘‘ਮੈਂ ਏਥੇ ਟ੍ਰੈਫ਼ਿਕ ਵਿੱਚ ਫਸ ਗਿਆ ਹਾਂ। ਤੁਸੀਂ ਰਾਈਡ ਕੈਂਸਲ ਕਰ ਕੇ ਹੋਰ ਟੈਕਸੀ ਬੁਕ ਕਰ ਲਓ।’’
ਬਟੁਕ ਜੀ ਨੇ ਜਿਉਂ ਹੀ ਰਾਈਡ ਕੈਂਸਲ ਕੀਤੀ, ਉਨ੍ਹਾਂ ਦੇ ਮੋਬਾਈਲ ’ਤੇ ਚਾਲੀ ਰੁਪਏ ਅਗਲੀ ਰਾਈਡ ਵਿੱਚ ਕੈਂਸਲੇਸ਼ਨ ਚਾਰਜ ਜੁੜ ਕੇ ਆਉਣ ਦਾ ਮੈਸੇਜ ਆਇਆ। ਇਹ ਵੇਖ ਕੇ ਉਨ੍ਹਾਂ ਨੂੰ ਆਪਣੀ ਨਾਸਮਝੀ ’ਤੇ ਗੁੱਸਾ ਆਇਆ। ਦੁਬਾਰਾ ਟੈਕਸੀ ਬੁਕ ਕਰਨ ਦੀ ਹਿੰਮਤ ਨਾ ਹੋਈ। ਦਸ ਮਿੰਟ ਪਿੱਛੋਂ ਉਨ੍ਹਾਂ ਨੂੰ ਇੱਕ ਖਾਲੀ ਆਟੋ ਆਉਂਦਾ ਦਿਸਿਆ ਤਾਂ ਉਸ ਵਿੱਚ ਬੈਠ ਕੇ ਸਿਟੀ ਮਾਲ ਪਹੁੰਚੇ। ਫਿਲਮ ਸ਼ੁਰੂ ਹੋਇਆਂ ਅੱਧਾ ਘੰਟਾ ਹੋ ਗਿਆ ਸੀ। ਫਿਲਮ ਵੇਖਦਿਆਂ ਸਾਰਾ ਸਮਾਂ ਉਨ੍ਹਾਂ ਦਾ ਮੂਡ ਉਖੜਿਆ ਰਿਹਾ। ਦਾਦਾ ਜੀ ਨੂੰ ਨਿਰਾਸ਼ ਵੇਖ ਕੇ ਰੋਹਨ ਦਾ ਵੀ ਮਨ ਫਿਲਮ ਵੇਖਣ ਵਿੱਚ ਨਹੀਂ ਲੱਗਿਆ।
ਘਰ ਆ ਕੇ ਰੋਹਨ ਨੇ ਡਰਾਈਵਰ ਦੀ ਚਲਾਕੀ ਦੀ ਸ਼ਿਕਾਇਤ ਕਰ ਕੇ ਕੈਂਸਲੇਸ਼ਨ ਚਾਰਜ ਤਾਂ ਵੇਵ ਆਫ ਕਰਵਾ ਦਿੱਤਾ, ਪਰ ਬਟੁਕ ਜੀ ਦਾ ਮਨ ਅਸ਼ਾਂਤ ਹੀ ਬਣਿਆ ਰਿਹਾ। ਵਾਰ-ਵਾਰ ਉਨ੍ਹਾਂ ਦੇ ਮਨ ਵਿੱਚ ਇੱਕ ਹੀ ਖ਼ਿਆਲ ਆ ਰਿਹਾ ਸੀ, ਹੁਣ ਨਹੀਂ ਪੈਣਾ ਐਪਸ ਦੇ ਚੱਕਰ ਵਿੱਚ, ਨਹੀਂ ਬਣਨਾ ਹਾਈ-ਟੈੱਕ। ਮੈਂ ਜਿਹੋ ਜਿਹਾ ਸੀ, ਉਹੋ ਜਿਹਾ ਹੀ ਚੰਗਾ ਹਾਂ।
- ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015