‘ਚੰਦੂ ਚੈਂਪੀਅਨ’ ਮਗਰੋਂ ਮੇਰੇ ’ਚ ਕਾਫ਼ੀ ਬਦਲਾਅ ਆਇਆ: ਆਰੀਅਨ
ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੇ ਫਿਲਮ ‘ਚੰਦੂ ਚੈਂਪੀਅਨ’ ਦੀ ਰਿਲੀਜ਼ ਦਾ ਇਕ ਸਾਲ ਪੂਰਾ ਹੋਣ ’ਤੇ ਕਿਹਾ ਕਿ ਇਹ ਫਿਲਮ ਉਸ ਦੇ ਦਿਲ ’ਚ ਹਮੇਸ਼ਾ ਖਾਸ ਜਗ੍ਹਾ ਰੱਖੇਗੀ। ਕਬੀਰ ਖਾਨ ਵੱਲੋਂ ਨਿਰਦੇਸ਼ਿਤ ਇਹ ਫਿਲਮ 14 ਜੂਨ 2024 ਵਿੱਚ ਰਿਲੀਜ਼ ਹੋਈ ਸੀ। ਕਬੀਰ ਖਾਨ ਨੂੰ ‘ਏਕ ਥਾ ਟਾਈਗਰ’, ‘ਬਜਰੰਗੀ ਭਾਈਜਾਨ’, ‘83’ ਅਤੇ ਕਾਬੁਲ ਐਕਸਪ੍ਰੈੱਸ ਦੇ ਨਿਰਦੇਸ਼ਨ ਲਈ ਵੀ ਜਾਣਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ‘ਚੰਦੂ ਚੈਂਪੀਅਨ’ ਵਿੱਚ ਕਾਰਤਿਕ ਆਰੀਅਨ ਨੇ ਭਾਰਤ ਦੇ ਪਹਿਲੇ ਪੈਰਾਲੰਪਿਕ ਸੋਨ ਤਗ਼ਮਾ ਜੇਤੂ ਮੁਰਲੀਕਾਂਤ ਪੇਟਕਰ ਦੀ ਭੂਮਿਕਾ ਨਿਭਾਈ ਸੀ। ਆਰੀਅਨ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ। ਅਦਾਕਾਰ ਨੇ ਕਿਹਾ ਕਿ ਫਿਲਮ ਨੇ ਉਸ ’ਚ ਮਾਨਸਿਕ ਤੇ ਸਰੀਰਕ ਤੌਰ ’ਤੇ ਤਬਦੀਲੀ ਲਿਆਂਦੀ ਹੈ। ਉਸ ਨੇ ਕਿਹਾ, ‘‘ਚੰਦੂ ਚੈਂਪੀਅਨ ਹਮੇਸ਼ਾ ਉਸ ਦੇ ਦਿਲ ’ਚ ਵਿਸ਼ੇਸ਼ ਜਗ੍ਹਾ ਰੱਖੇਗੀ। ਸਿਰਫ਼ ਇਸ ਲਈ ਨਹੀਂ ਕਿ ਇਸ ਨੇ ਭਾਰਤ ਅਤੇ ਵਿਸ਼ਵ ਪੱਧਰ ਦੇ ਮੰਚਾਂ ’ਤੇ ਇੰਨੀ ਪ੍ਰਸ਼ੰਸਾ, ਸਨਮਾਨ ਤੇ ਬੇਅੰਤ ਪਿਆਰ ਹਾਸਲ ਕੀਤਾ ਹੈ, ਸਗੋਂ ਇਸ ਲਈ ਕਿ ਮੈਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਹਮੇਸ਼ਾ ਬਦਲ ਦਿੱਤਾ ਹੈ।’’ ਆਰੀਅਨ ਨੇ ਕਿਹਾ, ‘‘ਵੱਡੇ ਪਰਦੇ ’ਤੇ ਭਾਰਤ ਦੇ ਪਹਿਲੇ ਪੈਰਾਲੰਪਿਕ ਸੋਨ ਤਗ਼ਮਾ ਜੇਤੂ ਪਦਮਸ੍ਰੀ ਮੁਰਲੀਕਾਂਤ ਪੇਟਕਰ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਜ਼ਿੰਦਗੀ ਦੀਆਂ ਸਨਮਾਨ ਭਰੀਆਂ ਪ੍ਰਾਪਤੀਆਂ ’ਚੋਂ ਇਕ ਹੈ। ਮੈਨੂੰ ਉਮੀਦ ਹੈ ਕਿ ਚੈਂਪੀਅਨ ਬਣਨ ਦਾ ਇਹ ਸਫ਼ਰ ਕਦੇ ਨਹੀਂ ਰੁਕੇਗਾ। ਇਸ ਫਿਲਮ ਵਿੱਚ ਮੇਰੇ ’ਤੇ ਭਰੋਸਾ ਕਰਨ ਲਈ ਕਬੀਰ ਸਰ ਅਤੇ ਸਈਦ ਸਰ ਦਾ ਸ਼ੁਕਰੀਆ।’’ ਅਦਾਕਾਰ ਨੇ ਕਿਹਾ, ‘‘ਮੇਰੇ ਹਰ ਫ਼ੈਸਲੇ ਵਿੱਚ ਹਮੇਸ਼ਾ ਮੇਰੇ ਨਾਲ ਖੜ੍ਹਨ ਲਈ ਦਰਸ਼ਕਾਂ ਦਾ ਦਿਲੋਂ ਧੰਨਵਾਦ।’’ ਆਰੀਅਨ ਨੇ ਦੱਸਿਆ ਕਿ ਇਹ ਫਿਲਮ ਸ਼ੰਘਾਈ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ 27ਵੇਂ ਐਡੀਸ਼ਨ ਲਈ ਚੁਣੀ ਗਈ ਹੈ। -ਪੀਟੀਆਈ