ਫਗਵਾੜਾ: ਕਾਂਗਰਸ ਦੇ ਦੋ ਸਾਬਕਾ ਕੌਂਸਲਰ ‘ਆਪ’ ਵਿੱਚ ਸ਼ਾਮਿਲ
ਜਸਬੀਰ ਚਾਨਾ
ਫਗਵਾੜਾ, 3 ਦਸੰਬਰ
ਕਾਂਗਰਸ ਨੂੰ ਅੱਜ ਇੱਥੇ ਉਸ ਸਮੇਂ ਝਟਕਾ ਲੱਗਾ ਜਦੋਂ ਕਾਂਗਰਸ ਦੇ ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸੋਤ ਤੇ ਅਮਰਜੀਤ ਪੀਪਾਰੰਗੀ ਸਮੇਤ ਕਈ ਹੋਰ ਸਾਥੀਆਂ ਨੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਇਹ ਐਲਾਨ ਉਨ੍ਹਾਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੀ ਅਗਵਾਈ ਹੇਠ ਕੇਜੀ ਰਿਜ਼ੋਰਟ ’ਚ ਰੱਖੇ ਸਮਾਗਮ ਦੌਰਾਨ ਕੀਤਾ। ਇਸ ਮੌਕੇ ਹਰਜੀ ਮਾਨ ਸਮੇਤ ਕਈ ਆਗੂਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ।
ਦਰਸ਼ਨ ਲਾਲ ਨੇ ਭਰੋਸਾ ਦਿੱਤਾ ਕਿ ਉਹ ਪੂਰੀ ਤਨਦੇਹੀ ਨਾਲ ਫਗਵਾੜਾ ਵਿੱਚ ਆਪ ਦੀ ਨਗਰ ਨਿਗਮ ਸਥਾਪਿਤ ਕਰਨ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਇਹ ਪਾਰਟੀ ਗੁਆਰ ਭਾਈਚਾਰੇ ਦੇ ਵਿਕਾਸ ਲਈ ਕੰਮ ਕਰੇਗੀ ਤੇ ਮੁਹੱਲਾ ਧਰਮਕੋਟ ਦੇ ਸਰਬਪੱਖੀ ਵਿਕਾਸ ਲਈ ਵੀ ਕੰਮ ਕਰੇਗੀ ਜਿਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਪਾਰਟੀ ’ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ।
ਇਸ ਮੌਕੇ ਆਪ ਬੁਲਾਰਾ ਪੰਜਾਬ ਹਰਜੀ ਮਾਨ, ਦਲਜੀਤ ਰਾਜੂ ਸੀਨੀਅਰ ਆਪ ਆਗੂ, ਵਰੁਨ ਬੰਗੜ, ਗੁਰਦੀਪ ਦੀਪਾ ਸਮੇਤ ਕਈ ਆਗੂ ਸ਼ਾਮਿਲ ਸਨ।
ਭਾਜਪਾ ਦਾ ਜ਼ਿਲ੍ਹਾ ਮੀਤ ਪ੍ਰਧਾਨ ‘ਆਪ’ ਵਿੱਚ ਸ਼ਾਮਲ
ਜਲੰਧਰ (ਪੱਤਰ ਪ੍ਰੇਰਕ):
ਭਾਰਤੀ ਜਨਤਾ ਪਾਰਟੀ ਜਲੰਧਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਅੱਜ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਹੋ ਗਏ ਹਨ। ਜਲੰਧਰ ਦੀ ਮਸ਼ਹੂਰ ਧਾਰਮਿਕ ਸ਼ਖਸੀਅਤ ਅਤੇ ਐਂਗਲੀਕਨ ਚਰਚ ਦੇ ਫਾਦਰ ਗੌਰਵ ਮਸੀਹ ਵੀ ਮੰਗਲਵਾਰ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਇਨ੍ਹਾਂ ਤੋਂ ਇਲਾਵਾ ਪਿੰਡ ਸੋਫੀ ਦੇ ਸਾਬਕਾ ਸਰਪੰਚ ਸੁਰਿੰਦਰ ਸਾਂਪਲਾ ਵੀ ‘ਆਪ’ ਵਿੱਚ ਸ਼ਾਮਲ ਹੋਏ। ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਸਮੀ ਤੌਰ ’ਤੇ ਸਾਰੇ ਆਗੂਆਂ ਨੂੰ ਪਾਰਟੀ ’ਚ ਸ਼ਾਮਿਲ ਕਰਕੇ ’ਆਪ’ ਪਰਿਵਾਰ ’ਚ ਸਵਾਗਤ ਕੀਤਾ।