For the best experience, open
https://m.punjabitribuneonline.com
on your mobile browser.
Advertisement

ਪੇਜ਼ੇਸ਼ਕੀਅਨ ਬਣੇ ਇਰਾਨ ਦੇ ਨਵੇਂ ਰਾਸ਼ਟਰਪਤੀ

06:05 AM Jul 07, 2024 IST
ਪੇਜ਼ੇਸ਼ਕੀਅਨ ਬਣੇ ਇਰਾਨ ਦੇ ਨਵੇਂ ਰਾਸ਼ਟਰਪਤੀ
Advertisement

ਦੁਬਈ, 6 ਜੁਲਾਈ
ਸੁਧਾਰਵਾਦੀ ਆਗੂ ਮਸੂਦ ਪੇਜ਼ੇਸ਼ਕੀਅਨ ਆਪਣੇ ਵਿਰੋਧੀ ਕੱਟੜਵਾਦੀ ਆਗੂ ਸਈਦ ਜਲੀਲੀ ਨੂੰ ਹਰਾ ਕੇ ਇਰਾਨ ਦੇ ਨਵੇਂ ਰਾਸ਼ਟਰਪਤੀ ਬਣ ਗਏ ਹਨ। ਪੇਜ਼ੇਸ਼ਕੀਅਨ ਨੇ ਆਰਥਿਕ ਪਾਬੰਦੀਆਂ ਦੇ ਵਿਚਕਾਰ ਇਰਾਨ ਦੇ ਪੱਛਮੀ ਮੁਲਕਾਂ ਨਾਲ ਸਬੰਧਾਂ ਨੂੰ ਸੁਧਾਰਨ ਅਤੇ ਦੇਸ਼ ਦੇ ਲਾਜ਼ਮੀ ਹਿਜਾਬ ਕਾਨੂੰਨ ਵਿੱਚ ਢਿੱਲ ਦੇਣ ਦਾ ਵਾਅਦਾ ਕੀਤਾ ਹੈ। ਪੇਸ਼ੇ ਵਜੋਂ ਦਿਲ ਦੇ ਰੋਗਾਂ ਦੇ ਸਰਜਨ ਪੇਜ਼ੇਸ਼ਕੀਅਨ ਨੇ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਇਰਾਨ ਦੀ ਸ਼ੀਆ ਸ਼ਾਸਨ ਪ੍ਰਣਾਲੀ ਵਿੱਚ ਕੋਈ ਬੁਨਿਆਦੀ ਤਬਦੀਲੀਆਂ ਨਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਦੇਸ਼ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਮੇਨੇਈ ਦੇ ਸਾਰੇ ਫ਼ੈਸਲਿਆਂ ਨੂੰ ਮੰਨੇਗਾ। ਮਈ ’ਚ ਇਬਰਾਹਿਮ ਰਈਸੀ ਦੇ ਹੈਲੀਕਾਪਟਰ ਹਾਦਸੇ ’ਚ ਮਾਰੇ ਜਾਣ ਕਾਰਨ ਰਾਸ਼ਟਰਪਤੀ ਚੋਣ ਕਰਾਉਣੀ ਪਈ ਹੈ। ਪੇਜ਼ੇਸ਼ਕੀਅਨ ਅਤੇ ਜਲੀਲੀ ਵਿਚਕਾਰ ਸਿੱਧੇ ਮੁਕਾਬਲੇ ਲਈ ਸ਼ੁੱਕਰਵਾਰ ਨੂੰ ਵੋਟਾਂ ਪਈਆਂ ਸਨ। ਪੇਜ਼ੇਸ਼ਕੀਅਨ ਨੂੰ 1.63 ਕਰੋੜ ਵੋਟਾਂ ਨਾਲ ਜੇਤੂ ਐਲਾਨਿਆ ਗਿਆ ਜਦੋਂ ਕਿ ਜਲੀਲੀ ਨੂੰ 1.35 ਕਰੋੜ ਵੋਟਾਂ ਮਿਲੀਆਂ। ਇਰਾਨ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਕੁੱਲ ਤਿੰਨ ਕਰੋੜ ਲੋਕਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਸੀ। ਜਿਵੇਂ ਹੀ ਪੇਜ਼ੇਸ਼ਕੀਅਨ ਨੇ ਜਲੀਲੀ ’ਤੇ ਆਪਣੀ ਲੀਡ ਬਣਾਈ ਤਾਂ ਉਸ ਦੇ ਸਮਰਥਕ ਜਸ਼ਨ ਮਨਾਉਣ ਲਈ ਤਹਿਰਾਨ ਅਤੇ ਹੋਰ ਸ਼ਹਿਰਾਂ ਵਿੱਚ ਸੜਕਾਂ ’ਤੇ ਆ ਗਏ। ਇਹ ਚੋਣਾਂ ਅਜਿਹੇ ਸਮੇਂ ’ਚ ਹੋਈਆਂ ਹਨ ਜਦੋਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਕਾਰਨ ਪੱਛਮੀ ਏਸ਼ੀਆ ’ਚ ਤਣਾਅ ਦਾ ਮਾਹੌਲ ਹੈ ਅਤੇ ਇਰਾਨ ਵੱਲੋਂ ਪਰਮਾਣੂ ਹਥਿਆਰ ਬਣਾਉਣ ਦੀਆਂ ਕੋਸ਼ਿਸ਼ਾਂ ਦਰਮਿਆਨ ਉਸ ਦੇ ਪੱਛਮੀ ਮੁਲਕਾਂ ਨਾਲ ਸਬੰਧ ਵਿਗੜੇ ਹੋਏ ਹਨ। ਪੇਜ਼ੇਸ਼ਕੀਅਨ ਨੇ ‘ਐਕਸ’ ’ਤੇ ਪਾਈ ਪੋਸਟ ’ਚ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਉਨ੍ਹਾਂ ਕਿਹਾ ਕਿ ਅੱਗੇ ਦਾ ਮੁਸ਼ਕਲ ਰਾਹ ਲੋਕਾਂ ਦੇ ਸਹਿਯੋਗ, ਸਮਰਥਨ ਅਤੇ ਵਿਸ਼ਵਾਸ ’ਤੇ ਨਿਰਭਰ ਕਰੇਗਾ। ਉਨ੍ਹਾਂ ਅਹਿਦ ਲਿਆ ਕਿ ਉਹ ਇਰਾਨ ਦੇ ਲੋਕਾਂ ਨੂੰ ਇਕੱਲੇ ਨਹੀਂ ਛੱਡਣਗੇ। -ਏਪੀ

Advertisement

ਮੋਦੀ ਨੇ ਪੇਜ਼ੇਸ਼ਕੀਅਨ ਨੂੰ ਵਧਾਈ ਦਿੱਤੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਨ ਦਾ ਰਾਸ਼ਟਰਪਤੀ ਬਣਨ ’ਤੇ ਮਸੂਦ ਪੇਜ਼ੇਸ਼ਕੀਅਨ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਐਕਸ ’ਤੇ ਪੋਸਟ ’ਚ ਆਸ ਜਤਾਈ ਕਿ ਉਹ ਖ਼ਿੱਤੇ ਅਤੇ ਭਾਰਤ-ਇਰਾਨ ਦੇ ਲੋਕਾਂ ਦੀ ਭਲਾਈ ਲਈ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਰਲ ਕੇ ਕੰਮ ਕਰਨ ਨੂੰ ਤਰਜੀਹ ਦੇਣਗੇ। -ਪੀਟੀਆਈ

Advertisement
Author Image

sanam grng

View all posts

Advertisement
Advertisement
×