ਬਰਿੱਕਸ ਸੰਮੇਲਨ: ਮੋਦੀ ਨੇ ਅਤਿਵਾਦ ਖ਼ਿਲਾਫ਼ ਇਕਮਤ ਹੋ ਕੇ ਲੜਨ ’ਤੇ ਦਿੱਤਾ ਜ਼ੋਰ
ਕਜ਼ਾਨ (ਰੂਸ), 23 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤਿਵਾਦ ਖ਼ਿਲਾਫ਼ ਲੜਨ ਵਿੱਚ ਸਾਰਿਆਂ ਦੇ ਇਕਮਤ ਹੋ ਕੇ ਦ੍ਰਿੜ੍ਹਤਾ ਨਾਲ ਸਹਿਯੋਗ ਕਰਨ ਦੀ ਜ਼ੋਰਦਾਰ ਵਕਾਲਤ ਕਰਦਿਆਂ ਅੱਜ ਕਿਹਾ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੈ।
ਮੋਦੀ ਨੇ ਇੱਥੇ 16ਵੇਂ ਬਰਿੱਕਸ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਵਿੱਚ ਕੱਟੜਵਾਦ ਨੂੰ ਰੋਕਣ ਲਈ ਸਾਨੂੰ ਸਰਗਰਮ ਤੌਰ ’ਤੇ ਕਦਮ ਚੁੱਕਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਇਰਾਨ ਦੇ ਮਸੂਦ ਪੇਜੇਸ਼ਕੀਅਨ ਸਮੇਤ ਬ੍ਰਿਕਸ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਵਿੱਚ ਇਹ ਗੱਲ ਕਹੀ। ਮੋਦੀ ਨੇ ਕਿਹਾ, ‘‘ਅਤਿਵਾਦ ਅਤੇ ਇਸ ਦੀ ਫੰਡਿੰਗ ਨਾਲ ਨਜਿੱਠਣ ਲਈ ਸਾਨੂੰ ਸਾਰਿਆਂ ਨੂੰ ਇਕਮੱਤ ਹੋ ਕੇ ਦ੍ਰਿੜ੍ਹਤਾ ਨਾਲ ਸਹਿਯੋਗ ਕਰਨਾ ਹੋਵੇਗਾ।’’
ਮੋਦੀ ਦੀ ਅਤਿਵਾਦ ਨਾਲ ਨਜਿੱਠਣ ਵਾਸਤੇ ‘ਦੋਹਰੇ ਮਾਪਦੰਡਾਂ’ ਲਈ ਕੋਈ ਥਾਂ ਨਹੀਂ ਹੈ, ਵਾਲੀ ਟਿੱਪਣੀ ਇਸ ਲਈ ਮਾਅਨੇ ਰੱਖਦੀ ਹੈ ਕਿਉਂਕਿ ਚੀਨ ਨੇ ਪਾਕਿਸਤਾਨ ਅਤਿਵਾਦੀਆਂ ਨੂੰ ਨੋਟੀਫਾਈ ਕਰਨ ਸਬੰਧੀ ਕਈ ਮਤਿਆਂ ਨੂੰ ਸੰਯੁਕਤ ਰਾਸ਼ਟਰ ਵਿੱਚ ਰੋਕ ਦਿੱਤਾ ਸੀ।
ਇਸ ਦੌਰਾਨ ਬਰਿੱਕਸ ਸੰਮੇਲਨ ਤੋਂ ਵੱਖਰੇ ਤੌਰ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੀ ਗੱਲਬਾਤ ਕੀਤੀ। ਇਹ ਗੱਲਬਾਤ ਅਜਿਹੇ ਸਮੇਂ ਹੋਈ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਭਾਰਤ ਤੇ ਚੀਨ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਨਏਸੀ) ’ਤੇ ਆਪਣੀਆਂ ਫੌਜਾਂ ਵੱਲੋਂ ਗਸ਼ਤ ਕਰਨ ਦੇ ਸਮਝੌਤੇ ਉੱਤੇ ਸਹਿਮਤੀ ਪ੍ਰਗਟਾਈ ਸੀ। -ਪੀਟੀਆਈ
ਬਰਿੱਕਸ ਮੁਲਕ ਵਪਾਰ ਅਤੇ ਵਿੱਤੀ ਲੈਣ-ਦੇਣ ਸਥਾਨਕ ਕਰੰਸੀਆਂ ’ਚ ਕਰਨ ’ਤੇ ਸਹਿਮਤ
ਕਜ਼ਾਨ: ਬਰਿੱਕਸ ਮੁਲਕਾਂ ਨੇ ਅੱਜ ਕਾਰੋਬਾਰ ਅਤੇ ਵਿੱਤੀ ਲੈਣ-ਦੇਣ ਸਥਾਨਕ ਕਰੰਸੀਆਂ ’ਚ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ ਹੈ। ਆਗੂਆਂ ਨੇ ਸਾਂਝੇ ਤੌਰ ’ਤੇ ਨਿਊ ਡਿਵੈਲਪਮੈਂਟ ਬੈਂਕ ਵਿਕਸਤ ਕਰਨ ’ਤੇ ਵੀ ਸਹਿਮਤੀ ਜਤਾਈ ਅਤੇ ਬਰਿੱਕਸ ਦੀ ਅਗਵਾਈ ਹੇਠਲੇ ਬੈਂਕ ਦੀ ਮੈਂਬਰਸ਼ਿਪ ਵਧਾਉਣ ਦੀ ਹਮਾਇਤ ਕੀਤੀ। ਸਿਖਰ ਸੰਮੇਲਨ ਮਗਰੋਂ ਜਾਰੀ ਐਲਾਨਨਾਮੇ ’ਚ ਆਗੂਆਂ ਨੇ ਬਰਿੱਕਸ ਅੰਦਰ ਵਿੱਤੀ ਸਹਿਯੋਗ ਵਧਾਉਣ ਪ੍ਰਤੀ ਵਚਨਬੱਧਤਾ ਦੁਹਰਾਈ। ਐਲਾਨਨਾਮੇ ’ਚ ਕਿਹਾ ਗਿਆ ਹੈ ਕਿ ਉਹ ਵਪਾਰ ਦੇ ਅੜਿੱਕੇ ਘਟਾਉਣ ਅਤੇ ਬਿਨਾਂ ਪੱਖਪਾਤ ਪਹੁੰਚ ਦੇ ਸਿਧਾਂਤ ਉੱਤੇ ਤਿਆਰ ਸੁਰੱਖਿਅਤ ਅਤੇ ਸਰਹੱਦ ਪਾਰ ਭੁਗਤਾਨ ਉਤਪਾਦਾਂ ਦੇ ਵੱਡੇ ਲਾਭ ਨੂੰ ਸਮਝਦੇ ਹਨ। -ਪੀਟੀਆਈ