For the best experience, open
https://m.punjabitribuneonline.com
on your mobile browser.
Advertisement

ਸਪੀਕਰ ਦੇ ਫ਼ੈਸਲੇ ਖ਼ਿਲਾਫ਼ ਊਧਵ ਧੜੇ ਵੱਲੋਂ ਸੁਪਰੀਮ ਕੋਰਟ ’ਚ ਪਟੀਸ਼ਨ

07:03 AM Jan 16, 2024 IST
ਸਪੀਕਰ ਦੇ ਫ਼ੈਸਲੇ ਖ਼ਿਲਾਫ਼ ਊਧਵ ਧੜੇ ਵੱਲੋਂ ਸੁਪਰੀਮ ਕੋਰਟ ’ਚ ਪਟੀਸ਼ਨ
Advertisement

ਨਵੀਂ ਦਿੱਲੀ: ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੇ ਸ਼ਿਵ ਸੈਨਾ ਦੇ ਧੜੇ ਨੂੰ ‘ਅਸਲ ਸਿਆਸੀ ਪਾਰਟੀ’ ਐਲਾਨੇ ਜਾਣ ਦੇ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਦੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਸ਼ਿਵ ਸੈਨਾ ਦੇ ਊਧਵ ਠਾਕਰੇ ਗੁੱਟ ਨੇ ਸੋਮਵਾਰ ਨੂੰ ਸੁਪਰੀਮ ਕੋਰਟ ’ਚ ਅਰਜ਼ੀ ਦਾਖ਼ਲ ਕੀਤੀ ਹੈ। ਇਸੇ ਦੌਰਾਨ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ ਨੇ ਵਿਧਾਨ ਸਭਾ ਸਪੀਕਰ ਵੱਲੋਂ ਊਧਵ ਠਾਕਰੇ ਧੜੇ ਦੇ 14 ਵਿਧਾਇਕਾਂ ਨੂੰ ਅਯੋਗ ਨਾ ਠਹਿਰਾਉਣ ਦੇ ਫ਼ੈਸਲੇ ਨੂੰ ਬੰਬੇ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। ਸਪੀਕਰ ਨੇ ਸ਼ਿੰਦੇ ਸਮੇਤ ਹਾਕਮ ਧਿਰ ਦੇ 16 ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਠਾਕਰੇ ਧੜੇ ਦੀ ਅਰਜ਼ੀ ਵੀ ਖਾਰਜ ਕਰ ਦਿੱਤੀ ਸੀ। ਅਯੋਗਤਾ ਪਟੀਸ਼ਨਾਂ ’ਤੇ ਆਪਣੇ ਫ਼ੈਸਲੇ ’ਚ 10 ਜਨਵਰੀ ਨੂੰ ਸਪੀਕਰ ਨੇ ਵਿਰੋਧੀ ਧੜਿਆਂ ਦੇ ਕਿਸੇ ਵੀ ਵਿਧਾਇਕ ਨੂੰ ਅਯੋਗ ਨਹੀਂ ਠਹਿਰਾਇਆ ਸੀ। ਇਸ ਫ਼ੈਸਲੇ ਨੇ ਮੁੱਖ ਮੰਤਰੀ ਵਜੋਂ ਸ਼ਿੰਦੇ ਦੀ ਸਥਿਤੀ ਹੋਰ ਮਜ਼ਬੂਤ ਕਰ ਦਿੱਤੀ ਹੈ। ਸ਼ਿੰਦੇ ਨੇ 18 ਮਹੀਨੇ ਪਹਿਲਾਂ ਠਾਕਰੇ ਖ਼ਿਲਾਫ਼ ਬਗ਼ਾਵਤ ਦੀ ਅਗਵਾਈ ਕੀਤੀ ਸੀ। ਆਉਂਦੇ ਮਹੀਨਿਆਂ ’ਚ ਲੋਕ ਸਭਾ ਚੋਣਾਂ ਅਤੇ ਬਾਅਦ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਫ਼ੈਸਲੇ ਨਾਲ ਹਾਕਮ ਧਿਰ ਦੀ ਸਿਆਸੀ ਤਾਕਤ ਵਧ ਗਈ ਹੈ। ਨਾਰਵੇਕਰ ਨੇ ਕਿਹਾ ਸੀ ਕਿ ਕੋਈ ਵੀ ਲੀਡਰਸ਼ਿਪ ਕਿਸੇ ਪਾਰਟੀ ਅੰਦਰ ਅਸਹਿਮਤੀ ਜਾਂ ਅਨੁਸ਼ਾਸਨਹੀਣਤਾ ਨੂੰ ਦਬਾਉਣ ਲਈ ਸੰਵਿਧਾਨ ਦੀ 10ਵੀਂ ਸੂਚੀ (ਦਲਬਦਲ ਵਿਰੋਧੀ ਕਾਨੂੰਨ) ਦੀਆਂ ਧਾਰਾਵਾਂ ਦੀ ਵਰਤੋਂ ਨਹੀਂ ਕਰ ਸਕਦੀ। ਸਪੀਕਰ ਨੇ ਕਿਹਾ ਸੀ ਕਿ ਜੂਨ 2022 ’ਚ ਜਦੋਂ ਪਾਰਟੀ ਵੰਡੀ ਗਈ ਸੀ ਤਾਂ ਸ਼ਿੰਦੇ ਧੜੇ ਨੂੰ ਸ਼ਿਵ ਸੈਨਾ ਦੇ ਕੁੱਲ 54 ਵਿਧਾਇਕਾਂ ’ਚੋਂ 37 ਦੀ ਹਮਾਇਤ ਹਾਸਲ ਸੀ। ਚੋਣ ਕਮਿਸ਼ਨ ਨੇ 2023 ਦੇ ਸ਼ੁਰੂ ’ਚ ਸ਼ਿੰਦੇ ਦੀ ਅਗਵਾਈ ਹੇਠਲੇ ਧੜੇ ਨੂੰ ਸ਼ਿਵ ਸੈਨਾ ਨਾਮ ਅਤੇ ਤੀਰਕਮਾਨ ਚੋਣ ਨਿਸ਼ਾਨ ਦਿੱਤਾ ਸੀ। ਸ਼ਿੰਦੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ ਅਤੇ ਠਾਕਰੇ ਧੜੇ ਵੱਲੋਂ ਇਕ-ਦੂਜੇ ਦੇ ਵਿਧਾਇਕਾਂ ਖ਼ਿਲਾਫ਼ ਦਾਖ਼ਲ ਅਯੋਗਤਾ ਪਟੀਸ਼ਨਾਂ ’ਤੇ ਆਪਣੇ ਹੁਕਮ ’ਚ ਨਾਰਵੇਕਰ ਨੇ ਕਿਹਾ ਸੀ ਕਿ ਸ਼ਿਵ ਸੈਨਾ (ਯੂਬੀਟੀ) ਦੇ ਸੁਨੀਲ ਪ੍ਰਭੂ 21 ਜੂਨ, 2022 ਤੋਂ ਵ੍ਹਿੱਪ ਨਹੀਂ ਰਹੇ ਅਤੇ ਸ਼ਿੰਦੇ ਧੜੇ ਦੇ ਵਿਧਾਇਕ ਭਰਤ ਗੋਗਾਵਲੇ ਅਧਿਕਾਰਤ ਵ੍ਹਿੱਪ ਬਣੇ।
ਇਸੇ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ ਨੇ ਵਿਧਾਨ ਸਭਾ ਸਪੀਕਰ ਵੱਲੋਂ ਊਧਵ ਠਾਕਰੇ ਧੜੇ ਦੇ 14 ਵਿਧਾਇਕਾਂ ਨੂੰ ਅਯੋਗ ਨਾ ਠਹਿਰਾਉਣ ਦੇ ਫ਼ੈਸਲੇ ਨੂੰ ਬੰਬੇ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। ਹੁਕਮਰਾਨ ਧਿਰ ਸ਼ਿਵ ਸੈਨਾ ਦੇ ਮੁੱਖ ਵ੍ਹਿੱਪ ਭਰਤ ਗੋਗਾਵਾਲੇ ਵੱਲੋਂ 14 ਵਿਧਾਇਕਾਂ ਖ਼ਿਲਾਫ਼ 12 ਜਨਵਰੀ ਨੂੰ ਪਟੀਸ਼ਨਾਂ ਦਾਖ਼ਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਪੀਕਰ ਰਾਹੁਲ ਨਾਰਵੇਕਰ ਵੱਲੋਂ 10 ਜਨਵਰੀ ਨੂੰ ਸੁਣਾਏ ਗਏ ਫ਼ੈਸਲੇ ਦੀ ਕਾਨੂੰਨੀ ਪ੍ਰਮਾਣਕਤਾ ਅਤੇ ਉਸ ਦੇ ਸਹੀ ਹੋਣ ਨੂੰ ਚੁਣੌਤੀ ਦਿੱਤੀ ਗਈ ਹੈ। ਹਾਈ ਕੋਰਟ ਦੀ ਵੈੱਬਸਾਈਟ ਮੁਤਾਬਕ ਗੋਗਾਵਾਲੇ ਦੀਆਂ ਪਟੀਸ਼ਨਾਂ ’ਤੇ 22 ਜਨਵਰੀ ਨੂੰ ਸੁਣਵਾਈ ਹੋਵੇਗੀ। ਪਟੀਸ਼ਨਾਂ ’ਚ ਗੋਗਾਵਾਲੇ ਨੇ ਕਿਹਾ ਕਿ ਠਾਕਰੇ ਧੜੇ ਦੇ ਵਿਧਾਇਕਾਂ ਨੇ ਨਾ ਸਿਰਫ਼ ਵ੍ਹਿੱਪ ਦੀ ਉਲੰਘਣਾ ਕੀਤੀ ਸਗੋਂ ਆਪਣੇ ਆਪ ਹੀ ਸ਼ਿਵ ਸੈਨਾ ਦੀ ਮੈਂਬਰੀ ਵੀ ਛੱਡ ਦਿੱਤੀ ਸੀ। ਅਰਜ਼ੀਆਂ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸਪੀਕਰ ਇਸ ਗੱਲ ਨੂੰ ਵੀ ਸਮਝਣ ’ਚ ਨਾਕਾਮ ਰਹੇ ਕਿ ਪਾਰਟੀ ਦੀ ਮੈਂਬਰਸ਼ਿਪ ਛੱਡਣ ਦੇ ਨਾਲ ਨਾਲ ਠਾਕਰੇ ਧੜੇ ਦੇ ਮੈਂਬਰਾਂ ਨੇ ਸ਼ਿਵ ਸੈਨਾ ਦੀ ਅਗਵਾਈ ਹੇਠਲੀ ਸਰਕਾਰ ਖ਼ਿਲਾਫ਼ ਕਾਂਰਗਸ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਨਾਲ ਗੰਢ-ਤੁੱਪ ਕਰਕੇ ਵੋਟ ਵੀ ਪਾਈ ਸੀ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement