ਹਾਈਕੋਰਟ ਵੱਲੋਂ ਘਰਾਚੋਂ ਦੇ ਜੇਤੂ ਐਲਾਨੇ ਸਰਪੰਚ ਦੇ ਫੈਸਲੇ ਖਿਲਾਫ਼ ਪਾਈ ਪਟੀਸ਼ਨ ਰੱਦ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 14 ਅਕਤੂਬਰ
ਬਲਾਕ ਦੇ ਪਿੰਡ ਘਰਾਚੋਂ ਵਿਖੇ ਰਿਟਰਨਿੰਗ ਅਫ਼ਸਰ ਵੱਲੋਂ ਉਮੀਦਵਾਰ ਜਰਨੈਲ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਕਰਕੇ ਦਲਜੀਤ ਸਿੰਘ ਨੂੰ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਫੈਸਲੇ ਖਿਲਾਫ ਪਾਈ ਗਈ ਪਟੀਸ਼ਨ ਨੂੰ ਅੱਜ ਹਾਈਕੋਰਟ ਨੇ ਸੁਣਵਾਈ ਦੌਰਾਨ ਰੱਦ ਕਰ ਦਿੱਤਾ। ਦੱਸਣਯੋਗ ਹੈ ਕਿ ਰਿਟਰਨਿੰਗ ਅਫ਼ਸਰ ਵੱਲੋਂ 5 ਅਕਤੂਬਰ ਨੂੰ ਮੁਕਾਬਲੇ ਵਿਚ ਖੜ੍ਹੇ ਤਿੰਨ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਕੇ ਦਲਜੀਤ ਸਿੰਘ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਗਿਆ ਸੀ। ਇਸ ਫੈਸਲੇ ਖਿਲਾਫ ਜਰਨੈਲ ਸਿੰਘ ਵੱਲੋਂ ਪਟੀਸ਼ਨ ਪਾਈ ਗਈ ਸੀ, ਜਿਸ ਦੀ ਸੁਣਵਾਈ ਕਰਦਿਆਂ 10 ਅਕਤੂਬਰ ਨੂੰ ਹਾਈਕੋਰਟ ਦੇ ਡਬਲ ਬੈਂਚ ਨੇ 14 ਅਕਤੂਬਰ ਤੱਕ ਰਿਟਰਨਿੰਗ ਅਫ਼ਸਰ ਵੱਲੋਂ ਉਮੀਦਵਾਰ ਦਲਜੀਤ ਸਿੰਘ ਨੂੰ ਪਿੰਡ ਘਰਾਚੋਂ ਦੇ ਬਿਨਾਂ ਮੁਕਾਬਲੇ ਜੇਤੂ ਸਰਪੰਚ ਕਰਾਰ ਦੇਣ ਦੇ ਫੈਸਲੇ ’ਤੇ ਰੋਕ ਲਗਾ ਦਿੱਤੀ ਗਈ ਸੀ। ਅੱਜ 14 ਅਕਤੂਬਰ ਨੂੰ ਸੁਣਵਾਈ ਕਰਦਿਆਂ ਹਾਈਕੋਰਟ ਵੱਲੋਂ ਜਰਨੈਲ ਸਿੰਘ ਦੀ ਰਿਟ ਪਟੀਸ਼ਨ ਨੂੰ ਰੱਦ ਕਰਦਿਆਂ ਰਿਟਰਨਿੰਗ ਅਫ਼ਸਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ ਹੈ। ਹਾਈਕੋਰਟ ਦੇ ਉਕਤ ਫੈਸਲੇ ਦੀ ਪੁਸ਼ਟੀ ਕਰਦਿਆਂ ਐਸਡੀਐਮ ਰਾਵਿੰਦਰ ਬਾਂਸਲ ਨੇ ਕਿਹਾ ਕਿ ਹੁਣ ਦਲਜੀਤ ਸਿੰਘ ਘਰਾਚੋਂ ਪਿੰਡ ਦੇ ਸਰਪੰਚ ਬਣ ਗਏ ਹਨ। ਇਸ ਫੈਸਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐਸ ਡੀ ਰਾਜਵੀਰ ਸਿੰਘ ਅਤੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਵੱਲੋਂ ਘਰਾਚੋਂ ਪਹੁੰਚ ਕੇ ਦਲਜੀਤ ਸਿੰਘ ਅਤੇ ਪਿੰਡ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ।