ਗੁਰਦੁਆਰਾ ਮੰਜੀ ਸਾਹਿਬ ਵਿਖੇ ਨਗਰ ਕੀਰਤਨ ਦਾ ਨਿੱਘਾ ਸਵਾਗਤ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 29 ਦਸੰਬਰ
ਗੁਰਦੁਆਰਾ ਜੋਤੀ ਸਰੂਪ ਫ਼ਤਹਿਗੜ੍ਹ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਦਾ 70 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਦੇਰ ਰਾਤ ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਨ ਲਈ ਮੋਹਰਾਂ ਖੜ੍ਹੀਆਂ ਕਰ ਕੇ ਜ਼ਮੀਨ ਖ਼ਰੀਦਣ ਵਾਲੇ ਦੀਵਾਨ ਟੋਡਰ ਮੱਲ ਜੀ ਸਸਕਾਰ ਤੋਂ ਬਾਅਦ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਪਿੰਡ ਆਲੋਅਰਖ ਵਿਖੇ ਆਪਣੀ ਜ਼ਮੀਨ ਵਿੱਚ ਲੈ ਕੇ ਆਏ ਸਨ। ਇਸ ਸਥਾਨ ’ਤੇ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਜੋਤੀ ਸਰੂਪ ਫ਼ਤਹਿਗੜ੍ਹ ਸਾਹਿਬ ਤੋਂ ਆਰੰਭ ਹੋਇਆ ਇਹ ਨਗਰ ਕੀਰਤਨ ਭਾਦਸੋਂ, ਨਾਭਾ ਤੋਂ ਬਾਅਦ ਭਵਾਨੀਗੜ੍ਹ ਬਲਾਕ ਦੇ ਪਿੰਡ ਮਾਝੀ, ਦਿਆਲਪੁਰਾ, ਗੁਰਦੁਆਰਾ ਸਾਹਿਬ ਟੋਡਰ ਮੱਲ ਕਾਕੜਾ, ਭਵਾਨੀਗੜ੍ਹ ਅਤੇ ਬਾਲਦ ਕੋਠੀ ਹੁੰਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਵਿਖੇ ਦੇਰ ਰਾਤ ਪਹੁੰਚਿਆ। ਕਮੇਟੀ ਪ੍ਰਧਾਨ ਗੁਰਦਿੱਤ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਦਾ ਥਾਂ ਥਾਂ ਸਵਾਗਤ ਕੀਤਾ ਗਿਆ।