ਠੰਢ ’ਚ ਠੁਰ-ਠੁਰ ਕਰਦਿਆਂ ਚੜ੍ਹਿਆ ਕੰਪਿਊਟਰ ਅਧਿਆਪਕਾਂ ਦਾ ਨਵਾਂ ਸਾਲ
ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜਨਵਰੀ
ਮੰਗਾਂ ਮਨਵਾਉਣ ਲਈ ਸੰਘਰਸ਼ ’ਤੇ ਡਟੇ ਕੰਪਿਊਟਰ ਅਧਿਆਪਕਾਂ ਦਾ ਠੰਢ ’ਚ ਠੁਰ-ਠੁਰ ਕਰਦਿਆਂ ਧਰਨੇ ’ਚ ਹੀ ਨਵਾਂ ਸਾਲ ਚੜ੍ਹਿਆ। ਪੋਹ ਮਹੀਨੇ ਦੀ ਠੰਢ ਦੇ ਬਾਵਜੂਦ ਅਧਿਆਪਕ ਸੰਘਰਸ਼ ’ਤੇ ਡਟੇ ਹੋਏ ਹਨ। ਮੁੱਖ ਮੰਤਰੀ ਦੇ ਸ਼ਹਿਰ ’ਚ ਡੀਸੀ ਦਫ਼ਤਰ ਅੱਗੇ ਲੱਗੇ ਟੈਂਟ ਵਿੱਚ ਕੰਪਿਊਟਰ ਅਧਿਆਪਕ ਜੌਨੀ ਸਿੰਗਲਾ ਦਾ ਮਰਨ ਵਰਤ 12ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਬੀਤੀ ਰਾਤ ਕੰਪਿਊਟਰ ਅਧਿਆਪਕਾਂ ਵੱਲੋਂ ਮਰਨ ਵਰਤ ਮੋਰਚੇ ਵਾਲੇ ਸਥਾਨ ਤੋਂ ਮਸ਼ਾਲਾਂ ਬਾਲ ਕੇ ਸਰਕਾਰ ਖ਼ਿਲਾਫ਼ ਲਾਲ ਬੱਤੀ ਚੌਕ ਤੱਕ ਰੋਸ ਮਰਚ ਕੀਤਾ ਗਿਆ ਅਤੇ ਚੌਕ ਵਿੱਚ ਬੈਠ ਕੇ ਕੰਪਿਊਟਰ ਅਧਿਆਪਕਾਂ ਨੇ ਨਵਾਂ ਸਾਲ ਚੜ੍ਹਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਜਸਵਿੰਦਰ ਸਿੰਘ, ਗੁਰਪ੍ਰੀਤ ਕੌਰ, ਜਤਿਨ, ਪ੍ਰਦੀਪ ਮਲੂਕਾ, ਬਵਲੀਨ ਕੌਰ, ਨਰਦੀਪ ਸ਼ਰਮਾ, ਸੁਨੀਤ ਸਰੀਨ ਅਤੇ ਅੰਜੂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਦੁਨੀਆਂ ਭਰ ਦੇ ਲੋਕ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ, ਉੱਥੇ ਕੰਪਿਊਟਰ ਅਧਿਆਪਕ ਹੱਡ ਚੀਰਵੀਂ ਠੰਢ ਵਿੱੱਚ ਖੁੱਲ੍ਹੇ ਅਸਮਾਨ ਹੇਠ ਮਸ਼ਾਲਾਂ ਬਾਲ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਕੰਪਿਊਟਰ ਅਧਿਆਪਕ ਦਾ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਲੜੀਵਾਰ ਭੁੱਖ ਹੜਤਾਲ ਅਤੇ 12 ਦਿਨਾਂ ਤੋਂ ਮਰਨ ਵਰਤ ਜਾਰੀ ਹੈ ਪਰ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਰੋਸ ਪ੍ਰਗਟ ਕੀਤਾ ਕਿ ਹੁਣ ਤੱਕ ਵੀ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਕੰਪਿਊਟਰ ਅਧਿਆਪਕਾਂ ਦੀ ਸਾਰ ਤੱਕ ਨਹੀਂ ਲਈ। ਉਨ੍ਹਾਂ ਕਿਹਾ ਕਿ ਮਰਨ ਵਰਤ ’ਤੇ ਬੈਠੇ ਸਾਥੀ ਜੌਨੀ ਸਿੰਗਲਾ ਦੀ ਸਿਹਤ ’ਚ ਦਿਨੋਂ ਦਿਨ ਨਿਘਾਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਸੰਘਰਸ਼ ਰੁਕੇਗਾ ਨਹੀਂ। ਅਧਿਆਪਕਾਂ ਨੇ ਐਲਾਨ ਕੀਤਾ ਕਿ ਭਾਵੇਂ ਪੂਰੇ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੂੰ ਜਾਨ ਦੀ ਬਾਜ਼ੀ ਲਾਉਣੀ ਪਵੇ ਪਰ ਉਹ ਪਿੱਛੇ ਨਹੀਂ ਹਟਣਗੇ।