ਆਯੁਰਵੈਦ ਰਾਹੀਂ ਸਿਹਤ ਸੰਭਾਲ ਬਾਰੇ ਪ੍ਰੇਰਿਆ
ਪੱਤਰ ਪ੍ਰੇਰਕ
ਯਮੁਨਾਨਗਰ, 1 ਜਨਵਰੀ
ਡੀਏਵੀ ਕਾਲਜ ਫਾਰ ਗਰਲਜ਼ ਦੇ ਵਿਹੜੇ ਵਿੱਚ ਫੈਕਲਟੀ ਡਿਵੈਲਪਮੈਂਟ ਸੈੱਲ ਵੱਲੋਂ ਆਯੁਰਵੈਦ ਰਾਹੀਂ ਸਿਹਤ ਸੰਭਾਲ ਅਤੇ ਰੋਕਥਾਮ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਮੀਨੂੰ ਜੈਨ ਨੇ ਕੀਤੀ ਜਦਕਿ ਐਫਡੀਪੀ ਸੈੱਲ ਦੀ ਕਨਵੀਨਰ ਡਾ. ਸੁਰਿੰਦਰ ਕੌਰ ਨੇ ਮੁੱਖ ਭੂਮਿਕਾ ਨਿਭਾਈ। ਭਾਰਗਵ ਆਯੁਰਵੈਦ ਸੰਸਥਾ ਦੇ ਸੰਸਥਾਪਕ ਅਤੇ ਸੀਈਓ, ਨਬਜ਼ ਦੇ ਮਾਹਿਰ ਅਤੇ ਤੰਦਰੁਸਤੀ ਕੋਚ ਡਾ. ਅਭਿਮੰਨਿਊ ਆਰ. ਭਾਰਗਵ ਪ੍ਰੋਗਰਾਮ ਦੇ ਮੁੱਖ ਬੁਲਾਰੇ ਸਨ। ਪ੍ਰੋਗਰਾਮ ਦਾ ਸੰਚਾਲਨ ਯੋਗਾ ਵਿਭਾਗ ਦੇ ਮੁਖੀ ਡਾ. ਰੰਜਨਾ ਨੇ ਕੀਤਾ। ਆਯੂਰਵੇਦ ਬਾਰੇ ਦੱਸਦਿਆਂ ਡਾ. ਭਾਰਗਵ ਨੇ ਕਿਹਾ ਕਿ ਆਯੁਰਵੇਦ ਇੱਕ ਪ੍ਰਾਚੀਨ ਭਾਰਤੀ ਕੁਦਰਤੀ ਅਤੇ ਸੰਪੂਰਨ ਚਿਕਿਤਸਾ ਪ੍ਰਣਾਲੀ ਹੈ। ਆਯੁਰਵੇਦ ਵਿੱਚ ਨਾ ਸਿਰਫ ਇਲਾਜ ਹੈ ਬਲਕਿ ਇਹ ਜੀਵਨ ਜਿਊਣ ਦਾ ਤਰੀਕਾ ਸਿਖਾਉਂਦਾ ਹੈ ਜਿਸ ਨਾਲ ਜ਼ਿੰਦਗੀ ਲੰਬੀ ਅਤੇ ਖੁਸ਼ਹਾਲ ਬਣ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਆਯੂਰਵੇਦ ਅਨੁਸਾਰ ਕਿਸੇ ਵਿਅਕਤੀ ਦੇ ਸਰੀਰ ਵਿੱਚ ਤਿੰਨ ਮੂਲ ਤੱਤਾਂ ਜਿਵੇਂ ਵਾਤ, ਪਿੱਤ ਅਤੇ ਕਫ਼ ਦੇ ਸੰਤੁਲਨ ਕਾਰਨ ਕੋਈ ਵੀ ਬਿਮਾਰੀ ਨਹੀਂ ਹੋ ਸਕਦੀ, ਜੇਕਰ ਸੰਤੁਲਨ ਵਿਗੜ ਜਾਵੇ ਤਾਂ ਰੋਗ ਸਰੀਰ ਉੱਤੇ ਹਾਵੀ ਹੋ ਜਾਂਦਾ ਹੈ। ਇਸ ਲਈ ਇਨ੍ਹਾਂ ਤਿੰਨਾਂ ਤੱਤਾਂ ਵਿੱਚ ਸੰਤੁਲਨ ਕਾਇਮ ਕਰਨ ਲਈ ਆਯੂਰਵੇਦ ’ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐਲੋਪੈਥੀ ਦਵਾਈ ਬਿਮਾਰੀ ਦੇ ਪ੍ਰਬੰਧਨ ’ਤੇ ਧਿਆਨ ਕੇਂਦਰਤ ਕਰਦੀ ਹੈ ਜਦੋਂ ਕਿ ਆਯੁਰਵੈਦ ਬਿਮਾਰੀ ਦੀ ਜੜ੍ਹ ਨੂੰ ਵੇਖ ਕੇ ਬਿਮਾਰੀ ਦੀ ਰੋਕਥਾਮ ਅਤੇ ਨਿਦਾਨ ’ਤੇ ਧਿਆਨ ਕੇਂਦਰਤ ਕਰਦੀ ਹੈ। ਡਾ. ਮੀਨੂੰ ਜੈਨ ਨੇ ਸਮੂਹ ਸਟਾਫ਼ ਮੈਂਬਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਨਵੇਂ ਸਾਲ ’ਚ ਸਾਰਿਆਂ ਨੂੰ ਆਪਣੀ ਸਿਹਤ ਅਤੇ ਖਾਣ-ਪੀਣ ਵੱਲ ਧਿਆਨ ਦੇਣਾ ਚਾਹੀਦਾ ਹੈ।