For the best experience, open
https://m.punjabitribuneonline.com
on your mobile browser.
Advertisement

ਫਰੀਦਕੋਟ ਵਿੱਚ ਦੋ ਸਾਲ ਬਾਅਦ ਹੋਈ ਆਰਟੀਏ ਦੀ ਸਥਾਈ ਨਿਯੁਕਤੀ

11:42 AM Dec 30, 2023 IST
ਫਰੀਦਕੋਟ ਵਿੱਚ ਦੋ ਸਾਲ ਬਾਅਦ ਹੋਈ ਆਰਟੀਏ ਦੀ ਸਥਾਈ ਨਿਯੁਕਤੀ
ਫਰੀਦਕੋਟ ਵਿੱਚ ਸ਼ੁੱਕਰਵਾਰ ਨੂੰ ਨਵ-ਨਿਯੁਕਤ ਆਰਟੀਏ ਗੁਰਨਾਮ ਸਿੰਘ ਦਾ ਸਵਾਗਤ ਕਰਦੇ ਹੋਏ ਵਿਧਾਇਕ ਗੁਰਦਿੱਤ ਸਿੰਘ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਜਸਵੰਤ ਜੱਸ
ਫਰੀਦਕੋਟ, 29 ਦਸੰਬਰ
ਫਰੀਦਕੋਟ ਜ਼ਿਲ੍ਹੇ ਨੂੰ ਦੋ ਸਾਲ ਬਾਅਦ ਪੱਕੇ ਤੌਰ ’ਤੇ ਪੰਜਾਬ ਸਰਕਾਰ ਨੇ ਆਰਟੀਏ ਅਧਿਕਾਰੀ ਦੇ ਦਿੱਤਾ ਹੈ। ਇਸ ਦਫਤਰ ਵਿੱਚ ਪੱਕਾ ਅਧਿਕਾਰੀ ਨਾ ਹੋਣ ਕਾਰਨ ਪਿਛਲੇ ਇੱਕ ਸਾਲ ਤੋਂ ਕਰੀਬ 10 ਹਜ਼ਾਰ ਫਾਈਲਾਂ ਪੈਂਡਿੰਗ ਪਈਆਂ ਸਨ ਜਿਸ ਕਰਕੇ ਇਲਾਕੇ ਦੇ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਿਛਲੇ ਦੋ ਸਾਲਾਂ ਤੋਂ ਪੰਜਾਬ ਸਰਕਾਰ ਇਸ ਦਫਤਰ ਵਿੱਚ ਵਾਧੂ ਚਾਰਜ ਦੇ ਕੇ ਅਧਿਕਾਰੀਆਂ ਨੂੰ ਭੇਜ ਰਹੀ ਸੀ ਪ੍ਰੰਤੂ ਉਨ੍ਹਾਂ ਅਧਿਕਾਰੀਆਂ ਨੇ ਇਸ ਦਫਤਰ ਵਿੱਚ ਬਤੌਰ ਆਰਟੀਏ ਕੰਮ ਕੀਤਾ ਹੀ ਨਹੀਂ। ਪੰਜਾਬ ਸਰਕਾਰ ਨੇ ਹੁਣ ਗੁਰਨਾਮ ਸਿੰਘ ਨੂੰ ਫਰੀਦਕੋਟ ਦਾ ਆਰਟੀਏ ਨਿਯੁਕਤ ਕੀਤਾ ਹੈ ਜਿਨ੍ਹਾਂ ਨੇ ਇੱਥੇ ਆਪਣਾ ਅਹੁਦਾ ਵੀ ਸੰਭਾਲ ਲਿਆ ਹੈ। ਨੌਜਵਾਨਾਂ ਵਿੱਚ ਪ੍ਰਵਾਸ ਦੀ ਰੁਚੀ ਵਧਣ ਕਾਰਨ ਨਵੇਂ ਲਾਇਸੈਂਸ ਅਤੇ ਵੈਰੀਫਿਕੇਸ਼ਨ ਆਦਿ ਲੈਣ ਲਈ ਉਨ੍ਹਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੂਚਨਾ ਅਨੁਸਾਰ ਇਸ ਦਫਤਰ ਦੇ ਤਿੰਨ ਉੱਚ ਅਧਿਕਾਰੀਆਂ ਖ਼ਿਲਾਫ਼ ਵਿਜੀਲੈਂਸ ਪਰਚਾ ਦਰਜ ਕਰ ਚੁੱਕੀ ਹੈ। ਵਿਜੀਲੈਂਸ ਦੇ ਸੂਤਰਾਂ ਅਨੁਸਾਰ ਹੁਣ ਤੱਕ ਫਰੀਦਕੋਟ ਦੇ ਤਿੰਨ ਟਰਾਂਸਪੋਰਟ ਅਫਸਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਫਰਜ਼ੀ ਦਸਤਾਵੇਜ਼ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਹੋ ਚੁੱਕੇ ਹਨ ਅਤੇ ਉਨ੍ਹਾਂ ਖ਼ਿਲਾਫ਼ ਮਾਮਲੇ ਅਦਾਲਤ ਦੇ ਵਿਚਾਰ ਅਧੀਨ ਹਨ। ਦਫਤਰ ਦੇ ਰਿਕਾਰਡ ਵਿੱਚ ਹੋਈ ਵੱਡੇ ਪੱਧਰ ’ਤੇ ਗੜਬੜੀ ਕਾਰਨ ਕੋਈ ਵੀ ਅਧਿਕਾਰੀ ਇੱਥੇ ਆਉਣ ਲਈ ਤਿਆਰ ਨਹੀਂ ਸੀ ਪਰ ਇਲਾਕੇ ਦੇ ਲੋਕਾਂ ਦੇ ਸਖਤ ਵਿਰੋਧ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਥੇ ਨਵਾਂ ਅਧਿਕਾਰੀ ਨਿਯੁਕਤ ਕਰਕੇ ਭੇਜ ਦਿੱਤਾ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਫਰੀਦਕੋਟ ਵਿੱਚ ਆਰਟੀਏ ਅਧਿਕਾਰੀ ਨਾ ਹੋਣ ਕਾਰਨ ਲੋਕਾਂ ਨੂੰ ਆ ਰਹੀਆਂ ਸਮੱਸਿਆ ਬਾਰੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਲਿਖਤੀ ਤੌਰ ’ਤੇ ਸੂਚਿਤ ਕੀਤਾ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਥੇ ਨਵੇਂ ਅਧਿਕਾਰੀ ਨੂੰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਦਾ ਪੈਂਡਿੰਗ ਪਿਆ ਕੰਮ ਤੁਰੰਤ ਨਿਪਟਾਇਆ ਜਾਵੇ। ਨਵੇਂ ਆਏ ਆਰਟੀਏ ਗੁਰਨਾਮ ਸਿੰਘ ਨੇ ਕਿਹਾ ਕਿ ਦਫਤਰ ਵਿੱਚ ਪੈਂਡਿੰਗ ਪਏ ਕੰਮ ਨੂੰ ਪਹਿਲ ਦੇ ਆਧਾਰ ’ਤੇ ਨਿਪਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਲਾਕੇ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ।

Advertisement

Advertisement
Author Image

Advertisement
Advertisement
×