For the best experience, open
https://m.punjabitribuneonline.com
on your mobile browser.
Advertisement

ਮੀਂਹ ਨੇ ਗਰਮੀ ਤੋਂ ਰਾਹਤ ਦਿਵਾਈ

07:04 AM Jun 28, 2024 IST
ਮੀਂਹ ਨੇ ਗਰਮੀ ਤੋਂ ਰਾਹਤ ਦਿਵਾਈ
ਮਾਨਸਾ ਨੇੜੇ ਮੀਂਹ ਤੋਂ ਬਾਅਦ ਝੋਨੇ ਦੀ ਫ਼ਸਲ ’ਚ ਯੂਰੀਆ ਪਾਉਂਦੇ ਹੋਏ ਕਿਸਾਨ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 27 ਜੂਨ
ਪੰਜਾਬ ਅਤੇ ਹਰਿਆਣਾ ਵਿੱਚ ਪ੍ਰੀ-ਮੌਨਸੂਨ ਆਉਣ ਤੋਂ ਬਾਅਦ ਮਾਲਵਾ ਖੇਤਰ ਵਿੱਚ ਪਏ ਹਲਕੇ ਮੀਂਹ ਨੇ ਅੱਜ ਖੇਤਾਂ ਵਿੱਚ ਲਹਿਰਾਂ-ਬਹਿਰਾਂ ਲਾ ਦਿੱਤੀਆਂ ਹਨ। ਕਈ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਕੜਕਦੀ ਧੁੱਪ ਕਾਰਨ ਫ਼ਸਲਾਂ ਸੁੱਕਣ ਕਿਨਾਰੇ ਪੁੱਜ ਗਈਆਂ, ਉਨ੍ਹਾਂ ਉੱਪਰ ਡਿੱਗੇ ਅੰਬਰੀ ਪਾਣੀ ਨੇ ਰੌਣਕਾਂ ਨੂੰ ਮੌੜ ਲਿਆਂਦਾ ਹੈ। ਨਿਰਮਲ ਪਾਣੀ ਨੇ ਫ਼ਸਲਾਂ ਨੂੰ ਧੋ ਨਿਖਾਰ ਦਿੱਤਾ ਹੈ। ਖੇਤੀਬਾੜੀ ਵਿਭਾਗ ਅਤੇ ਖੇਤੀ ਯੂਨੀਵਰਸਿਟੀ ਨੇ ਇਸ ਮੀਂਹ ਨੂੰ ਫ਼ਸਲਾਂ ਲਈ ਸਭ ਤੋਂ ‘ਸਰਵੋਤਮ ਟਾਨਿਕ’ ਕਰਾਰ ਦਿੱਤਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਅਤੇ ਖੇਤੀ ਵਿਭਾਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਝੋਨੇ ਦੀ ਲੁਵਾਈ ਦੌਰਾਨ ਪਈ ਇਸ ਵਰਖਾ ਨੇ ਹੁਣ ਤਪੀ ਪਈ ਧਰਤੀ ਨੂੰ ਬਰਫ਼ ਵਾਂਗ ਠਾਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੇ ਠੰਢੇ ਮੌਸਮ ਵਿਚ ਲੱਗਣਸਾਰ ਹੀ ਝੋਨੇ ਨੇ ਹਰਿਆਲੀ ਦੇਣੀ ਸ਼ੁਰੂ ਕਰ ਦੇਣੀ ਹੈ। ਉਂਝ ਮਹਿਕਮੇ ਨੇ ਇਸ ਮੀਂਹ ਦਾ ਸਭ ਤੋਂ ਵੱਧ ਫ਼ਾਇਦਾ ਨਰਮੇ ਦੀ ਫ਼ਸਲ ਸਣੇ ਪਸ਼ੂਆਂ ਦੇ ਹਰੇ-ਚਾਰੇ ਅਤੇ ਸਬਜ਼ੀਆਂ ਨੂੰ ਵੀ ਦੱਸਿਆ ਹੈ, ਜੋ ਸੂਰਜ ਦੀ ਤੇਜ਼ ਤਪਸ਼ ਕਾਰਨ ਸੜਨ ਕਿਨਾਰੇ ਖੜ੍ਹੀਆਂ ਸਨ।
ਬੇਸ਼ੱਕ ਖੇਤੀਬਾੜੀ ਵਿਭਾਗ ਨੇ ਇਸ ਮੀਂਹ ਨੂੰ ਸਮੇਂ ਸਿਰ ਪਿਆ ਵਧੀਆ ਮੀਂਹ ਦੱਸਦਿਆਂ ਕਿਹਾ ਹੈ ਕਿ ਇਸ ਨਾਲ ਫ਼ਸਲਾਂ ਦਾ ਰੰਗ-ਰੂਪ ਨਿੱਖਰ ਆਉਣਾ ਹੈ ਅਤੇ ਇਹ ਬਰਸਾਤ ਅਗਲੇ ਦਿਨਾਂ ਵਿਚ ਖੇਤਾਂ ਵਿਚ ਖੁਸ਼ੀਆਂ-ਖੇੜੇ ਲਿਆਵੇਗੀ।
ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਕਿਹਾ ਕਿ ਹੁਣ ਮਾਲਵਾ ਪੱਟੀ ਵਿਚ ਮੀਂਹ ਖੁੱਲ੍ਹ ਗਏ ਹਨ, ਜਿਨ੍ਹਾਂ ਨੇ ਅਗਲੇ ਦਿਨਾਂ ਵਿੱਚ ਧੰਨ ਧੰਨ ਕਰਵਾ ਦੇਣਗੇ। ਉਨ੍ਹਾਂ ਇਸ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ ਸ਼ੁਭ-ਸ਼ੁਰੂਆਤ ਆਖਦਿਆਂ ਕਿਹਾ ਕਿ ਹੁਣ ਪੈਲੀ ਤਪਣ ਤੋਂ ਰੁਕ ਜਾਵੇਗੀ। ਫ਼ਸਲਾਂ ਭਲਕ ਤੱਕ ਹੀ ਵਧਣ ਲੱਗ ਜਾਣਗੀਆਂ।
ਖੇਤੀਬਾੜੀ ਵਿਭਾਗ ਦੇ ਖੇਤੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਇਸ ਮੀਂਹ ਨੇ ਸਹੀ ਸਮੇਂ ’ਤੇ ਵਰ੍ਹ ਕੇ ਕਿਸਾਨਾਂ ਦੇ ਵਾਰੇ-ਨਿਆਰੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦਾ ਡੀਜ਼ਲ ਅਤੇ ਬਿਜਲੀ ਦੇ ਰੂਪ ਵਿਚ ਖ਼ਪਣ ਵਾਲਾ ਲੱਖਾਂ ਰੁਪਏ ਦਾ ਫ਼ਾਇਦਾ ਹੋ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×