ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕਤਾ ਦਾ ਸ਼ੈਦਾਈ

08:17 AM Aug 20, 2023 IST

ਕੰਵਲਜੀਤ ਖੰਨਾ

Advertisement

ਤਰਲੋਚਨ ਬੇਵਕਤ ਇਸ ਮਨੁੱਖ-ਖਾਣੇ ਪ੍ਰਬੰਧ ਦੀ ਭੇਂਟ ਚੜ੍ਹ ਗਿਆ। 12 ਅਗਸਤ ਨੂੰ ਉਸ ਦੇ ਜਨਾਜ਼ੇ ਵਿਚ ਸੂਬੇ ਭਰ ’ਚੋਂ ਸੈਂਕੜੇ ਲੋਕ ਆਪਣੇ ਪਿਆਰੇ ਮਾਸਟਰ ਤਰਲੋਚਨ ਨੂੰ ਪੱਕੇ ਤੌਰ ’ਤੇ ਦਿਲ ਅੰਦਰ ਵਸਾਉਣ ਦਾ ਅਹਿਦ ਲੈਣ ਜੁੜੇ ਸਨ। ਇਹ ਸਨੇਹੀ, ਉਸ ਦੇ ਮਿੱਤਰ ਪਿਆਰੇ ‘ਮਾਸਟਰ ਤਰਲੋਚਨ ਤੈਨੂੰ ਲਾਲ ਸਲਾਮ’, ‘ਤਰਲੋਚਨ ਤੇਰਾ ਕਾਜ ਅਧੂਰਾ ਲਾ ਕੇ ਜ਼ਿੰਦਗੀਆਂ ਕਰਾਂਗੇ ਪੂਰਾ’ ਨਾਅਰੇ ਗੁੰਜਾਉਂਦਿਆਂ ਅੰਤਿਮ ਵਿਦਾਇਗੀ ਦੇ ਰਹੇ ਸਨ। ਉਸ ਦੀ ਰਿਹਾਇਸ਼ ਸਮਰਾਲਾ ਦੇ ਭਗਵਾਨਪੁਰਾ ਵਿਖੇ ਸੀ। ਬੱਸ ਸਟੈਂਡ ਚੌਕ ’ਚ ਤਿਕੋਣੀ ਮਾਰਕੀਟ ਦਾ ਆਰਟ ਸੈਂਟਰ ਸਮਰਾਲਾ ਦੀ ਵਰ੍ਹਿਆਂ ਤੱਕ ਲੋਕ ਕਲਾ ਦੇ ਇਸ ਸ਼ੈਦਾਈ ਦਾ ਕਰਮ-ਸਥਲ ਬਣਿਆ ਰਿਹਾ। ਆਰਟ ਸੈਂਟਰ ਸਮਰਾਲਾ ਦਾ ਇਹ ਦਫ਼ਤਰ ‘ਦੇਵ ਪੁਰਸ਼ ਹਾਰ ਗਏ’, ‘ਸਾੜ੍ਹਸਤੀ’, ‘ਆਦਮਖੋਰ’, ‘ਵੇ ਮੈਂ ਵੱਸਦੀ ਉੱਜੜ ਗਈ’ ਜਿਹੀਆਂ ਕਿੰਨੀਆਂ ਹੀ ਸ਼ਾਹਕਾਰ ਰਚਨਾਵਾਂ ਦੀ ਸਿਰਜਣਾ ਦਾ ਗਵਾਹ ਹੈ। ਉਸ ਨੂੰ ਪੰਜਾਬ ਅੰਦਰ ਕੋਰੀਓਗ੍ਰਾਫੀਆਂ ਦਾ ਜਨਕ ਮੰਨਿਆ ਜਾਂਦਾ ਹੈ। ਪੰਜਾਬ ਦੀ ਸ਼ਾਇਦ ਹੀ ਕੋਈ ਨਾਟਕ ਟੀਮ ਹੋਵੇ ਜਿਸ ਨੇ ‘ਵੇ ਮੈਂ ਵਸਦੀ ਉੱਜੜ ਗਈ’ ਕੋਰੀਓਗ੍ਰਾਫੀ ਨਾ ਕੀਤੀ ਹੋਵੇ।
ਨਿੱਕੇ ਨਿੱਕੇ, ਪੋਲੇ ਪੋਲੇ, ਮਿੱਠੇ ਮਿੱਠੇ ਵਾਕਾਂ ਨਾਲ ਲੰਬਾ ਸਮਾਂ ਬੋਲਣਾ, ਖਿਝਣਾ ਪਰ ਪਤਾ ਨਾ ਲੱਗਣ ਦੇਣਾ, ਉਲਾਂਭਾ ਦੇਣਾ ਪਰ ਜ਼ਾਹਿਰ ਨਾ ਹੋਣ ਦੇਣਾ, ਮੋਹ ਵੰਡਣਾ ਪਰ ਫ਼ਿਕਰ ’ਚ ਡੁੱਬ ਜਾਣਾ, ਇਹ ਹੁਨਰ ਤੇ ਕਸ਼ਿਸ਼ ਮਾਸਟਰ ਤਰਲੋਚਨ ਦਾ ਆਪਣੀ ਕਿਸਮ ਦਾ ਰੰਗ ਸੀ। ਉਹ ਆਪਣੀ ਨਾਪਸੰਦਗੀ ਕਦੇ ਲੁਕੋਂਦਾ ਨਹੀਂ ਸੀ, ਮੂੰਹ ’ਤੇ ਹੀ ਨਾਰਾਜ਼ਗੀ ਸਹੇੜ ਵੀ ਲੈਣੀ ਪਰ ਗੁੱਸੇ ਵੀ ਨਾ ਹੋਣ ਦੇਣ ਦਾ ਵੱਲ ਉਸੇ ਨੂੰ ਆਉਂਦਾ ਸੀ। ਪਾਖੰਡ ਤੇ ਦੰਭ ਨੂੰ ਉਹ ਮਨੋਂ ਨਫ਼ਰਤ ਕਰਦਾ ਸੀ। ਉਸ ਨੇ ਲੰਮਾ ਸਮਾਂ ਪਲਸ ਮੰਚ ਦੇ ਜਨਰਲ ਸਕੱਤਰ ਵਜੋਂ ਅਤੇ ਤਰਕਸ਼ੀਲ ਸੁਸਾਇਟੀ ’ਚ ਸੂਬਾਈ ਅਹੁਦਿਆਂ ’ਤੇ ਪੂਰੀ ਤਨਦੇਹੀ ਨਾਲ ਕੰਮ ਕੀਤਾ। ਡੀਟੀਐੱਫ ’ਚ ਬਲਾਕ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾਉਂਦਿਆਂ ਵੀ ਕੋਈ ਵਿਰਲ ਨਾ ਛੱਡੀ। ਸਥਾਨਕ ਸਾਹਿਤਕ, ਸੱਭਿਆਚਾਰਕ, ਸਮਾਜਿਕ ਸਰਗਰਮੀਆਂ ਉਸ ਦੀ ਸਰਗਰਮ ਹਾਜ਼ਰੀ ਤੋਂ ਬਿਨਾ ਚਿਤਵੀਆਂ ਹੀ ਨਹੀਂ ਜਾ ਸਕਦੀਆਂ ਸਨ। ਲਾਲ ਸਿੰਘ ਦਿਲ ਤੇ ਸਆਦਤ ਹਸਨ ਮੰਟੋ ਦੀ ਯਾਦ ’ਚ ਛੋਟੇ ਵੱਡੇ ਸਮਾਗਮ ਉਸ ਦੀ ਯਾਦਗਾਰੀ ਦੇਣ ਸਨ। ਪਲਸ ਮੰਚ ਦੇ ਸਾਹਿਤਕ ਮੈਗਜ਼ੀਨ ‘ਸਰਦਲ’ ਦੀ ਅਤਰਜੀਤ ਸਮੇਤ ਹੋਰਾਂ ਨਾਲ ਰਲ ਕੇ ਕੀਤੀ ਸੰਪਾਦਨਾ ਤੇ ਮਿਹਨਤ ਦਾ ਕੋਈ ਸਾਨੀ ਨਹੀਂ। ‘ਸਰਦਲ’ ਦਾ ਦਲਿਤ ਵਿਸ਼ੇਸ਼ ਅੰਕ ਤਰਲੋਚਨ ਦੇ ਸਿਰੜ ਤੇ ਵਿਦਵਤਾ ’ਚੋਂ ਪੈਦਾ ਹੋਇਆ ਸਾਂਭਣਯੋਗ ਦਸਤਾਵੇਜ਼ ਹੈ। ਪਲਸ ਮੰਚ ਨੂੰ ਸੱਭਿਆਚਾਰ ਦੇ ਖੇਤਰ ’ਚ ਮੋਹਰੀ ਮਾਰਗਦਰਸ਼ਕ ਬਣਾਉਣ ਲਈ ਉਹ ਸਭ ਤੋਂ ਵੱਧ ਖੌਝਲਣ ਵਾਲੀ ਸ਼ਖ਼ਸੀਅਤ ਸੀ। ਭਾਅਜੀ ਗੁਰਸ਼ਰਨ ਸਿੰਘ ਦੇ ਵਿਛੋੜੇ ਤੋਂ ਬਾਅਦ ਉਨ੍ਹਾਂ ਦੇ ਮਿਸਾਲੀ ਜੀਵਨ ਨੂੰ ਵੀਡੀਓ ਫਿਲਮ ‘ਭਾਅਜੀ ਗੁਰਸ਼ਰਨ ਸਿੰਘ ਸਦਾ ਸਫ਼ਰ ’ਤੇ’ ਰਾਹੀਂ ਸਾਂਭਣ ਦਾ ਕਾਰਜ ਪਲਸ ਮੰਚ ਵੱਲੋਂ ਤਰਲੋਚਨ ਨੇ ਹੀ ਸਿਰੇ ਲਾਇਆ ਸੀ। ‘ਤਰਥੱਲੀਆਂ ਦੇ ਦੌਰ ’ਚ’, ‘ਹੈਲੋ ਮੈਂ ਭਗਤ ਸਿੰਘ ਬੋਲ ਰਿਹਾਂ’ ਨਾਂ ਦੀਆਂ ਕਿਤਾਬੀ ਰਚਨਾਵਾਂ ਉਸ ਦੀ ਵਿਚਾਰਧਾਰਕ ਪ੍ਰਤੀਬੱਧਤਾ ਅਤੇ ਪਰਪੱਕਤਾ ਦਾ ਸਬੂਤ ਹਨ। ਉਸ ਨੇ ਨਾਟਕ, ਗੀਤ, ਕਵਿਤਾ, ਬਾਲ ਸਹਿਤ ਦੀਆਂ ਨੌਂ ਕਿਤਾਬਾਂ ਲਿਖੀਆਂ। ਮਾਸਟਰ ਰਾਮ ਕੁਮਾਰ ਭਦੌੜ ਦੀ ਅਗਵਾਈ ’ਚ ਅਗਾਂਹਵਧੂ ਗੀਤ ਸੰਗੀਤ ਦੇ ਪਸਾਰੇ ਲਈ ਯਤਨਾਂ ਨੂੰ ਵਿਉਂਤਬੱਧ ਜ਼ਰਬਾਂ ਦੇਣ ਲਈ ‘ਲੋਕ ਪੱਖੀ ਗੀਤ ਸੰਗੀਤ ਟਰੱਸਟ’ ਦੀ ਸਥਾਪਨਾ ਦਾ ਉੱਦਮ ਵੀ ਮਾਸਟਰ ਤਰਲੋਚਨ ਦੀ ਹੀ ਕਾਢ ਸੀ।
ਸਫਲ ਲੇਖਕ, ਨਾਟਕਕਾਰ, ਕਵੀ, ਨਿਰਦੇਸ਼ਕ, ਰੰਗਕਰਮੀ, ਫਿਲਮਸਾਜ਼, ਸਕ੍ਰਿਪਟ ਲੇਖਕ, ਸਮਾਜ ਸ਼ਾਸਤਰੀ, ਤਰਕਸ਼ੀਲ ਆਗੂ, ਆਲੋਚਕ, ਸੰਪਾਦਕ, ਬਾਲ ਲੇਖਕ, ਅਧਿਆਪਕ ਆਗੂ, ਮਿੱਤਰਾਂ ਦਾ ਮਿੱਤਰ, ਜ਼ਿੰਮੇਵਾਰ ਕਬੀਲਦਾਰ। ਉਸ ਦੇ ਵਿਛੋੜੇ ਨੇ ਹਰ ਜਾਗਦੀ ਅੱਖ ਨੂੰ ਨਮ ਕੀਤਾ। ਵੱਡਾ ਅਫ਼ਸੋਸ ਇਹ ਹੈ ਕਿ ਹਰ ਅਣਹੋਣੀ ਖਿਲਾਫ਼ ਬੋਲਣ ਵਾਲਾ ਚੇਤਨ ਸ਼ਖ਼ਸ ਇਕ ਗ਼ੈਰ-ਜ਼ਿੰਮੇਵਾਰ ਟੱਬਰ ਦੇ ਮੁੰਡੇ ਦੀ ਖਰਮਸਤੀ ਨੇ ਖੋਹ ਲਿਆ। ਮਾਸਟਰ ਤਰਲੋਚਨ ਇਨਕਲਾਬੀ ਸਿਆਸਤ ਬਾਰੇ ਅਕਸਰ ਕਹਿੰਦਾ ਕਿ ਨਵੇਂ ਹਾਲਾਤ ’ਚ ਪੁਰਾਣੇ ਨੀਤੀ-ਨਿਰਣਿਆਂ ਨਾਲ ਚਿੰਬੜੇ ਗਰੁੱਪ ਇਨਕਲਾਬ ਨਹੀਂ ਕਰ ਸਕਦੇ; ਦੇਸ਼ ’ਚ ਸਰਮਾਏਦਾਰਾਨਾ ਪੈਦਾਵਾਰੀ ਸਬੰਧਾਂ ਨੇ ਜਗੀਰੂ ਪੈਦਾਵਾਰੀ ਸਬੰਧਾਂ ਦੀ ਥਾਂ ਲੈ ਲਈ ਹੈ; ਦੋਸਤਾਂ ਦੁਸ਼ਮਣਾਂ ਦਾ ਜਮਾਤੀ ਕਿਰਦਾਰ ਬਦਲ ਚੁੱਕਾ ਹੈ; ਹੁਣ ਯੁੱਧਨੀਤੀ ਬਦਲਣੀ ਪੈਣੀ ਹੈ; ਨਵੇਂ ਨਾਅਰੇ ਤੇ ਪ੍ਰੋਗਰਾਮ ਘੜਨੇ ਪੈਣੇ ਹਨ।
ਉੱਘੇ ਕਹਾਣੀਕਾਰ ਅਤੇ ਉਸ ਦੀ ਵਿਚਾਰਧਾਰਾ ਦੇ ਹਾਮੀ ਗੁਰਦਿਆਲ ਦਲਾਲ ਨੇ ਇਸ ਘਟਨਾ ਨੂੰ ਭਾਣਾ ਮੰਨ ਕੇ ਆਮ ਸਾਧਾਰਨ ਮੌਤਾਂ ਦੇ ਖਾਤੇ ਪਾ ਦੇਣ ਦੇ ਵਰਤਾਰੇ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਸਾਰੀ ਉਮਰ ਤਰਕ ਤੇ ਦਲੀਲ ਦੀ ਗੱਲ ਕਰਨ ਵਾਲੇ ਦੀ ਮੌਤ ਦੇ ਕਾਰਨਾਂ ਬਾਰੇ ਸੋਚ ਕੇ ਇਸ ਵਰਤਾਰੇ ਖਿਲਾਫ਼ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਹੈ। ਅੱਜ ਮਾਸਟਰ ਤਰਲੋਚਨ ਦੇ ਸ਼ਰਧਾਂਜਲੀ ਸਮਾਗਮ ਵਿਚ ਆਉ ਇੱਕ ਵਾਰ ਫਿਰ ਆਪਣੇ ਤਰਲੋਚਨ ਨੂੰ ਮਿਲੀਏ। ਤੁਸੀਂ ਅਤੇ ਅਸੀਂ ਸਾਰੇ ਪਿਆਰੇ ਤਰਲੋਚਨ ਦੇ ਫ਼ਿਕਰਾਂ ਦੀ ਬਾਂਹ ਫੜਨ ਲਈ ਸਮਰਾਲੇ ਇਕੱਠੇ ਹੋਈਏ।
ਸੰਪਰਕ: 94170-67344

Advertisement
Advertisement