ਬਰਸਾਤ ’ਚ ਚਾਰ ਦਨਿਾਂ ਤੋਂ ਪੀਣ ਵਾਲੇ ਪਾਣੀ ਨੂੰ ਤਰਸੇ ਲੋਕ
ਜਗਜੀਤ ਸਿੰਘ
ਮੁਕੇਰੀਆਂ, 16 ਜੁਲਾਈ
ਕੰਢੀ ਦੇ ਕਸਬਾ ਦਾਤਾਰਪੁਰ ਸਮੇਤ ਚਾਰ ਪਿੰਡਾਂ ਦੇ ਲੋਕ ਪਿਛਲੇ ਕਰੀਬ 4 ਦਨਿਾਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਲੋਕਾਂ ਨੂੰ ਪਾਣ ਵਾਲੇ ਪਾਣੀ ਲਈ ਮੁੱਲ ਦੇ ਟੈਂਕਰਾਂ ਅਤੇ ਨੇੜਲੀਆਂ ਜ਼ਮੀਨਾਂ ਵਾਲੇ ਕਿਸਾਨਾਂ ਦੀਆਂ ਮੋਟਰਾਂ ਤੋਂ ਆਪਣੇ ਵਾਹਨਾ ਰਾਹੀਂ ਪਾਣੀ ਲਿਆ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ।
ਪਿੰਡ ਦਾਤਾਰਪੁਰ ਦੇ ਸਤੀਸ਼ ਕੁਮਾਰ, ਪੁਸ਼ਪਾ ਦੇਵੀ, ਰਾਮ ਪਿਆਰੀ, ਰਾਮ ਕ੍ਰਿਸ਼ਨ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੀ 13 ਜੁਲਾਈ ਨੂੰ ਦਾਤਾਰਪੁਰ ਜਲ ਸਪਲਾਈ ਤੋਂ ਚੱਲਦੇ ਕੁਝ ਪਿੰਡਾਂ ਦੀ ਜਲ ਸਪਲਾਈ ਬੰਦ ਹੋ ਗਈ ਸੀ। ਇਸ ਦਾ ਹੱਲ ਹਾਲੇ ਬਾਕੀ ਸੀ ਕਿ 14 0ਜੁਲਾਈ ਨੂੰ ਇਸ ਸਕੀਮ ਅਧੀਨ ਚੱਲਦੇ ਕਰੀਬ 5 ਪਿੰਡਾਂ ਦੀ ਜਲ ਸਪਲਾਈ ਮੁਕੰਮਲ ਠੱਪ ਹੋ ਗਈ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਵਿੱਚ ਵੀ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਆਈ, ਪਰ ਵਿਭਾਗੀ ਅਧਿਕਾਰੀ ਪੰਪ ਦੀ ਖਰਾਬੀ ਦਾ ਬਹਾਨਾ ਲਗਾ ਕੇ ਜਲਦ ਠੀਕ ਕਰ ਲੈਣ ਦਾ ਦਾਅਵਾ ਕਰਦੇ ਰਹੇ, ਪਰ ਹਾਲੇ ਤੱਕ ਪੀਣ ਵਾਲਾ ਪਾਣੀ ਉਨ੍ਹਾਂ ਨੂੰ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਕੁਝ ਪਿੰਡਾਂ ਵਿੱਚ ਸਰਪੰਚਾਂ ਵਲੋਂ ਆਪਣੇ ਟੈਂਕਰਾਂ ਰਾਹੀਂ ਪਾਣੀ ਮੁਹੱਈਆ ਕਰਵਾਇਆ ਗਿਆ ਹੈ ਅਤੇ ਕੁਝ ਲੋਕ ਨੇੜਲੇ ਕਿਸਾਨਾਂ ਦੀਆਂ ਮੋਟਰਾਂ ਤੋਂ ਆਪਣੇ ਵਾਹਨਾਂ ਰਾਹੀਂ ਪਾਣੀ ਲਿਆ ਕੇ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਜਲਦ ਬਹਾਲ ਕੀਤੀ ਜਾਵੇ।
ਪੰਪ ਦੀ ਖਰਾਬੀ ਕਾਰਨ ਸਮੱਸਿਆ ਆਈ: ਕਾਰਜਕਾਰੀ ਇੰਜਨੀਅਰ
ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਅਨੁਜ਼ ਸ਼ਰਮਾ ਨੇ ਕਿਹਾ ਕਿ ਜਲ ਸਪਲਾਈ ਦੀ ਮੋਟਰ ਠੀਕ ਹੈ, ਪਰ ਪਾਣੀ ਸਪਲਾਈ ਕਰਨ ਵਾਲੇ ਪੰਪ ਦੀ ਖਰਾਬੀ ਕਾਰਨ ਕੁਝ ਸਮੱਸਿਆ ਆਈ ਹੈ। ਇਸ ਨੂੰ ਦੂਰ ਕਰਨ ਲਈ ਮੁਲਾਜ਼ਮ ਲੱਗੇ ਹੋਏ ਹਨ ਅਤੇ ਸ਼ਾਮ ਤੱਕ ਦੂਰ ਕਰ ਲਈ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪਾਣੀ ਦੀ ਸਮੱਸਿਆ ਦੇ ਹੱਲ ਲਈ ਬੀਤੇ ਦਨਿਾਂ ਤੋਂ ਪਾਣੀ ਦੇ ਟੈਂਕਰ ਵੀ ਵਿਭਾਗ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਹਨ।