‘ਬੁੱਢੇ ਨਾਲੇ ’ਚ ਛੇਤੀ ਹੀ ਮੱਛੀਆਂ ਤੈਰਦੀਆਂ ਵੇਖਣਗੇ ਲੋਕ’
ਗਗਨਦੀਪ ਅਰੋੜਾ
ਲੁਧਿਆਣਾ, 7 ਨਵੰਬਰ
ਲੁਧਿਆਣਾ ਵਿੱਚ ਪਿਛਲੇ ਲੰਮੇ ਸਮੇਂ ਤੋਂ ਸਿਆਸਤ ਦਾ ਸਭ ਤੋਂ ਵੱਡਾ ਮੁੱਦਾ ਮੰਨੇ ਜਾਣ ਵਾਲੇ ਬੁੱਢੇ ਨਾਲੇ ’ਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਦਾਅਵਾ ਕੀਤਾ ਕਿ ਆਉਣ ਵਾਲੇ ਇੱਕ ਸਾਲ ਵਿੱਚ ਇਸ ਨੂੰ ਸਾਫ਼ ਕਰਕੇ ਬੁੱਢਾ ਦਰਿਆ ਬਣਾ ਦਿੱਤਾ ਜਾਵੇਗਾ ਤੇ ਉਸਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਜਲਦ ਹੀ ਉਸ ਵਿੱਚ ਮੱਛੀਆਂ ਤੈਰਦੀਆਂ ਵੇਖਣਗੇ। ਲੋਕ ਸਭਾ ਮੈਂਬਰ ਬਿੱਟੂ ਅੱਜ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨ ਕਮੇਟੀ (ਦਿਸ਼ਾ) ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ, ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਸ਼ਹਿਰ ਵਿੱਚ ਟਿਕਾਊ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਵੱਖ-ਵੱਖ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਗਈ। ਇਸ ਵਿੱਚ ‘ਬੁੱਢੇ ਦਰਿਆ’ ਨੂੰ ਮੁੜ ਸੁਰਜੀਤ ਕਰਨ ਲਈ 650 ਕਰੋੜ ਰੁਪਏ ਦੇ ਪ੍ਰਾਜੈਕਟ, ਸਮਾਰਟ ਸਿਟੀ ਮਿਸ਼ਨ ਤਹਤਿ ਕੀਤੇ ਜਾ ਰਹੇ ਪ੍ਰਾਜੈਕਟਾਂ ਸਮੇਤ ਹੋਰ ਪ੍ਰਾਜੈਕਟ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਨੂੰ ਮੁੜ ਸੁਰਜੀਤ ਕਰਨ ਲਈ ਪ੍ਰਾਜੈਕਟ ਨੂੰ ਇੱਕ ਸਾਲ ਅੰਦਰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਡਾਇੰਗਾਂ ਕੈਮੀਕਲਾਂ ਵਾਲਾ ਅਣਸੋਧਿਆ ਪਾਣੀ ਸਿੱਧਾ ਬੁੱਢੇ ਨਾਲੇ ਵਿੱਚ ਸੁੱਟ ਰਹੀਆਂ ਹਨ, ਉਨ੍ਹਾਂ ਦੀ ਪਛਾਣ ਕੀਤੀ ਗਈ ਹੈ ਤੇ ਉਨ੍ਹਾਂ ਨੇ ਜੇਕਰ ਸੁਧਾਰ ਨਹੀਂ ਕੀਤਾ ਤਾਂ ਨਗਰ ਨਿਗਮ ਵੱਲੋਂ ਆਪਣੇ ਪੱਧਰ ’ਤੇ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਪੜਾਅਵਾਰ ਮੁਕੰਮਲ ਕੀਤੇ ਜਾ ਰਹੇ ਐਲੀਵੇਟਿਡ ਰੋਡ ਪ੍ਰਾਜੈਕਟ (ਫਿਰੋਜ਼ਪੁਰ ਰੋਡ) ਦੇ ਚੱਲਦਿਆਂ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਿਹੜੇ ਕਦਮ ਚੁੱਕੇ ਜਾ ਸਕਦੇ ਹਨ, ਇਸ ਬਾਰੇ ਵੀ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਸ਼ਹਿਰ ਵਿੱਚ ਕੂੜੇ ਦੇ ਪ੍ਰਬੰਧਨ ਵਿੱਚ ਸੁਧਾਰ ਲਈ ਠੋਸ ਕਦਮ ਚੁੱਕਣ ਦੇ ਨਿਰਦੇਸ਼ ਵੀ ਦਿੱਤੇ ਗਏ। ਮੀਟਿੰਗ ਤੋਂ ਬਾਅਦ ਬਿੱਟੂ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿੱਚ ਸਥਾਪਤ ਨਗਰ ਨਿਗਮ ਦੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਦਾ ਦੌਰਾ ਵੀ ਕੀਤਾ। ਲੋਕ ਸਭਾ ਮੈਂਬਰ ਬਿੱਟੂ ਨੇ ਦੱਸਿਆ ਕਿ ਸ਼ਹਿਰ ਵਿੱਚ ਸ਼ੁਰੂ ਕੀਤੇ ਜਾ ਰਹੇ ਪ੍ਰਾਜੈਕਟਾਂ ਦੀ ਸਮੀਖਿਆ ਕਰਨ ਲਈ ਅਤੇ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਉਣ ਲਈ ਕਿਹੜੇ-ਕਿਹੜੇ ਪ੍ਰਾਜੈਕਟ ਅੱਗੇ ਲਏ ਜਾ ਸਕਦੇ ਹਨ, ਇਸ ਬਾਰੇ ਚਰਚਾ ਕਰਨ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਨਗਰ ਨਿਗਮ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ, ਪੀਪੀਸੀਬੀ ਦੇ ਚੀਫ ਇੰਜਨੀਅਰ ਪਰਦੀਪ ਗੁਪਤਾ, ਟਰੈਫਿਕ ਮਾਹਿਰ ਰਾਹੁਲ ਵਰਮਾ ਆਦਿ ਵੀ ਹਾਜ਼ਰ ਸਨ
‘ਹਾਰ ਦੇ ਡਰ ਕਾਰਨ ਨਗਰ ਨਿਗਮ ਚੋਣਾਂ ਅੱਗੇ ਪਾਈਆਂ’
ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਸੂਬੇ ਦੀਆਂ 5 ਨਗਰ ਨਿਗਮਾਂ ਵਿੱਚ ਸੱਤਾਧਾਰੀ ‘ਆਪ’ ਸਰਕਾਰ ਨਿਗਮ ਚੋਣਾਂ ਹੀ ਨਹੀਂ ਕਰਵਾ ਰਹੇ ਹਨ। ਜਿਸਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਕਿ ‘ਆਪ’ ਨੇ ਔਰਤਾਂ ਨੂੰ ਵਾਅਦਾ ਕੀਤਾ ਸੀ ਕਿ 1000 ਰੁਪਏ ਹਰ ਔਰਤ ਦੇ ਬੈਂਕ ਖਾਤੇ ਵਿੱਚ ਆਉਣਗੇ ਪਰ ਆਇਆ ਇੱਕ ਰੁਪਏ ਵੀ ਨਹੀਂ। ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਚੋਣਾਂ ਹੋਈਆਂ ਤਾਂ ਉਹ ਪੰਜੇ ਨਗਰ ਨਿਗਮਾਂ ਬੁਰੀ ਤਰ੍ਹਾਂ ਹਾਰ ਜਾਣਗੇ। ਇਸ ਕਰਕੇ ਨਗਰ ਨਿਗਮ ਕੌਂਸਲਰਾਂ ਦੀ ਪਾਵਰਾਂ ਵਿਧਾਇਕ ਆਪਣੇ ਕੋਲ ਰੱਖ ਕੇ ਚੋਣਾਂ ਅੱਗੇ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਵਿੱਚ ਸਟੀਰਟ ਲਾਈਟਾਂ ਵਿਧਾਇਕ ਦੇ ਖਾਸਮਖਾਸਾਂ ਦੇ ਕਹਿਣ ’ਤੇ ਲੱਗ ਰਹੀਆਂ ਹਨ। ਕਾਂਗਰਸੀ ਮੇਅਰ ਦੇ ਰਾਜ ਵਿੱਚ ਖ਼ਰੀਦੇ ਗਏ ਟਰੈਕਟ ਵੀ ਹੁਣ ‘ਆਪ’ ਨੇ ਆਪਣੇ ਸੰਭਾਵੀ ਉਮੀਦਵਾਰਾਂ ਨੂੰ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲੋਕ ਪ੍ਰੇਸ਼ਾਨ ਹਨ।