ਹੰਕਾਰੀ ਭਾਜਪਾ ਸਰਕਾਰ ਨੂੰ ਵੋਟਾਂ ਦੇ ਸਹਾਰੇ ਖਤਮ ਕਰਨਗੇ ਲੋਕ: ਅਰੋੜਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 2 ਅਕਤੂਬਰ
ਥਾਨੇਸਰ ਵਿਧਾਨ ਸਭਾ ਤੋਂ ਕਾਂਗਰਸੀ ਉਮੀਦਵਾਰ ਅਸ਼ੋਕ ਅਰੋੜਾ ਨੇ ਪਿੰਡ ਬਾਰਨਾ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਥਾਨੇਸਰ ਦੇ ਲੋਕ ਹੰਕਾਰੀ ਭਾਜਪਾ ਸਰਕਾਰ ਨੂੰ ਵੋਟਾਂ ਦੇ ਸਹਾਰੇ ਖਤਮ ਕਰਨਗੇ। ਉਨਾਂ ਕਿਹਾ ਕਿ ਭਾਜਪਾ ਨੇ ਹਰ ਵਰਗ ਨੂੰ ਜ਼ਲੀਲ ਕਰਨ ਦਾ ਕੰਮ ਕੀਤਾ ਹੈ। ਮੁੱਖ ਮੰਤਰੀ ਵਜੋਂ ਆਪਣੇ ਕਾਰਜ ਕਾਲ ਦੌਰਾਨ ਮਨੋਹਰ ਲਾਲ ਖੱਟਰ ਨੇ ਇਨਸਾਫ਼ ਮੰਗਣ ਵਾਲੇ ਹਰ ਵਿਅਕਤੀ ਨੂੰ ਕੁੱਟਿਆ ਤੇ ਜ਼ਲੀਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਰੇ ਸੂਬੇ ਵਿੱਚ ਬਦਲਾਅ ਦੀ ਲਹਿਰ ਚਲ ਰਹੀ ਹੈ। ਥਾਨੇਸਰ ਹਲਕੇ ਦੇ ਲੋਕਾਂ ਨੇ ਕਾਂਗਰਸ ਨੂੰ ਵੱਡੇ ਫਰਕ ਨਾਲ ਜਿਤਾਉਣ ਦਾ ਫੈਸਲਾ ਕਰ ਲਿਆ ਹੈ। ਅਰੋੜਾ ਨੇ ਡੇਰਾ ਰਾਮ ਨਗਰ, ਪਿੰਡਾਰਸੀ ,ਹਥੀਰਾ, ਝਿੰਝਰਪੁਰ, ਕੈਂਥਲਾ,ਗਾਂਧੀ ਨਗਰ ਆਦਿ ਵਿਚ ਕਈ ਥਾਵਾਂ ’ਤੇ ਚੋਣ ਮੀਟਿੰਗਾਂ ਨੂੰ ਸੰਬਧਨ ਕੀਤਾ। ਅਰੋੜਾ ਨੇ ਕਿਹਾ ਕਿ ਭਾਜਪਾ ਨੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਵਾਅਦਾਖ਼ਿਲਾਫ਼ੀ ਕੀਤੀ। ਉਨ੍ਹ੍ਵਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦ ਖਾਦਾਂ, ਟਰੈਕਟਰ ਪਾਰਟਸ ਤੇ ਖੇਤੀ ਸੰਦਾਂ ’ਤੇ ਟੈਕਸ ਲਾਇਆ ਗਿਆ ਹੈ। ਭਾਜਪਾ ਸਰਕਾਰ ਦੇ ਰਾਜ ਵਿਚ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਅਣਗੌਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੁਸ਼ਾਸ਼ਨ ਤੋਂ ਸੂਬੇ ਦਾ ਹਰ ਵਰਗ ਦੁਖੀ ਹੈ। ਸੂਬੇ ਵਿੱਚ ਭਾਜਪਾ ਜਾ ਰਹੀ ਹੈ ਤੇ ਕਾਂਗਰਸ ਆ ਰਹੀ ਹੈ।
ਭਾਜਪਾ ਉਮੀਦਵਾਰ ਦਾ ਵਿਸ਼ਵਾਸਪਾਤਰ ਕੌਂਸਲਰ ਕਾਂਗਰਸ ਵਿੱਚ ਸ਼ਾਮਲ
ਇਸ ਦੌਰਾਨ ਭਾਜਪਾ ਉਮੀਦਵਾਰ ਸੁਭਾਸ਼ ਸੁਧਾ ਦੇ ਵਿਸ਼ਵਾਸਪਾਤਰ ਮੰਨੇ ਜਾਂਦੇ ਨਗਰ ਕੌਂਸਲਰ ਦੀਪਕ ਸਿਡਾਨਾ ਆਪਣੇ ਸਮਰਥਕਾਂ ਸਣੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਪਿੰਡ ਬਾਰਨਾ ਵਿਚ ਸੇਵਾ ਮੁਕਤ ਫੌਜੀ ਆਪਣੇ ਸੈਂਕੜੇ ਸਾਥੀਆਂ ਸਣੇ ਕਾਂਗਰਸ ਵਿਚ ਸ਼ਾਮਲ ਹੋ ਗਏ। ਕਾਂਗਰਸੀ ਉਮੀਦਵਾਰ ਅਸ਼ੋਕ ਅਰੋੜਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਮਾਣ ਸਨਮਾਨ ਦਿੱਤਾ ਜਾਵੇਗਾ।