For the best experience, open
https://m.punjabitribuneonline.com
on your mobile browser.
Advertisement

ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਖੱਜਲ ਹੋਏ ਲੋਕ

06:59 AM Oct 05, 2024 IST
ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਖੱਜਲ ਹੋਏ ਲੋਕ
ਬਲਾਕ ਗੋਇੰਦਵਾਲ ਵਿੱਚ ਨਾਮਜ਼ਦਗੀਆਂ ਦਾਖ਼ਲ ਕਰਵਾਉਣ ਲਈ ਕਤਾਰਾਂ ਵਿੱਚ ਲੱਗੇ ਹੋਏ ਲੋਕ। -ਫੋਟੋ: ਵਿਸ਼ਾਲ
Advertisement

ਪਾਲ ਸਿੰਘ ਨੌਲੀ
ਜਲੰਧਰ, 4 ਅਕਤੂਬਰ
ਪੰਚਾਇਤੀ ਚੋਣਾਂ ਲਈ ਅੱਜ ਨਾਮਜ਼ਦਗੀਆਂ ਭਰਨ ਦਾ ਆਖ਼ਰੀ ਦਿਨ ਹੋਣ ਕਾਰਨ ਸਾਰੀਆਂ ਥਾਵਾਂ ’ਤੇ ਭੀੜ ਲੱਗੀ ਰਹੀ। ਨਾਮਜ਼ਦਗੀਆਂ ਦਾਖ਼ਲ ਕਰਨ ਦਾ ਸਮਾਂ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਬਾਅਦ ਤਿੰਨ ਵਜੇ ਤੱਕ ਸੀ। ਲੋਕ ਸਵੇਰੇ 8 ਵਜੇ ਹੀ ਨਾਮਜ਼ਦਗੀਆਂ ਭਰਨ ਲਈ ਆਪਣੇ ਕੇਂਦਰਾਂ ’ਤੇ ਪਹੁੰਚ ਗਏ ਸਨ। ਕਈ ਥਾਵਾਂ ’ਤੇ ਪੀਣ ਵਾਲੇ ਪਾਣੀ ਅਤੇ ਬੈਠਣ ਦਾ ਤਕ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਨਾਮਜ਼ਦਗੀਆਂ ਭਰਨ ਆਏ ਲੋਕ ਖ਼ਾਸਕਰ ਔਰਤਾਂ ਪ੍ਰੇਸ਼ਾਨ ਹੋਈਆਂ। ਦੇਰ ਸ਼ਾਮ ਤੱਕ ਨਾਮਜ਼ਦਗੀਆਂ ਭਰਨ ਦਾ ਅਮਲ ਜਾਰੀ ਰਿਹਾ। ਇੱਕ ਅਧਿਕਾਰੀ ਨੇ ਦੱਸਿਆ ਕਿ ਰਾਤ ਦੇ 12 ਵਜੇ ਤੱਕ ਪਤਾ ਲੱਗ ਸਕੇਗਾ ਕਿ ਜ਼ਿਲ੍ਹੇ ਵਿੱਚ ਕੁੱਲ ਕਿੰਨੀਆਂ ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਇਸ ਦੌਰਾਨ ਭੋਗਪੁਰ ਵਿੱਚ ਰਾਤ 10 ਵਜੇ ਤਕ ਕਤਾਰਾਂ ਲੱਗੀਆਂ ਰਹੀਆਂ ਤੇ ਖੇਤੀਬਾੜੀ ਦਫ਼ਤਰ ਵਿੱਚ ਰਾਤ ਨੌਂ ਵਜੇ ਤਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ।
ਜਲੰਧਰ ਜ਼ਿਲ੍ਹੇ ਦੀਆਂ 945 ਪਿੰਡਾਂ ਦੀਆਂ ਪੰਚਾਇਤਾਂ ਲਈ 15 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ। ਜ਼ਿਲ੍ਹੇ ਦੇ ਕੁੱਲ 11 ਬਲਾਕਾਂ ਵਿੱਚ 91 ਥਾਵਾਂ ’ਤੇ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਸਨ। ਹਰ ਰਿਟਰਨਿੰਗ ਅਫ਼ਸਰ ਕੋਲ 10 ਤੋਂ 11 ਪਿੰਡ ਸਨ। ਸਰਪੰਚ ਦੇ ਅਹੁਦੇ ਵਾਸਤੇ ਔਰਤਾਂ ਲਈ ਸੀਟਾਂ 50 ਫ਼ੀਸਦੀ ਰਾਖਵੀਆਂ ਹੋਣ ਕਾਰਨ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬੁੱਧੀਰਾਜ ਸਿੰਘ ਨੇ ਦੱਸਿਆ ਕਿ ਚੋਣ ਲੜਨ ਦੇ ਚਾਹਵਾਨਾਂ ਨੂੰ ਤਿੰਨ ਅਕਤੂਬਰ ਤੱਕ 10 ਹਾਜ਼ਰ ਦੇ ਕਰੀਬ ਐਨਓਸੀਜ਼ ਜਾਰੀ ਕੀਤੀਆਂ ਗਈਆਂ ਸਨ। ਅੱਜ ਵੀ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੂੰ ਐਨਓਸੀਜ਼ ਜਾਰੀ ਕੀਤੀਆਂ ਗਈਆਂ। ਪੰਚਾਇਤੀ ਵਿਭਾਗ ਦੇ ਇੱਕ ਅਧਿਕਾਰੀ ਅਨੁਸਾਰ ਅੱਜ 12,000 ਹਾਜ਼ਰ ਦੇ ਕਰੀਬ ਨਾਮਜ਼ਦਗੀਆਂ ਭਰਨ ਲਈ ਵੱਖ-ਵੱਖ ਪਿੰਡਾਂ ਤੋਂ ਲੋਕ ਆਏ ਹੋਏ ਸਨ। ਨਾਮਜ਼ਦਗੀਆਂ ਭਰਨ ਆਏ ਲੋਕਾਂ ਨੂੰ ਤਿੰਨ ਵਜੇ ਤੱਕ ਟੋਕਨ ਦਿੱਤੇ ਗਏ ਸਨ ਭਾਵ ਕਿ ਜਿਸ ਕੋਲ ਟੋਕਨ ਹੋਵੇਗਾ ਉਸ ਦੇ ਕਾਗਜ਼ ਤਿੰਨ ਵਜੇ ਤੋਂ ਬਾਅਦ ਵੀ ਫੜੇ ਜਾਣਗੇ। ਲੋਕਾਂ ਨੂੰ ਘੰਟਿਆਂ ਬੱਧੀ ਲਾਈਨਾਂ ਵਿੱਚ ਖੜ੍ਹਨਾ ਪਿਆ।
ਮਾਡਲ ਟਾਊਨ ਵਿੱਚ ਸੀਵਰੇਜ਼ ਬੋਰਡ ਦੇ ਦਫਤਰ ਵਿੱਚ ਪਤਾਰਾ ਸਰਕਲ ਦੇ ਪਿੰਡਾਂ ਦੇ ਨਾਮਜ਼ਦਗੀ ਕਾਗਜ਼ ਭਰੇ ਗਏ। ਇੱਥੇ ਕੇਂਦਰ ਵਿੱਚ ਆਏ ਲੋਕ ਪ੍ਰੇਸ਼ਾਨ ਹੋਏ। ਇੱਥੇ ਨਾ ਨੇੜੇ-ਤੇੜੇ ਬੈਠਣ ਦੀ ਥਾਂ ਸੀ ਤੇ ਨਾ ਹੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ। ਕਈ ਔਰਤਾਂ ਆਪਣੇ ਛੋਟੇ ਬੱਚੇ ਵੀ ਨਾਲ ਲਿਆਈਆਂ ਹੋਈਆਂ ਸਨ।
ਤਰਨ ਤਾਰਨ (ਗੁਰਬਖਸ਼ਪੁਰੀ): ਪੰਚਾਇਤ ਚੋਣਾਂ ਲਈ ਜ਼ਿਲ੍ਹੇ ਅੰਦਰ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅੱਜ ਆਖ਼ਰੀ ਦਿਨ ਜਿੱਥੇ ਲੋਕ ਖ਼ੁਆਰ ਹੋਏ ਉੱੱਥੇ ਹੀ ਸੱਤਾਧਾਰੀ ਪਾਰਟੀ ਦੇ ਆਗੂਆਂ ’ਤੇ ਵਿਰੋਧੀ ਉਮੀਦਵਾਰਾਂ ਤੋਂ ਫਾਈਲਾਂ ਖੋਹ ਕੇ ਪਾੜਨ ਤੇ ਕੁੱਟਮਾਰ ਆਦਿ ਦੇ ਦੋਸ਼ ਵੀ ਲੱਗੇ ਹਨ। ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀਡੀਪੀਓ) ਨੌਸ਼ਹਿਰਾ ਪੰਨੂੰਆਂ ਦੇ ਦਫ਼ਤਰ ਨੂੰ ਜਾਂਦੇ ਰਾਹਾਂ ’ਤੇ ਅਣਪਛਾਤੇ ਹਥਿਆਰਬੰਦਾਂ ਨੇ ਕਥਿਤ ਦਹਿਸ਼ਤ ਫੈਲਾ ਰੱਖੀ ਸੀ, ਉਹ ਆਉਂਦੇ-ਜਾਂਦੇ ਸੰਭਾਵੀ ਉਮੀਦਵਾਰਾਂ ਤੋਂ ਪੁੱਛ-ਪੜਤਾਲ ਕਰਦੇ ਅਤੇ ਉਨ੍ਹਾਂ ਨੂੰ ਆਪਣੀ ਇੱਛਾ ਅਨੁਸਾਰ ਅੱਗੇ ਜਾਣ ਦਿੰਦੇ ਸਨ| ਬਲਾਕ ਗੰਡੀਵਿੰਡ ਵਿੱਚ ਆਉਂਦੇ ਪਿੰਡ ਚੀਮਾ ਖੁਰਦ ਦੇ ਇੱਕ ਉਮੀਦਵਾਰ ਤੋਂ ‘ਆਪ’ ਸਮਰਥਕਾਂ ਨੇ ਫਾਈਲ ਖੋਹ ਕੇ ਪਾੜ ਦਿੱਤੀ| ਇਸ ਤੋਂ ਰੋਹ ਵਿੱਚ ਆਏ ਲੋਕਾਂ ਨੇ ਉਨ੍ਹਾਂ ਨੂੰ ਪੁਲੀਸ ਹਵਾਲੇ ਕਰ ਦਿੱਤਾ। ਰੋਸ ਵਜੋਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ, ਹਰਦੀਪ ਸਿੰਘ ਰਸੂਲਪੁਰ ਆਦਿ ਦੀ ਅਗਵਾਈ ਵਿੱਚ ਥਾਣਾ ਸਰਾਏ ਆਮਾਨਤ ਖਾਂ ਸਾਹਮਣੇ ਧਰਨਾ ਵੀ ਦਿੱਤਾ|

Advertisement

ਫਾਈਲਾਂ ਲੈਣ ਵਾਲੇ ਅਮਲੇ ’ਤੇ ਰਿਸ਼ਵਤ ਲੈਣ ਦੇ ਦੋਸ਼

ਰਈਆ (ਦਵਿੰਦਰ ਸਿੰਘ ਭੰਗੂ): ਬਲਾਕ ਰਈਆ ਵਿੱਚ ਪੰਚ ਤੇ ਸਰਪੰਚ ਲਈ ਨਾਮਜ਼ਦਗੀ ਪੇਪਰ ਦਾਖ਼ਲ ਕਰਨ ਦੇ ਆਖ਼ਰੀ ਦਿਨ ਅੱਜ ਗੁਰੂ ਤੇਗ ਬਹਾਦਰ ਸਰਕਾਰੀ ਕਾਲਜ ਸਠਿਆਲਾ ਵਿੱਚ ਵੱਡੀ ਗਿਣਤੀ ਲੋਕ ਇਕੱਤਰ ਹੋ ਗਏ। ਇਸ ਕਾਰਨ ਆਖ਼ਰੀ ਸਮੇਂ ਤੱਕ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਵੱਲੋ ਲੋਕਾਂ ’ਤੇ ਕੰਟਰੋਲ ਨਾ ਹੋ ਸਕਿਆ। ਨਾਮਜ਼ਦਗੀ ਦਾਖ਼ਲ ਕਰਨ ਆਏ ਲੋਕਾਂ ਨੇ ਦੋਸ਼ ਲਾਏ ਕਿ ਇੱਥੇ ਤਾਇਨਾਤ ਸਟਾਫ਼ ਨੇ ‘ਚੋਰ ਮੋਰੀਆਂ’ ਰਾਹੀਂ ਕਥਿਤ ਰਿਸ਼ਵਤ ਲੈ ਕੇ ਆਪਣੇ ਨੇੜਲਿਆਂ ਨੂੰ ਫ਼ਾਇਦਾ ਪਹੁੰਚਾਇਆ। ਇੱਥੇ ਪ੍ਰਬੰਧਾਂ ਦੀ ਵੀ ਘਾਟ ਰਹੀ। ਬਲਾਕ ਰਈਆ ਦੇ ਪੰਚ-ਸਰਪੰਚ ਨਾਮਜ਼ਦਗੀ ਪੇਪਰ ਭਰਨ ਆਈਆਂ ਦਰਜਨ ਦੇ ਕਰੀਬ ਔਰਤਾਂ ਬੇਹੋਸ਼ ਹੋ ਕੇ ਭੀੜ ਵਿੱਚ ਡਿੱਗੀਆਂ। ਜਾਣਕਾਰੀ ਅਨੁਸਾਰ ਬਲਾਕ ਰਈਆ ਦੇ ਕਰੀਬ 99 ਪਿੰਡਾਂ ਦੇ ਪੰਚਾਂ ਤੇ ਸਰਪੰਚਾਂ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੇਪਰ ਸਰਕਾਰੀ ਕਾਲਜ ਸਠਿਆਲਾ ਵਿੱਚ ਪ੍ਰਾਪਤ ਕਰਨ ਦੇ ਅੱਜ ਆਖ਼ਰੀ ਦਿਨ ਲੋਕ ਬੀਤੀ ਰਾਤ ਤੋਂ ਹੀ ਕਾਲਜ ਕੰਪਲੈਕਸ ਵਿੱਚ ਪੁੱਜਣੇ ਸ਼ੁਰੂ ਹੋ ਗਏ ਸਨ। ਪੁਲੀਸ ਪਾਰਟੀ ਡੀਐੱਸਪੀ ਅਰੁਣ ਸ਼ਰਮਾ ਦੀ ਅਗਵਾਈ ਹੇਠ ਭੀੜ ’ਤੇ ਕੰਟਰੋਲ ਕਰਨ ਵਿੱਚ ਲੱਗੀ ਰਹੀ ਪਰ ਵੱਡੀ ਲੋਕ ਗਿਣਤੀ ਹੋਣ ਕਾਰਨ ਪੁਲੀਸ ਬੇਵੱਸ ਨਜ਼ਰ ਆਈ। ਸਿਵਲ ਪ੍ਰਸ਼ਾਸਨ ਵੱਲੋਂ ਪਾਣੀ ਆਦਿ ਦਾ ਪ੍ਰਬੰਧ ਨਾ ਹੋਣ ਕਾਰਨ ਦਰਜਨ ਦੇ ਕਰੀਬ ਔਰਤਾਂ ਬੇਹੋਸ਼ ਹੋ ਗਈਆਂ। ਇਸੇ ਦੌਰਾਨ ਲੋਕਾਂ ਨੇ ਇਹ ਵੀ ਦੋਸ਼ ਲਾਏ ਕਿ ਪੇਪਰ ਲੈਣ ਵਾਲਾ ਅਮਲਾ ਪਿਛਲੇ ਦਰਵਾਜ਼ੇ ਰਾਹੀਂ ਕਥਿਤ ਰਿਸ਼ਵਤ ਲੈ ਕੇ ਫਾਈਲਾਂ ਪ੍ਰਾਪਤ ਕਰਦਾ ਰਿਹਾ। ਲੋਕਾਂ ਨੇ ਇਹ ਵੀ ਦੋਸ਼ ਲਾਏ ਕਿ ਕੁਝ ਫਾਈਲਾਂ ’ਤੇ ਕਥਿਤ ਤੌਰ ’ਤੇ ਪਾਣੀ ਡੋਲ ਕੇ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਚਾਰ ਘੰਟੇ ਦੇ ਸਮੇਂ ਵਿੱਚੋਂ ਦੋ ਘੰਟੇ ਤੋਂ ਉੱਪਰ ਸਮਾਂ ਫਾਈਲਾਂ ਲੈਣ ਦਾ ਕੰਮ ਦਰਵਾਜ਼ਾ ਬੰਦ ਕਰ ਕੇ ਰੋਕਿਆ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਸੀਪੀਆਈ ਦੇ ਸੂਬਾ ਆਗੂ ਕਾਮਰੇਡ ਗੁਰਨਾਮ ਸਿੰਘ ਦਾਊਦ ਨੇ ਪ੍ਰਬੰਧਾਂ ਦੀ ਕਮੀ ਤੇ ਦੋਸ਼ ਲਈ ਸਰਕਾਰ ਜ਼ਿੰਮੇਵਾਰ ਦੱਸਦਿਆਂ ਨਿਖੇਧੀ ਕੀਤੀ।

Advertisement

ਪੈਸੇ ਲੈ ਕੇ ਕਾਗ਼ਜ਼ ਦਾਖ਼ਲ ਕਰਵਾਉਣ ਦੇ ਦੋਸ਼ ਬੇਬੁਨਿਆਦ: ਤਹਿਸੀਲਦਾਰ

ਸਰਕਾਰੀ ਕਾਲਜ ਸਠਿਆਲਾ ਵਿੱਚ ਪਿਛਲੀਆਂ ਖਿੜਕੀਆਂ ਰਾਹੀਂ ਫਾਈਲਾਂ ਦਾਖ਼ਲ ਕਰਵਾਉਂਦੇ ਹੋਏ ਲੋਕ।

ਤਹਿਸੀਲਦਾਰ ਬਾਬਾ ਬਕਾਲਾ ਸੁਖਦੇਵ ਕੁਮਾਰ ਬੰਗੜ ਦੀਆਂ ਕੰਮ ਵਿਚ ਤੇਜ਼ੀ ਲਿਆਉਣ ਦੀਆਂ ਕੋਸ਼ਿਸ਼ਾਂ ਵੀ ਕਾਮਯਾਬ ਨਾ ਹੋ ਸਕੀਆਂ। ਉਨ੍ਹਾਂ ਨੇ ਕਿਹਾ ਕਿ ਇੱਥੇ ਪੈਸੇ ਲੈ ਕੇ ਕਾਗਜ਼ ਦਾਖ਼ਲ ਕਰਨ ਦੀਆਂ ਸਿਰਫ਼ ਅਫ਼ਵਾਹਾਂ ਹਨ, ਅਜਿਹੀ ਕੋਈ ਘਟਨਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇ ਕਿਸੇ ਮੁਲਾਜ਼ਮ ਨੇ ਅਜਿਹਾ ਕੀਤਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ।

Advertisement
Author Image

sukhwinder singh

View all posts

Advertisement