For the best experience, open
https://m.punjabitribuneonline.com
on your mobile browser.
Advertisement

ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਕੀਤੀ ਜੈਨਰੇਟਰ ਦੀ ਪੂਜਾ

07:28 AM Jul 04, 2024 IST
ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਕੀਤੀ ਜੈਨਰੇਟਰ ਦੀ ਪੂਜਾ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਜੁਲਾਈ
ਸਨਅਤੀ ਸ਼ਹਿਰ ਵਿੱਚ ਦੋ ਦਿਨਾਂ ਤੋਂ ਪੈ ਰਹੇ ਮੀਂਹ ਦਰਮਿਆਨ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ ਹਨ। ਗਰਮੀ ਤੋਂ ਬਾਅਦ ਮੀਂਹ ਪੈਣ ਦੇ ਬਾਵਜੂਦ ਬਿਜਲੀ ਦੀ ਸਪਲਾਈ ਪੂਰੀ ਨਹੀਂ ਮਿਲ ਰਹੀ। ਸ਼ਹਿਰ ਵਿੱਚ ਕਈ-ਕਈ ਘੰਟਿਆਂ ਦੇ ਅਣਐਲਾਨੇ ਕੱਟ ਲੱਗ ਰਹੇ ਹਨ। ਚੰਡੀਗੜ੍ਹ ਰੋਡ ਦੇ ਨਾਲ ਲੱਗਦੇ ਇਲਾਕਿਆਂ ’ਚ ਬਿਜਲੀ ਨਾ ਆਉਣ ਕਾਰਨ ਪ੍ਰੇਸ਼ਾਨ ਲੋਕਾਂ ਨੇ ਵੱਖਰੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਲੋਕਾਂ ਵੱਲੋਂ ਬਿਜਲੀ ਦਫ਼ਤਰ ਫੋਕਲ ਪੁਆਇੰਟ ਦੇ ਦਫ਼ਤਰ ਅੱਗੇ ਜੈਨਰੇਟਰ ਲੈ ਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ‘ਜੈਨਰੇਟਰ ਹੀ ਸਹਾਰਾ’ ਦੇ ਨਾਅਰੇ ਵੀ ਲਾਏ ਗਏ ਤੇ ਪ੍ਰਦਰਸ਼ਨਕਾਰੀਆਂ ਨੇ ਜੈਨਰੇਟਰ ਅੱਗੇ ਅਗਰਬੱਤੀ ਬਾਲ ਕੇ ਪੂਜਾ ਕੀਤੀ।
ਪ੍ਰਦਰਸ਼ਨਕਾਰੀਆਂ ਦੀ ਅਗਵਾਈ ਭਾਜਪਾ ਦੇ ਆਗੂਆਂ ਨੇ ਕੀਤੀ। ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕਿਆਂ ਵਿੱਚ ਕਈ-ਕਈ ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ। ਪਾਵਰਕੌਮ ਦੇ ਹੈਲਪਲਾਈਨ ਨੰਬਰ ਚਲਦੇ ਨਹੀਂ। ਜੇਕਰ ਕਿਸੇ ਤਰੀਕੇ ਉਸ ਨੰਬਰ ’ਤੇ ਸ਼ਿਕਾਇਤ ਦਰਜ ਹੋ ਜਾਂਦੀ ਹੈ ਤਾਂ ਕਈ ਕਈ ਘੰਟਿਆਂ ਬਾਅਦ ਬਿਜਲੀ ਦੀ ਸਪਲਾਈ ਸ਼ੁਰੂ ਹੁੰਦੀ ਹੈ। ਪ੍ਰਦਰਸ਼ਨ ਕਰ ਰਹੇ ਨੌਜਵਾਨ ਜਤਿੰਦਰ ਕੁਮਾਰ, ਪ੍ਰਮੋਦ ਅਤੇ ਲਵੀ ਨੇ ਕਿਹਾ ਕਿ ਸਰਕਾਰ ਬਿਜਲੀ ਦੇਣ ’ਚ ਨਾਕਾਮ ਸਾਬਤ ਹੋਈ ਹੈ। ਬਿਜਲੀ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਬਿਜਲੀ ਘਰ ਪੁੱਜੇ ਲੋਕਾਂ ਨੇ ਕਿਹਾ ਕਿ ਹੁਣ ਤਾਂ ਜੈਨਰੇਟਰ ਹੀ ਸਹਾਰਾ ਹੈ, ਉਹ ਇਸ ਦੀ ਰੋਜ਼ਾਨਾ ਪੂਜਾ ਕਰਨਗੇ। ਲੋਕਾਂ ਨੇ ਕਿਹਾ ਕਿ ਸਰਕਾਰ ਬਿਜਲੀ ਕੱਟਾਂ ਤੋਂ ਰਾਹਤ ਦੇਵੇ ਨਹੀਂ ਤਾਂ ਉਹ ਕੌਮੀ ਮਾਰਗ ਜਾਮ ਕਰਨਗੇ। ਪ੍ਰਦਰਸ਼ਨ ਤੋਂ ਬਾਅਦ ਲੋਕਾਂ ਨੇ ਬਿਜਲੀ ਵਿਭਾਗ ਦੇ ਐਕਸੀਅਨ ਅਮਰਿੰਦਰ ਸੰਧੂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਕੋਲੋਂ ਲੱਗ ਰਹੇ ਕੱਟਾਂ ਤੋਂ ਰਾਹਤ ਦਿਵਾਉਣ ਦੀ ਮੰਗ ਕੀਤੀ। ਪਾਵਰਕੌਮ ਦੇ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਬਿਨਾਂ ਫਾਲਟ ਤੋਂ ਕਿਸੇ ਵੀ ਇਲਾਕੇ ਵਿੱਚ ਕੋਈ ਕੱਟ ਨਹੀਂ ਲੱਗ ਰਿਹਾ। ਜੇਕਰ ਕਿਸੇ ਤਰੀਕੇ ਦਾ ਕੋਈ ਫਾਲਟ ਪੈਂਦਾ ਹੈ ਤਾਂ ਹੀ ਬਿਜਲੀ ਬੰਦ ਕੀਤੀ ਜਾਂਦੀ ਹੈ।

Advertisement

Advertisement
Author Image

Advertisement
Advertisement
×