ਵੈਟਰਨਰੀ ’ਵਰਸਿਟੀ ਵੱਲੋਂ ਡਰੋਨ ਸਿਖਲਾਈ ਲਈ ਸਮਝੌਤਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਅਗਸਤ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਤਿੰਨ ਧਿਰੀ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ। ਕਿਸਾਨ ਡਰੋਨ ਪਾਇਲਟ ਸਿਖਲਾਈ ਦੇਣ ਸਬੰਧੀ ਵੈਟਰਨਰੀ ਯੂਨੀਵਰਸਿਟੀ, ਖੇਤੀਬਾੜੀ ਤਕਨਾਲੋਜੀ ਵਰਤੋਂ ਖੋਜ ਸੰਸਥਾ, ਲੁਧਿਆਣਾ ਅਤੇ ਇਕਬਰੀ ਵਰਟੀਕਲਜ਼ ਮੁਹਾਲੀ ਦੌਰਾਨ ਇਹ ਸਮਝੌਤਾ ਹੋਇਆ।
ਇਕਬਰੀ ਵਰਟੀਕਲਜ਼ ਦੇ ਪ੍ਰਬੰਧ ਨਿਰਦੇਸ਼ਕ ਕੁਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਹਵਾਬਾਜ਼ੀ ਵਿਭਾਗ ਦੇ ਮਹਾਨਿਰਦੇਸ਼ਕ ਨਾਲ ਸਬੰਧਤ ਪਾਇਲਟ ਸਿਖਲਾਈ ਕੇਂਦਰ ਪੰਜਾਬ ਵਿੱਚ ਖੋਲ੍ਹਿਆ ਜਾ ਰਿਹਾ ਹੈ। ਇਹ ਕੇਂਦਰ ਸਭ ਤੋਂ ਪਹਿਲਾਂ ਕੇਵੀਕੇ ਬਰਨਾਲਾ ਵਿੱਚ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਕਬਰੀ ਵਰਟੀਕਲਜ਼ ਦਾ ਟੀਚਾ ਆਉਂਦੇ ਵਰ੍ਹਿਆਂ ਵਿੱਚ ਚਾਰ ਲੱਖ ਕਿਸਾਨਾਂ ਨੂੰ ਸਿੱਖਿਅਤ ਕਰਨ ਦਾ ਹੈ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਕਾਸ਼ ਸਿੰਘ ਬਰਾੜ ਨੇ ਕਿਹਾ ਕਿ ਆਉਣ ਵਾਲੇ ਦਹਾਕੇ ਵਿੱਚ ਖੇਤੀਬਾੜੀ ਲਈ ਡਰੋਨ ਦੀ ਵਰਤੋਂ ਜ਼ਰੂਰੀ ਹੋ ਜਾਵੇਗੀ। ਨਿਰਦੇਸ਼ਕ ਖੋਜ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਖੇਤੀਬਾੜੀ ਵਿੱਚ ਕਾਮਿਆਂ ਦੀ ਲੋੜ ਘਟਣ ਨਾਲ ਖ਼ਰਚੇ ਵੀ ਘੱਟ ਹੋ ਜਾਣਗੇ। ਨਿਰਦੇਸ਼ਕ ਅਟਾਰੀ ਡਾ. ਪਰਵੇਂਦਰ ਸ਼ੇਰੋ ਨੇ ਕਿਹਾ ਕਿ ਚਾਹਵਾਨ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਵਿੱਚ ਸਿਖਲਾਈ ਦਿੱਤੀ ਜਾਵੇਗੀ। ਉੁਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਸਾਰੀ ਟੀਮ ਨੂੰ ਮੁਬਾਰਕਬਾਦ ਦਿੱਤੀ।