ਲੋਕਾਂ ਨੇ ਰਜਿਸਟਰੀਆਂ ਨਾ ਹੋਣ ’ਤੇ ਨਾਇਬ ਤਹਿਸੀਲਦਾਰ ਘੇਰਿਆ
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ
ਇੱਥੇ ਸ਼ਹਿਰ ਦੀ ਤਹਿਸੀਲ ਵਿੱਚ ਰਜਿਸਟਰੀਆਂ ਦਾ ਕੰਮ ਸਮੇਂ ’ਤੇ ਨਾ ਹੋਣ ਕਾਰਨ ਰੋਹ ਵਿੱਚ ਆਏ ਲੋਕਾਂ ਨੇ ਕੱਲ੍ਹ ਦੇਰ ਸ਼ਾਮ ਨਾਇਬ ਤਹਿਸੀਲਦਾਰ ਨੂੰ ਘੇਰ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਨਾਇਬ ਤਹਿਸੀਲਦਾਰ ’ਤੇ ਲੋਕਾਂ ਨੂੰ ਰਜਿਸਟਰੀਆਂ, ਇੰਤਕਾਲ ਅਤੇ ਹੋਰ ਤਹਿਸੀਲ ਪੱਧਰ ਦੇ ਕੰਮਾਂ ’ਚ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਅਤੇ ਦੇਰੀ ਦਾ ਦੋਸ਼ ਲਾਇਆ। ਮਾਮਲਾ ਭਖਦਾ ਦੇਖ ਪੁਲੀਸ ਥਾਣਾ ਸ਼ਹਿਰੀ ਸੁਨਾਮ ਦੇ ਐੱਸਐੱਚਓ ਇੰਸਪੈਕਟਰ ਪ੍ਰਤੀਕ ਜਿੰਦਲ ਨੇ ਰੋਸ ਪ੍ਰਗਟ ਕਰ ਰਹੇੇ ਲੋਕਾਂ ਨੂੰ ਸਮਝਾ ਕੇ ਮਾਹੌਲ ਸ਼ਾਂਤ ਕੀਤਾ ਅਤੇ ਨਾਇਬ ਤਹਿਸੀਲਦਾਰ ਨੂੂੰ ਛੁਡਵਾਇਆ। ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਮਾਮਲਾ ਭਖਦਾ ਦੇਖ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਤੁਰੰਤ ਪ੍ਰਭਾਵ ਨਾਲ ਨਾਇਬ ਤਹਿਸੀਲਦਾਰ ਦੇ ਤਬਾਦਲੇ ਬਾਰੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨਾਲ ਗੱਲਬਾਤ ਕੀਤੀ। ਇਸ ਮੌਕੇ ਇੱਕ ਵੀਡੀਓ ਸਾਂਝੀ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਇਹ ਨਾਇਬ ਤਹਿਸੀਲਦਾਰ ਜੋ ਕਿ ਚੋਣ ਜ਼ਾਬਤੇ ਦੌਰਾਨ ਸੁਨਾਮ ’ਚ ਨਿਯੁਕਤ ਕੀਤੇ ਗਏ ਸਨ ਅਤੇ ਸਹੀ ਸਮੇਂ ਉੱਤੇ ਲੋਕਾਂ ਦਾ ਕੰਮ ਨਾ ਹੋਣ ਕਾਰਨ ਇਨ੍ਹਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਸੀ। ਉਨ੍ਹਾਂ ਕਿਹਾ ਕਿ ਸੁਨਾਮ ’ਚ ਅਜਿਹਾ ਕੋਈ ਵੀ ਅਧਿਕਾਰੀ ਨਹੀਂ ਰਹਿਣ ਦਿੱਤਾ ਜਾਵੇਗਾ ਜੋ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੋਵੇ। ਅਮਨ ਅਰੋੜਾ ਨੇ ਕਿਹਾ ਕਿ ਇਸ ਨਾਇਬ ਤਹਿਸੀਲਦਾਰ ਦੀ ਤੁਰੰਤ ਬਦਲੀ ਕਰਨ ਦੀ ਸਿਫਾਰਸ਼ ਕਰ ਦਿੱਤੀ ਹੈ।
ਡੀਸੀ ਨੇ ਰਜਿਸਟਰੀਆਂ ਦਾ ਕੰਮ ਲਿਆ ਵਾਪਸ
ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਤੁਰੰਤ ਇਕ ਪੱਤਰ ਜਾਰੀ ਕਰਦਿਆਂ ਨਾਇਬ ਤਹਿਸੀਲਦਾਰ ਸੁਨਾਮ ਨੀਰਜ ਸ਼ਰਮਾ ਤੋਂ ਰਜਿਸਟਰੀਆਂ ਦਾ ਕੰਮ ਵਾਪਸ ਲੈ ਕੇ ਕਸਬਾ ਚੀਮਾ ਦੇ ਨਾਇਬ ਤਹਿਸੀਲਦਾਰ ਨੂੰ ਸੌਂਪ ਦਿੱਤਾ ਹੈ।