ਭਾਜਪਾ ਲਈ ਲੋਕ ਸੁਪਰੀਮ, ਕਾਂਗਰਸ ਲਈ ਪਰਿਵਾਰ: ਰਾਜਨਾਥ
ਜੈਪੁਰ, 7 ਅਪਰੈਲ
ਰੱਖਿਆ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਮੋਦੀ ਸਰਕਾਰ ਦਾ ਟਰੈਕ ਰਿਕਾਰਡ ਬਹੁਤ ਸ਼ਾਨਦਾਰ ਰਿਹਾ ਹੈ ਕਿਉਂਕਿ ਉਹ ਕਾਂਗਰਸ ਵਾਂਗ ਪਰਿਵਾਰ ਨੂੰ ਨਹੀਂ ਸਗੋਂ ਲੋਕਾਂ ਨੂੰ ਸੁਪਰੀਮ ਮੰਨਦੀ ਹੈ। ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਉਸ ਪਾਰਟੀ ਦੀ ਮੁਸ਼ਕਲ ਨਾਲ ਅਜਿਹੀ ਕੋਈ ਸਰਕਾਰ ਹੋਵੇਗੀ ਜਿਸ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਨਾ ਲੱਗੇ ਹੋਣ। ਪਾਰਟੀ ਉਮੀਦਵਾਰ ਅਰਜੁਨ ਰਾਮ ਮੇਘਵਾਲ ਦੇ ਪੱਖ ’ਚ ਬੀਕਾਨੇਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੁੰਦਾ ਹੈ ਜਦੋਂ ਕਾਂਗਰਸ ਫ਼ੌਜ ਦੀ ਤਾਕਤ ਅਤੇ ਜਵਾਨਾਂ ਦੀ ਬਹਾਦਰੀ ’ਤੇ ਸਵਾਲ ਖੜ੍ਹੇ ਕਰਦੀ ਹੈ। ‘ਕਾਂਗਰਸ ਨੇ ਸਰਜੀਕਲ ਸਟਰਾਈਕ ਬਾਰੇ ਸਬੂਤ ਮੰਗੇ ਸਨ। ਪੂਰੀ ਦੁਨੀਆ ਨੂੰ ਇਸ ਦੇ ਸਬੂਤ ਮਿਲੇ ਸਨ, ਸਿਰਫ਼ ਕਾਂਗਰਸ ਨੂੰ ਇਸ ਦੇ ਸਬੂਤ ਨਹੀਂ ਮਿਲੇ।’ ‘ਇਕ ਦੇਸ਼, ਇਕ ਚੋਣ’ ਪ੍ਰਣਾਲੀ ਦੀ ਹਮਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਦਾ ਪੈਸਾ, ਸਮਾਂ ਅਤੇ ਵਸੀਲੇ ਬਚਣਗੇ। ‘ਇਕ ਦੇਸ਼, ਇਕ ਚੋਣ’ ਨੂੰ ਲੋਕਾਂ ਦੀ ਹਮਾਇਤ ਮਿਲੇਗੀ ਪਰ ਕਾਂਗਰਸ ਆਪਣੀ ਆਦਤ ਕਾਰਨ ਇਸ ਦਾ ਵਿਰੋਧ ਕਰੇਗੀ।’ ਉਨ੍ਹਾਂ ਦਾਅਵਾ ਕੀਤਾ ਕਿ 2027 ’ਚ ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨਾਲ ਕੀਤੇ ਗਏ ਵਾਅਦੇ ਨਿਭਾਉਣ ਲਈ ਵਚਨਬੱਧ ਹੈ। -ਪੀਟੀਆਈ
ਦੋ-ਤਿਹਾਈ ਬਹੁਮਤ ਨਾਲ ਐੱਨਡੀਏ ਦੀ ਸਰਕਾਰ ਬਣਨ ਦਾ ਦਾਅਵਾ
ਝੁਨਝੁਨੂ ’ਚ ਸ਼ੁਭਕਰਨ ਚੌਧਰੀ ਦੀ ਹਮਾਇਤ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪੂਰੀ ਦੁਨੀਆ ਨੇ ਮੰਨ ਲਿਆ ਹੈ ਕਿ ਭਾਰਤ ’ਚ 2024 ’ਚ ਭਾਜਪਾ ਦੀ ਅਗਵਾਈ ਹੇਠ ਐੱਨਡੀਏ ਦੋ-ਤਿਹਾਈ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਕਈ ਮੁਲਕਾਂ ਦੇ ਮੁਖੀ ਸਾਡੇ ਪ੍ਰਧਾਨ ਮੰਤਰੀ ਨੂੰ ਉਥੋਂ ਦੇ ਦੌਰਿਆਂ ਲਈ ਸੱਦੇ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਗੁਆਂਢੀਆਂ ਨਾਲ ਚੰਗੇ ਸਬੰਧ ਬਣਾ ਕੇ ਰੱਖਣਾ ਚਾਹੁੰਦੀ ਹੈ ਪਰ ਇਨ੍ਹਾਂ ਦਾ ਗਲਤ ਢੰਗ ਨਾਲ ਲਾਹਾ ਨਹੀਂ ਲਿਆ ਜਾਣਾ ਚਾਹੀਦਾ ਹੈ।