ਅਤਿ ਦੀ ਗਰਮੀ ਵਿੱਚ ਬਿਜਲੀ ਨਾ ਆਉਣ ਤੋਂ ਤਪੇ ਲੋਕ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਜੂਨ
ਵੱਧ ਰਹੀ ਗਰਮੀ ਦੌਰਾਨ ਸ਼ਹਿਰ ਵਿੱਚ ਕਈ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਠੀਕ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਨਾ ਆਉਣ ਤੋਂ ਅੱਕੇ ਲੋਕਾਂ ਵੱਲੋਂ ਅੱਜ ਪਾਵਰਕੌਮ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਆਏ ਤੇਜ਼ ਝੱਖੜ ਅਤੇ ਭਾਰੀ ਮੀਂਹ ਦੌਰਾਨ ਕਈ ਥਾਵਾਂ ‘ਤੇ ਦਰੱਖਤ ਡਿੱਗੇ ਸਨ ਅਤੇ ਬਿਜਲੀ ਦੀਆਂ ਲਾਈਨਾਂ ਵੀ ਪ੍ਰਭਾਵਤ ਹੋਈਆਂ ਸਨ। ਖਾਸ ਕਰਕੇ ਖ਼ਾਸਾ – ਚੋਗਾਵਾਂ ਬਿਜਲੀ ਟਾਵਰਾਂ ਨੂੰ ਭਾਰੀ ਨੁਕਸਾਨ ਹੋਇਆ ਸੀ। ਇਸ ਕਾਰਨ ਦਿਹਾਤੀ ਅਤੇ ਸ਼ਹਿਰੀ ਇਲਾਕੇ ਵਿਚ ਬਿਜਲੀ ਪ੍ਰਭਾਵਤ ਹੋਈ ਸੀ।
ਇਸੇ ਤਰ੍ਹਾਂ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਵੀ ਬਿਜਲੀ ਸਪਲਾਈ ਠੱਪ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਬੀਤੀ ਰਾਤ ਜੋੜਾ ਫਾਟਕ ਇਲਾਕੇ ਦੇ ਲੋਕਾਂ ਵੱਲੋਂ ਬਿਜਲੀ ਨਿਗਮ ਦੇ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ ਸੀ। ਅੱਜ ਮੁਸਲਿਮ ਗੰਜ ਇਲਾਕੇ ਦੇ ਲੋਕਾਂ ਵੱਲੋਂ ਬਿਜਲੀ ਨਿਗਮ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ ਹੈ। ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਇਲਾਕੇ ਵਿਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਬਿਜਲੀ ਸਪਲਾਈ ਠੱਪ ਹੈ। ਇਸ ਕਾਰਨ ਪੀਣ ਵਾਲੇ ਪਾਣੀ ਦੀ ਵੀ ਘਾਟ ਆ ਰਹੀ ਹੈ । ਲੋਕਾਂ ਨੇ ਦੱਸਿਆ ਕਿ ਬਿਜਲੀ ਨਾ ਆਉਣ ਕਾਰਨ ਕੰਮਕਾਜ ਵੀ ਠੱਪ ਪਏ ਹਨ । ਮੁਹੱਲਾ ਵਾਸੀ ਰਜੇਸ਼ ਕੁਮਾਰ ਨੇ ਆਖਿਆ ਕਿ ਬਿਜਲੀ ਨਿਗਮ ਕੋਲੋਂ ਕਈ ਵਾਰ ਮੰਗ ਕਰ ਚੁੱਕੇ ਹਨ ਤੇ ਇਲਾਕੇ ਵਿੱਚ ਵੰਡੇ ਅਤੇ ਵਧੇਰੀ ਸਮਰੱਥਾ ਵਾਲੇ ਟਰਾਂਸਫਾਰਮਰ ਲਾਏ ਜਾਣ । ਮੌਜੂਦਾ ਟਰਾਂਸਫਾਰਮਰ ਵਧੇਰੇ ਲੋਡ ਪੈਣ ਕਾਰਨ ਜਲਦੀ ਸੜ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਬਦਲਣ ਵਿੱਚ ਕਈ ਦਿਨ ਲੱਗਦੇ ਹਨ ।
ਇਸ ਤੋਂ ਪਹਿਲਾਂ ਬੀਤੇ ਕੱਲ੍ਹ ਬਿਜਲੀ ਨਿਗਮ ਦੇ ਬਾਰਡਰ ਜ਼ੋਨ ਦੇ ਚੀਫ਼ ਇੰਜਨੀਅਰ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਝੱਖੜ ਕਾਰਨ ਹੋਏ ਨੁਕਸਾਨ ਨੂੰ ਠੀਕ ਕਰਨ ਵਾਸਤੇ ਹੰਗਾਮੀ ਰੇਸਟੋਰੇਸ਼ਨ ਟਾਵਰਾਂ ਦਾ ਨਿਰਮਾਣ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ । ਜਿਨ੍ਹਾਂ ਵਿੱਚੋਂ 1 ਟਾਵਰ 23 ਜੂਨ ਦੀ ਸ਼ਾਮ ਤੱਕ ਅਤੇ ਦੂਜਾ ਟਾਵਰ 25 ਜੂਨ ਦੀ ਸ਼ਾਮ ਤੱਕ ਤਿਆਰ ਹੋ ਜਾਵੇਗਾ ਅਤੇ ਇਸ ਤੋਂ ਬਾਅਦ ਬਿਜਲੀ ਦੀ ਸਪਲਾਈ ਆਮ ਵਾਂਗ ਹੋ ਜਾਵੇਗੀ । ਉਨ੍ਹਾਂ ਨੇ ਲੋਕਾਂ ਕੋਲੋਂ ਸਹਿਯੋਗ ਦੀ ਵੀ ਅਪੀਲ ਕੀਤੀ ਹੈ।
ਲਕਸ਼ਮੀ ਕਾਂਤਾ ਚਾਵਲਾ ਨੇ ਪਾਵਰਕੌਮ ਨੂੰ ਲਿਖਿਆ ਪੱਤਰ
ਭਾਜਪਾ ਦੀ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਅੱਜ ਬਿਜਲੀ ਨਿਗਮ ਦੇ ਬਾਰਡਰ ਜ਼ੋਨ ਦੇ ਚੀਫ ਇੰਜੀਨੀਅਰ ਨੂੰ ਇੱਕ ਪੱਤਰ ਲਿਖਿਆ ਕਿ ਕੁਝ ਦਿਨਾਂ ਤੋਂ ਅਤੇ ਖਾਸ ਕਰਕੇ 22 ਜੂਨ ਤੋਂ ਬਿਜਲੀ ਸਪਲਾਈ ਵਿਚ ਵੱਡੀ ਰੁਕਾਵਟ ਆ ਰਹੀ ਹੈ । ਇਸ ਰੁਕਾਵਟ ਬਾਰੇ ਬਿਜਲੀ ਨਿਗਮ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਹੀ ਜਾਣਦੇ ਹਨ ਪਰ ਇਸ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਵੱਲੋਂ ਲੋਕਾਂ ਦੀ ਸ਼ਿਕਾਇਤ ਵੀ ਨਹੀਂ ਸੁਣੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਦਾ ਪ੍ਰਬੰਧ ਕਰੇ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਜਾਵੇ ਕਿ ਜਦੋਂ ਸ਼ਹਿਰ ਅਤੇ ਦਿਹਾਤੀ ਇਲਾਕੇ ਵਿਚ ਬਿਜਲੀ ਬੰਦ ਹੈ ਤਾਂ ਉਸ ਵੇਲੇ ਸਰਕਾਰੀ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਬਿਜਲੀ ਕਿਵੇਂ ਚੱਲ ਰਹੀ ਹੈ ।