ਟਰੰਪ ਦੀਆਂ ਰੈਲੀਆਂ ਤੋਂ ਲੋਕ ਕੰਨੀ ਕਤਰਾਉਣ ਲੱਗੇ: ਹੈਰਿਸ
ਲਾਸ ਏਂਜਲਸ/ਵਾਸ਼ਿੰਗਟਨ, 30 ਸਤੰਬਰ
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਲਾਸ ਏਂਜਲਸ ਵਿਚ ਫੰਡ ਜੁਟਾਉਣ ਲਈ ਰੱਖੇ ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਚੋਣਾਂ ’ਚ ਆਪਣੇ ਵਿਰੋਧੀ ਉਮੀਦਵਾਰ ਡੋਨਲਡ ਟਰੰਪ ਨੂੰ ਜਮ ਕੇ ਭੰਡਿਆ। ਹੈਰਿਸ ਨੇ ਪ੍ਰੋਗਰਾਮ ਵਿਚ ਮੌਜੂਦ ਲੋਕਾਂ ਨੂੰ ਕਿਹਾ ਕਿ ਉਸ ਦੀਆਂ ਚੋਣ ਰੈਲੀਆਂ ਵਿਚ ਜਿੱਥੇ ‘ਵੱਡੀ ਗਿਣਤੀ ਲੋਕ’ ਪੁੱਜ ਰਹੇ ਹਨ, ਉਥੇ ਟਰੰਪ ਦੀਆਂ ਚੋਣ ਰੈਲੀਆਂ ਤੋਂ ਲੋਕ ਉਸ ਦੀਆਂ ਬੇਤੁਕੀਆਂ ਤਕਰੀਰਾਂ ਕਰਕੇ ਕੰਨੀ ਕਤਰਾਉਣ ਲੱਗੇ ਹਨ। ਟਰੰਪ ਵੱਲੋੋਂ ਰੈਲੀਆਂ ਦੌਰਾਨ ਪਰਵਾਸ ਦੇ ਮੁੱਦੇ ’ਤੇ ਹੈਰਿਸ ਨੂੰ ਘੇਰੇ ਜਾਣ ਕਰਕੇ ਉਪ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਐਰੀਜ਼ੋਨਾ ਦੇ ਸਰਹੱਦੀ ਕਸਬੇ ਡਗਲਸ ਦਾ ਦੌਰਾ ਕੀਤਾ ਸੀ। ਜੋਅ ਬਾਇਡਨ ਤੋਂ ਰਾਸ਼ਟਰਪਤੀ ਚੋਣਾਂ ਦੀ ਕਮਾਨ ਆਪਣੇ ਹੱਥਾਂ ਵਿਚ ਲੈਣ ਮਗਰੋੋਂ ਹੈਰਿਸ ਦੀ ਅਮਰੀਕਾ-ਮੈਕਸਿਕੋ ਬਾਰਡਰ ਦੀ ਇਹ ਪਹਿਲੀ ਫੇਰੀ ਸੀ। -ਏਪੀ
ਤੂਫ਼ਾਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ ਹੈਰਿਸ
ਵ੍ਹਾਈਟ ਹਾਊਸ ਨੇ ਕਿਹਾ ਕਿ ਉਪ ਰਾਸ਼ਟਰਪਤੀ ਕਮਲਾ ਹੈਰਿਸ ਜਲਦੀ ਹੀ ਤੂਫਾਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਉੱਤਰੀ ਕੈਰੋਲਿਨਾ ਦੇ ਐਸ਼ਿਵਲੇ ਸ਼ਹਿਰ ਵਿਚ 30 ਮੌਤਾਂ ਨਾਲ ਤੂਫਾਨ ਕਰਕੇ ਹੁਣ ਤੱਕ ਕੁੱਲ 91 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ। ਉਧਰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਚੋਣ ਪ੍ਰਚਾਰ ਟੀਮ ਨੇ ਕਿਹਾ ਕਿ ਉਹ ਸੋਮਵਾਰ ਨੂੰ ਵਲਦੋਸਤਾ, ਜੌਰਜੀਆ ਜਾਣਗੇ।