ਇਮਰਾਨ ਖ਼ਿਲਾਫ਼ ਅਤਿਵਾਦ ਦਾ ਨਵਾਂ ਕੇਸ ਦਰਜ
ਇਸਲਾਮਾਬਾਦ, 30 ਸਤੰਬਰ
ਰਾਵਲਪਿੰਡੀ ਦੇ ਲਿਆਕਤ ਬਾਗ ਇਲਾਕੇ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਦੇ ਸੱਦੇ ’ਤੇ ਕੀਤੇ ਪ੍ਰਦਰਸ਼ਨ ਮਗਰੋਂ ਪੰਜਾਬ ਪੁਲੀਸ ਨੇ ਉਨ੍ਹਾਂ ਖ਼ਿਲਾਫ਼ ਸ਼ਨਿੱਚਰਵਾਰ ਨੂੰ ਤਿੰਨ ਨਵੇਂ ਮਾਮਲੇ ਦਰਜ ਕੀਤੇ ਹਨ। ਸਾਬਕਾ ਪ੍ਰਧਾਨ ਮੰਤਰੀ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹਨ। ਐਕਸਪ੍ਰੈੱਸ ਟ੍ਰਿਬਿਊਨ ਅਖ਼ਬਾਰ ਦੀ ਖ਼ਬਰ ਅਨੁਸਾਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਥਾਪਕ ’ਤੇ ਐਤਵਾਰ ਨੂੰ ਖੈ਼ਬਰ ਪਖ਼ਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਅਤੇ ਪਾਰਟੀ ਪ੍ਰਧਾਨ ਬੈਰਿਸਟਰ ਗੌਹਰ ਖ਼ਾਨ ਨਾਲ ਅਤਿਵਾਦ ਵਿਰੋਧੀ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ। ਰਾਵਲਪਿੰਡੀ ਦੇ ਨਿਊ ਟਾਊਨ ਅਤੇ ਸਿਵਲ ਲਾਈਨਜ਼ ਪੁਲੀਸ ਥਾਣੇ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਵਿੱਚ ਹੱਤਿਆ ਦੀ ਕੋਸ਼ਿਸ਼, ਧਾਰਾ 144 ਦੀ ਉਲੰਘਣਾ ਅਤੇ ਹੋਰ ਅਤਿਵਾਦ ਨਾਲ ਸਬੰਧਿਤ ਅਪਰਾਧਾਂ ਦੇ ਦੋਸ਼ ਵੀ ਸ਼ਾਮਲ ਹਨ। ਦੋਸ਼ਾਂ ਅਨੁਸਾਰ ਇੱਕ ਸਾਲ ਤੋਂ ਵੱਧ ਸਮੇਂ ਤੋਂ ਅਦਿਆਲਾ ਜੇਲ੍ਹ ਵਿੱਚ ਬੰਦ ਇਮਰਾਨ ਖ਼ਾਨ (71) ਨੇ ਆਪਣੇ ਸਮਰਥਕਾਂ ਨੂੰ ਕੌਮੀ ਸੰਸਥਾਵਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਲਈ ਉਕਸਾਇਆ ਅਤੇ ਜੇਲ੍ਹ ਤੋਂ ਨਿਰਦੇਸ਼ ਜਾਰੀ ਕੀਤੇ। ਪੰਜਾਬ ਸਰਕਾਰ ਨੇ ਵੀ ਇਮਰਾਨ ਖ਼ਾਨ ਅਤੇ ਉਸ ਦੇ ਸਮਰਥਕਾਂ ਖ਼ਿਲਾਫ਼ ਦੋਸ਼ ਲਗਾਏ ਹਨ ਕਿ ਉਨ੍ਹਾਂ ਕੌਮੀ ਸੰਸਥਾਵਾਂ ਦੀ ਭੰਨ-ਤੋੜ ਕੀਤੀ ਅਤੇ ਪੱਥਰਬਾਜ਼ੀ ਸਣੇ ਹਿੰਸਾ ਭਖ਼ਾਈ।
ਇਮਰਾਨ ਸਮਰਥਕਾਂ ਦੀ ਪੁਲੀਸ ਨਾਲ ਹੋਈ ਸੀ ਝੜਪ
ਇਮਰਾਨ ਖ਼ਾਨ ਦੇ ਸਮਰਥਕਾਂ ਦੀ ਸ਼ਨਿੱਚਰਵਾਰ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਤੌਰ ’ਤੇ ਪੁਲੀਸ ਨਾਲ ਝੜਪ ਹੋਈ ਸੀ। ਪੀਟੀਆਈ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਪ੍ਰਦਰਸ਼ਨਕਾਰੀ ਪੁਲੀਸ ’ਤੇ ਪੱਥਰਾਂ ਅਤੇ ਇੱਟਾਂ ਨਾਲ ਹਮਲਾ ਕਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ ਇਮਰਾਨ ਖ਼ਾਨ ਨੇ ਸ਼ਾਂਤੀਪੂਰਨ ਵਿਰੋਧ ਦਾ ਸੱਦਾ ਦਿੱਤਾ ਸੀ। ਝੜਪ ਮਗਰੋਂ ਕਿਸੇ ਵੀ ਨੁਕਸਾਨ ਤੋਂ ਬਚਣ ਲਈ ਪਾਰਟੀ ਨੇ ਵਿਰੋਧ ਪ੍ਰਦਰਸ਼ਨ ਵਾਪਸ ਲੈ ਲਿਆ। -ਪੀਟੀਆਈ
ਤੋਸ਼ਾਖਾਨਾ ਮਾਮਲਾ: ਅਦਾਲਤ ਵੱਲੋਂ ਇਮਰਾਨ ਤੇ ਬੁਸ਼ਰਾ ਬੀਬੀ ਦੀ ਜ਼ਮਾਨਤ ਪਟੀਸ਼ਨ ਰੱਦ
ਇਸਲਾਮਾਬਾਦ:
ਪਾਕਿਸਤਾਨ ਦੀ ਅਦਾਲਤ ਨੇ ਅੱਜ ਨਵੇਂ ਤੋਸ਼ਾਖਾਨਾ ਮਾਮਲੇ ਸਬੰਧੀ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਸਪੈਸ਼ਲ ਜੱਜ ਸੈਂਟਰਲ ਸ਼ਾਹਰੁਖ ਅਰਜੁਮੰਦ ਨੇ ਅਦਿਆਲਾ ਜੇਲ੍ਹ ਵਿੱਚ ਸੁਣਵਾਈ ਦੌਰਾਨ ਜੋੜੇ ਵੱਲੋਂ ਦਾਇਰ ਕੀਤੀਆਂ ਗਈਆਂ ਜ਼ਮਾਨਤ ਪਟੀਸ਼ਨਾਂ ’ਤੇ ਫ਼ੈਸਲਾ ਸੁਣਾਇਆ, ਜਿੱਥੇ ਸਾਬਕਾ ਪਹਿਲਾ ਜੋੜਾ ਵੀ ਪੇਸ਼ ਹੋਇਆ। ਇਹ ਫ਼ੈਸਲਾ ਉਦੋਂ ਸੁਣਾਇਆ ਗਿਆ ਹੈ, ਜਦੋਂ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨਏਬੀ) ਨੂੰ ਮਾਮਲੇ ਦੀ ਪੈਰਵੀਂ ਕਰਨ ਤੋਂ ਰੋਕੇ ਜਾਣ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਕੇਸ ਨੂੰ ਸੰਘੀ ਜਾਂਚ ਏਜੰਸੀ (ਐੱਫਆਈਏ) ਨੂੰ ਤਬਦੀਲ ਕਰਨ ਮਗਰੋਂ 2 ਅਕਤੂਬਰ ਨੂੰ ਇਸ ਮਾਮਲੇ ’ਚ ਦੋਵਾਂ ਨੂੰ ਦੋਸ਼ੀ ਠਹਿਰਾਇਆ ਜਾਣਾ ਤੈਅ ਹੈ। -ਪੀਟੀਆਈ