ਬਿਜਲੀ ਨਾ ਮਿਲਣ ’ਤੇ ਪਾਵਰਕੌਮ ਖ਼ਿਲਾਫ਼ ਡਟੇ ਲੋਕ
ਗੁਰਿੰਦਰ ਸਿੰਘ
ਲੁਧਿਆਣਾ, 31 ਦਸੰਬਰ
ਅਬਦੁੱਲਾਪੁਰ ਬਸਤੀ ਨਾਲ ਲੱਗਦੇ ਮਨਜੀਤ ਨਗਰ ਵਿਚ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਅਤੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਸ ਕਿੱਲਤ ਨਾਲ ਜੂਝ ਰਹੇ ਲੋਕਾਂ ਵੱਲੋਂ ਖਾਲੀ ਭਾਂਡੇ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ, ਨਗਰ ਨਿਗਮ ਅਤੇ ਇਲਾਕਾ ਕੌਂਸਲਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਸ੍ਰੀ ਸਿੱਧੂ ਨੇ ਦੱਸਿਆ ਕਿ ਇਲਾਕੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਨਾ ਆਉਣ ਕਾਰਨ ਲੋਕ ਦੁਖੀ ਅਤੇ ਪ੍ਰੇਸ਼ਾਨ ਹਨ ਕਿਉਂਕਿ ਪੀਣ ਵਾਲੇ ਪਾਣੀ ਦੀ ਕਿੱਲਤ ਵੀ ਪੈਦਾ ਹੋ ਗਈ ਹੈ ਅਤੇ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਜ਼ਰੂਰੀ ਕੰਮ ਕਰਨ ਲਈ ਦਿੱਕਤ ਹੋ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਨਹਾਉਣ, ਕੱਪੜੇ ਧੋਣ ਅਤੇ ਬਰਤਨ ਧੋਣ ਲਈ ਵੀ ਪਾਣੀ ਨਹੀਂ ਮਿਲ ਰਿਹਾ। ਲੋਕਾਂ ਨੂੰ ਪਾਣੀ ਲਈ ਖਾਲੀ ਬਾਲਟੀਆਂ ਲੈ ਕੇ ਇਧਰ-ਉਧਰ ਭਟਕਣਾ ਪੈ ਰਿਹਾ ਹੈ, ਜਿਸ ਕਾਰਨ ਇਲਾਕਾ ਵਾਸੀਆਂ ‘ਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਸੱਤਾਧਾਰੀ ਧਿਰ ਦੇ ਆਗੂਆਂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ| ਇਸੇ ਮੌਕੇ ਮਨਜੀਤ ਸਿੰਘ, ਬੀਬੀ ਪਰਮਜੀਤ ਕੌਰ, ਸੁਰਜੀਤ ਕੌਰ ਮੌਜੂਦ ਸਨ।
ਤਾਰਾਂ ਸੜਨ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ: ਐਕਸੀਅਨ
ਇਸ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਮਾਡਲ ਟਾਊਨ ਡਿਵੀਜ਼ਨ ਵਿੱਚ ਤਾਇਨਾਤ ਐਕਸੀਅਨ ਤਰਸੇਮ ਲਾਲ ਬੈਂਸ ਨੇ ਦੱਸਿਆ ਹੈ ਕਿ ਬਰਸਾਤ ਕਾਰਨ ਜ਼ਿਆਦਾਤਰ ਇਲਾਕਿਆਂ ਵਿੱਚ ਬਿਜਲੀ ਦੀਆਂ ਤਾਰਾਂ ਸੜਨ ਕਾਰਨ ਬਿਜਲੀ ਸੰਕਟ ਪੈਦਾ ਹੋਇਆ ਹੈ। ਪਾਵਰਕੌਮ ਦੀ ਸਮੁੱਚੀ ਟੀਮ ਨੇ ਲੋਕਾਂ ਦੀ ਪ੍ਰੇਸ਼ਾਨੀ ਵੇਖਦਿਆਂ ਜੰਗੀ ਪੱਧਰ ’ਤੇ ਕੰਮ ਕਰਕੇ ਬਿਜਲੀ ਦੀਆਂ ਤਾਰਾਂ ਦਾ ਨਵਾਂ ਜਾਲ ਵਿਛਾਇਆ ਹੈ ਅਤੇ ਸਾਰੇ ਖੇਤਰਾਂ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਹੈ।