ਟ੍ਰਿਬਿਊਨ ਨਿਊਜ਼ ਸਰਵਿਸਲੁਧਿਆਣਾ, 3 ਜਨਵਰੀਇਥੇ ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਨੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 110 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮ ਦੀ ਪਛਾਣ ਰਜਤ ਸ਼ਰਮਾ ਵਾਸੀ ਘੁਮਾਣ ਸਟੇਟ ਕਲੋਨੀ ਮੇਹਰਬਾਨ ਵੱਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮੁਲਜ਼ਮ ਕੁਝ ਦੇਰ ਪਹਿਲਾਂ ਹੀ ਨਸ਼ਾ ਤਸਕਰੀ ਅਤੇ ਚੋਰੀ ਦੇ ਇੱਕ ਮਾਮਲੇ ਵਿੱਚ ਕੁਝ ਸਮਾਂ ਪਹਿਲਾਂ ਜ਼ਮਾਨਤ ’ਤੇ ਬਾਹਰ ਆਇਆ ਸੀ। ਪੁਲੀਸ ਨੇ ਇਸ ਵਾਰ ਮੁਲਜ਼ਮ ਨੂੰ ਹੌਜ਼ਰੀ ਕੰਪਲੈਕਸ ਇਲਾਕੇ ਵਿੱਚੋਂ ਕਾਬੂ ਕੀਤਾ ਹੈ। ਪੁਲੀਸ ਨੇ ਅੱਜ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਇਲਾਕੇ ’ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਰਜਤ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ ਅਤੇ ਇਸ ਸਮੇਂ ਇਲਾਕੇ ਵਿੱਚ ਕਿਸੇ ਵਿਅਕਤੀ ਨੂੰ ਹੈਰੋਇਨ ਸਪਲਾਈ ਕਰਨ ਜਾ ਰਿਹਾ ਹੈ। ਪੁਲੀਸ ਨੂੰ ਜਿਵੇਂ ਹੀ ਮੁਲਜ਼ਮ ਦੀ ਸੂਚਨਾ ਮਿਲੀ ਤਾਂ ਉਸ ਨੂੰ ਇਲਾਕੇ ’ਚੋਂ ਗ੍ਰਿਫ਼ਤਾਰ ਕਰ ਲਿਆ। ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਖ਼ਿਲਾਫ ਸ਼ਹਿਰ ਦੇ ਵੱਖ-ਵੱਖ ਥਾਣਿਆਂ ’ਚ ਨਸ਼ਾ ਤਸਕਰੀ, ਲੁੱਟ-ਖੋਹ ਤੇ ਚੋਰੀ ਦੇ ਪੰਜ ਮਾਮਲੇ ਦਰਜ ਹਨ। ਉਹ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਹੈ। ਬਾਹਰ ਆਉਣ ਤੋਂ ਬਾਅਦ ਮੁਲਜ਼ਮ ਨੂੰ ਕੋਈ ਕੰਮ ਨਾ ਲੱਗਾ ਤਾਂ ਉਸ ਨੇ ਫਿਰ ਤੋਂ ਨਸ਼ਾ ਤਸਕਰੀ ਸ਼ੁਰੂ ਕਰ ਦਿੱਤੀ।ਡਿਵੀਜ਼ਨ 2 ਦੀ ਪੁਲੀਸ ਵੱਲੋਂ ਗਾਂਜੇ ਸਣੇ ਮੁਲਜ਼ਮ ਕਾਬੂਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਬਾਹਰਲੇ ਇਲਾਕਿਆਂ ’ਚੋਂ ਗਾਂਜਾ ਲਿਆ ਕੇ ਅੱਗੇ ਸਪਲਾਈ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਬੋਨਾ ਵਾਸੀ ਜਨਕਪੁਰੀ ਵਜੋਂ ਹੋਈ ਹੈ। ਉਕਤ ਮੁਲਜ਼ਮ ਨੂੰ ਪੁਲੀਸ ਨੇ ਇਲਾਕੇ ਵਿੱਚ ਨਾਕਾਬੰਦੀ ਦੌਰਾਨ ਕਾਬੂ ਕੀਤਾ ਹੈ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ ਤੇ ਬਾਹਰਲੇ ਇਲਾਕਿਆਂ ਤੋਂ ਨਸ਼ਾ ਲਿਆ ਕੇ ਵੇਚਦਾ ਹੈ। ਮੁਲਜ਼ਮ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਕਰਿਆਰ ਇਲਾਕੇ ਦਾ ਰਹਿਣ ਵਾਲਾ ਹੈ।