ਮਾਣੂੰਕੇ ਵੱਲੋਂ ਕੰਪਿਊਟਰ ਸਿੱਖਿਆ ਲਈ ਸੈਂਟਰ ਦਾ ਉਦਘਾਟਨ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਜਨਵਰੀ
ਲੋਕ ਸੇਵਾ ਸੁਸਾਇਟੀ ਨੇ ਲੋੜਵੰਦ ਮੁੰਡੇ-ਕੁੜੀਆਂ ਨੂੰ ਮੁਫ਼ਤ ਕੰਪਿਊਟਰ ਸਿੱਖਿਆ ਦੇਣ ਲਈ ਅੱਜ ਇਥੇ ਸੈਂਟਰ ਖੋਲ੍ਹਿਆ। ਇਸ ਸੈਂਟਰ ਦਾ ਉਦਘਾਟਨ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕੀਤਾ। ਸੈਂਟਰ ਵਿੱਚ ਕੁਲ ਤੇਰਾਂ ਕੰਪਿਊਟਰ ਲਵਾਏ ਗਏ ਹਨ ਤੇ ਇਥੇ ਕੰਪਿਊਟਰ ਦੀ ਮੁੱਢਲੀ ਸਿੱਖਿਆ ਤੋਂ ਇਲਾਵਾ ਕੁਝ ਕੰਪਿਊਟਰ ਕੋਰਸ ਵੀ ਕਰਵਾਏ ਜਾਣਗੇ। ਇਸ ਮੌਕੇ ਡੀਏਵੀ ਕਾਲਜਾਂ ਦੇ ਸਾਬਕਾ ਡਾਇਰੈਕਟਰ ਡਾ. ਸਤੀਸ਼ ਸ਼ਰਮਾ ਵੀ ਉਚੇਚੇ ਤੌਰ ’ਤੇ ਹਾਜ਼ਰ ਸਨ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਰਜਿੰਦਰ ਜੈਨ ਕਾਕਾ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਕਿਹਾ ਕਿ ਸ਼ੁਰੂਆਤੀ ਤੌਰ ’ਤੇ ਸੈਂਟਰ ਵਿੱਚ ਹਾਲੇ 13 ਕੰਪਿਊਟਰ ਲਾਏ ਗਏ ਹਨ ਪਰ ਲੋੜ ਪੈਣ ’ਤੇ ਇਨ੍ਹਾਂ ਦੀ ਗਿਣਤੀ ਵਧਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੰਪਿਊਟਰ ਸਿੱਖਿਆ ਸਮੇਂ ਦੀ ਲੋੜ ਹੈ ਅਤੇ ਇਸ ਸੈਂਟਰ ਵਿੱਚ ਮੁਫ਼ਤ ਵਿੱਚ ਕੰਪਿਊਟਰ ਦੇ ਬੇਸਿਕ ਕੋਰਸ ਕਰਵਾਏ ਜਾਣਗੇ ਜੋ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਵਿੱਚ ਸਹਾਈ ਹੋਣਗੇ। ਉਦਘਾਟਨ ਮੌਕੇ ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਲੜਕੇ-ਲੜਕੀਆਂ ਨੂੰ ਸਿਖਲਾਈ ਦੇ ਕੇ ਆਪਣੇ ਪੈਰਾਂ ’ਤੇ ਖੜ੍ਹੇ ਕਰਨ ਵਿੱਚ ਮਦਦ ਕਰਨੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਜਗਰਾਉਂ ਵੈੱਲਫੇਅਰ ਸੁਸਾਇਟੀ ਵੱਲੋਂ ਤੇ ਵਿਜ਼ਡਮ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸਤੀਸ਼ ਕਾਲੜਾ ਨੇ ਆਪਣੇ ਵੱਲੋਂ ਇਸ ਸੈਂਟਰ ਨੂੰ ਇੱਕ-ਇੱਕ ਕੰਪਿਊਟਰ ਦੇਣ ਦਾ ਐਲਾਨ ਕੀਤਾ। ਸੁਸਾਇਟੀ ਦੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ ਦੀ ਰਿਸ਼ਤੇਦਾਰ ਤੇ ਨੀਰਜ ਮਿੱਤਲ ਦੇ ਦੋ ਰਿਸ਼ਤੇਦਾਰਾਂ ਨੇ ਵੀ ਇੱਕ-ਇੱਕ ਕੰਪਿਊਟਰ ਦੇਣ ਦਾ ਐਲਾਨ ਕੀਤਾ।