ਨਵੇਂ ਸਾਲ ਦਾ ਜਸ਼ਨ ਮਨਾਉਣ ਦੀ ਤਿਆਰੀ ’ਚ ਜੁਟੇ ਲੋਕ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 29 ਦਸੰਬਰ
ਇਸ ਸਾਲ ਦੇ ਆਖ਼ਰੀ ਦੋ ਕੁ ਦਿਨ ਬਾਕੀ ਹਨ। ਉਸ ਤੋਂ ਬਾਅਦ ਲੋਕ ਨਵੇਂ ਸਾਲ ਵਿੱਚ ਦਾਖ਼ਲ ਹੋਣਗੇ। ਸਾਲ 2024 ਨੂੰ ਅਲਵਿਦਾ ਕਹਿਣ ਅਤੇ ਸਾਲ 2025 ਨੂੰ ਜੀ ਆਇਆਂ ਕਹਿਣ ਲਈ ਲੋਕ ਇੱਕ-ਦੂਜੇ ਨੂੰ ਤੋਹਫ਼ੇ ਅਤੇ ਵਧਾਈ ਕਾਰਡ ਦੇ ਕੇ ਖੁਸ਼ੀਆਂ ਸਾਂਝੀਆਂ ਕਰਨ ਦੀ ਯੋਜਨਾ ਬਣਾ ਰਹੇ ਹਨ। ਸ਼ਹਿਰ ਵਿੱਚ ਵਧਾਈ ਕਾਰਡ ਦੀਆਂ ਦੁਕਾਨਾਂ ਸਜ ਗਈਆਂ ਹਨ। ਵਧਾਈ ਕਾਰਡ ਵਿਕਰੇਤਾ ਮਹੇਸ਼ ਕੁਮਾਰ ਉਰਫ਼ ਰਾਜੂ ਨੇ ਕਿਹਾ ਕਿ ਅੱਜ ਵੀ ਨਿੱਜੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਵਧਾਈ ਕਾਰਡ ਮਹੱਤਵਪੂਰਨ ਹਨ। ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਵਿੱਚ ਵਧਾਈ ਕਾਰਡਾਂ ਦਾ ਰੁਝਾਨ ਘੱਟ ਗਿਆ ਹੈ, ਪਰ ਫਿਰ ਵੀ ਕੁਝ ਲੋਕ ਨਵੇਂ ਸਾਲ ’ਤੇ ਵਧਾਈ ਕਾਰਡ ਦੇਣਾ ਪਸੰਦ ਕਰਦੇ ਹਨ। ਵਧਾਈ ਕਾਰਡ 20 ਰੁਪਏ ਤੋਂ 100 ਰੁਪਏ ਤੱਕ ਉਪਲਬਧ ਹਨ। ਅਧਿਆਪਕਾ ਖੁਸ਼ਵੀਰ ਕੌਰ ਨੇ ਕਿਹਾ ਕਿ ਗਿਫ਼ਟ ਆਈਟਮਾਂ ’ਚੋਂ ਜ਼ਿਆਦਾਤਰ ਲੋਕ ਕੱਪ, ਨੇਮ ਰਿੰਗ, ਫੋਟੋ ਫ੍ਰੇਮ, ਚਾਕਲੇਟ ਹੈਂਪਰਜ਼ ਅਤੇ ਖ਼ਾਸ ਤੌਰ ’ਤੇ ਲੜਕੀਆਂ ਲਈ ਗਹਿਣੇ ਅਤੇ ਟੈਡੀਬੀਅਰ ਖ਼ਰੀਦਣਾ ਪਸੰਦ ਕਰਦੇ ਹਨ। ਵਧਾਈ ਕਾਰਡ ਖ਼ਰੀਦਣ ਆਈ ਕਰਮਜੀਤ ਕੌਰ ਰਾਣਵਾਂ ਨੇ ਕਿਹਾ ਕਿ ਭਾਵੇਂ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਲਈ ਈਮੇਲ ਅਤੇ ਐੱਸਐਮਐੱਸ ਦਾ ਰੁਝਾਨ ਵਧਿਆ ਹੈ, ਪਰ ਵਧਾਈ ਕਾਰਡ ਪ੍ਰਾਪਤ ਕਰਨਾ ਤੇ ਦੇਣਾ ਇੱਕ ਵੱਖਰਾ ਅਹਿਸਾਸ ਦਿੰਦਾ ਹੈ। ਸਰਬਜੀਤ ਮਹਿਤਾ ਦਾ ਮੰਨਣਾ ਹੈ ਕਿ ਵਧਾਈ ਕਾਰਡ ਨਾ ਸਿਰਫ਼ ਵਿਅਕਤੀ ਨੂੰ ਪੁਰਾਣੀਆਂ ਯਾਦਾਂ ਵਿੱਚ ਵਾਪਸ ਲੈ ਜਾਂਦੇ ਹਨ, ਬਲਕਿ ਇਸ ਨੂੰ ਭੇਜਣ ਵਾਲਾ ਵਿਅਕਤੀ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਾ ਹੈ। ਨੌਜਵਾਨ ਰੋਹਿਤ ਸ਼ਰਮਾ ਨੇ ਦੱਸਿਆ ਕਿ ਨਵੇਂ ਸਾਲ ਦਾ ਸਵਾਗਤ ਕਰਨ ਲਈ ਨੌਜਵਾਨਾਂ ਵੱਲੋਂ ਸੈਰ-ਸਪਾਟਾ ਸਥਾਨਾਂ, ਕਲੱਬਾਂ ਤੇ ਹੋਟਲਾਂ ਦੀ ਬੁਕਿੰਗ ਕਰਵਾਈ ਜਾ ਰਹੀ ਹੈ।