ਪੁਸਤਕ ‘ਵਿਦਾਅ ਹੋਇਆ ਕਿਸ ਰੁੱਤੇ’ ਲੋਕ ਅਰਪਣ
ਪੱਤਰ ਪ੍ਰੇਰਕ
ਟੱਲੇਵਾਲ, 1 ਜੁਲਾਈ
ਲੇਖਕ ਅਵਤਾਰ ਟੱਲੇਵਾਲੀਆ ਦੇ ਜਨਮ ਦਿਨ ਨੂੰ ਸਮਰਪਿਤ ਅਵਤਾਰ ਟੱਲੇਵਾਲੀਆ ਦਿਹਾਤੀ ਪਬਲਿਕ ਲਾਇਬ੍ਰੇਰੀ ਦਾ ਗੋਲਡਨ ਜੁਬਲੀ ਸਮਾਰੋਹ ਲਾਇਬ੍ਰੇਰੀ ਪ੍ਰਬੰਧਕ ਕਮੇਟੀ ਵੱਲੋਂ ਵੱਡੀ ਸੱਥ ਟੱਲੇਵਾਲ ਵਿਖੇ ਕਰਵਾਇਆ ਗਿਆ। ਇਸ ਮੌਕੇ ਲਾਇਬ੍ਰੇਰੀ ਪ੍ਰਬੰਧਕ ਕਮੇਟੀ ਵੱਲੋਂ ਅਵਤਾਰ ਟੱਲੇਵਾਲੀਆ ਦੀ ਪਤਨੀ ਜਸਵੰਤ ਕੌਰ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਦੇ ਪੁੱਤਰ ਪ੍ਰਦੀਪ ਸਿੰਘ ਹੈਪੀ ਢਿੱਲੋਂ ਵਲੋਂ ਅਵਤਾਰ ਟੱਲੇਵਾਲੀਆ ਦੀ ਤਸਵੀਰ ਲਾਇਬ੍ਰੇਰੀ ਵਿਚ ਸਥਾਪਿਤ ਕੀਤੀ ਗਈ। ਇਸ ਮੌਕੇ ਅਜਾਇਬ ਟੱਲੇਵਾਲੀਆ ਦੁਆਰਾ ਸੰਪਾਦਿਤ ਪੁਸਤਕ ‘ਵਿਦਾਅ ਹੋਇਆ ਕਿਸ ਰੁੱਤੇ’ ਲੋਕ ਅਰਪਣ ਕੀਤੀ ਗਈ। ਪੁਸਤਕ ਬਾਰੇ ਬੋਲਦਿਆਂ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਅਵਤਾਰ ਟੱਲੇਵਾਲੀਆ ਦੀ ਰਚਨਾ ਬੇਸ਼ੱਕ ਪੰਜਾਹ ਵਰ੍ਹੇ ਪਹਿਲਾਂ ਦੀ ਲਿਖੀ ਰਚਨਾ ਹੈ ਪਰ ਅੱਜ ਵੀ ਓਨੀ ਹੀ ਸਾਰਥਿਕ ਹੈ। ਡਾ. ਭੁਪਿੰਦਰ ਸਿੰਘ ਬੇਦੀ ਨੇ ਸਾਹਿਤ ਅਤੇ ਲਾਇਬ੍ਰੇਰੀ ਦਾ ਸਮਾਜ ਵਿੱਚ ਮਹੱਤਵ ਵਿਸ਼ੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਨ੍ਹਾਂ ਤੋਂ ਇਲਾਵਾ ਡਾ. ਕਰਮਜੀਤ ਸਿੰਘ, ਵਰਿੰਦਰ ਕੁਮਾਰ ਗਰਗ, ਦਰਸ਼ਨ ਸਿੰਘ ਗੁਰੂ, ਮਾਲਵਿੰਦਰ ਸ਼ਾਇਰ, ਸਰਪੰਚ ਹਰਸ਼ਰਨ ਸਿੰਘ ਤੇ ਹੈੱਡ ਮਾਸਟਰ ਰਣਜੀਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ।