ਖਰੜ ਦੇ ਵਾਰਡ ਨੰਬਰ 10 ’ਚ ਪਾਣੀ ਨੂੰ ਤਰਸੇ ਲੋਕ
ਸ਼ਸ਼ੀ ਪਾਲ ਜੈਨ
ਖਰੜ, 11 ਜਨਵਰੀ
ਖਰੜ ਕੌਂਸਲ ਦੇ ਵਾਰਡ ਨੰਬਰ 10 ਤੋਂ ਐੱਮਸੀ ਐੱਚਐੱਸ ਜੌਲੀ ਵਾਰਡ ਵਿੱਚ ਟਿਊਬਵੈੱਲ ਖਰਾਬ ਹੋਣ ਕਾਰਨ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਵਾਰਡ ਵਾਸੀਆਂ ਲਈ ਨਵਾਂ ਟਿਊਬਵੈੱਲ ਲਗਾਉਣ ਦੀ ਮੰਗ ਲਈ ਬੀਤੇ ਦਿਨ ਤੋਂ ਧਰਨਾ ਦੇ ਰਹੇ ਹਨ। ਧਰਨੇ ’ਚ ਕਾਂਗਰਸ ਪਾਰਟੀ ਵੱਲੋਂ ਜਸਵੀਰ ਸਿੰਘ ਭੋਲਾ ਸਾਬਕਾ ਐੱਮਸੀ, ਬਾਬੂ ਸਿੰਘ ਪਮੋਰ ਜਨਰਲ ਸਕੱਤਰ, ਮਨਜੀਤ ਕੌਰ ਸੋਨੂੰ ਦਫ਼ਤਰ ਇੰਚਾਰਜ, ਅੰਮ੍ਰਿਤਪਾਲ ਸਿੰਘ ਸੀਨੀਅਰ ਕਾਂਗਰਸੀ ਆਗੂ, ਸੋਹਨ ਸਿੰਘ, ਮਨਮੋਹਣ ਸਿੰਘ ਅਤੇ ਹੋਰ ਆਗੂਆਂ ਨੇ ਹਾਜ਼ਰੀ ਭਰੀ। ਨਗਰ ਕੌਂਸਲ ਖਰੜ ਦੇ ਅਧਿਕਾਰੀਆਂ ਨੂੰ ਪੀਣ ਲਈ ਸਾਫ਼ ਪਾਣੀ ਦੇਣ ਲਈ ਜਲਦੀ ਨਵਾਂ ਟਿਊਬਵੈੱਲ ਲਾਉਣ ਦੀ ਮੰਗ ਕੀਤੀ। ਐੱਚਐੱਸ ਜੌਲੀ ਨੇ ਕਿਹਾ ਕਿ ਜਦੋਂ ਤੱਕ ਪਾਣੀ ਦੀ ਸਮੱਸਿਆ ਹੱਲ ਨਹੀਂ ਹੁੰਦੀ, ਇਹ ਧਰਨਾ ਜਾਰੀ ਰਹੇਗਾ।
ਖਰੜ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆਂ ਨੇ ਕਿਹਾ ਕਿ ਪਹਿਲਾਂ ਹੀ ਵਾਰਡ ਨੰਬਰ 9 ਦੀ ਐੱਮਸੀ ਜੋਤੀ ਗੁਜਰਾਲ ਦੀ ਸਹਿਮਤੀ ਨਾਲ ਵਾਰਡ ਵਿੱਚ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਨਵਾਂ ਟਿਊਬਵੈਲ ਲਗਾਉਣ ਲਈ 16 ਮਾਰਚ 2024 ਨੂੰ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਸੀ, ਜਿਸ ਦੀ ਮਨਜ਼ੂਰੀ ਦੀ ਉਡੀਕ ਕੀਤੀ ਜਾ ਰਹੀ ਹੈ।