For the best experience, open
https://m.punjabitribuneonline.com
on your mobile browser.
Advertisement

ਬਠਿੰਡਾ ’ਚ 2 ਡਿਗਰੀ ਤਾਪਮਾਨ ਨਾਲ ਠਰੇ ਲੋਕ

08:35 AM Jan 13, 2024 IST
ਬਠਿੰਡਾ ’ਚ 2 ਡਿਗਰੀ ਤਾਪਮਾਨ ਨਾਲ ਠਰੇ ਲੋਕ
ਬਠਿੰਡਾ ਵਿੱਚ ਸ਼ੁੱਕਰਵਾਰ ਨੂੰ ਪਈ ਸੰਘਣੀ ਧੁੰਦ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ
ਬਠਿੰਡਾ, 12 ਜਨਵਰੀ
ਉੱਤਰੀ ਭਾਰਤ ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਠੰਢ ਦੀ ਪਕੜ ਵਿੱਚ ਹੈ। ਪੰਜਾਬ ’ਚ ਅੱਜ ਸ਼ੀਤ ਲਹਿਰ ਅਤੇ ਧੁੰਦ ਦਾ ਕਾਫ਼ੀ ਪ੍ਰਭਾਵ ਰਿਹਾ। ਤਾਪਮਾਨ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ। ਧੁੰਦ ਕਾਰਨ ਅੱਜ ਸੜਕੀ, ਰੇਲ ਅਤੇ ਹਵਾਈ ਆਵਾਜਾਈ ਕਾਫ਼ੀ ਪ੍ਰਭਾਵਿਤ ਰਹੀ। ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਬਠਿੰਡਾ ਦਾ ਘੱਟੋ-ਘੱਟ ਤਾਪਮਾਨ ਸ਼ਿਮਲਾ ਜਿੰਨਾ 2.0 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਇਲਾਵਾ ਹਰਿਆਣਾ ਦੇ ਸ਼ਹਿਰ ਨਾਰਨੌਲ ਵਿੱਚ 2.2, ਹਿਸਾਰ ’ਚ 2.6, ਗੁੜਗਾਓਂ ’ਚ 3.9, ਕਰਨਾਲ ਵਿੱਚ 4.0, ਭਿਵਾਨੀ ’ਚ 4.1, ਰੋਹਤਕ ’ਚ 4.2, ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਉੱਤਰ-ਪੂਰਬ ਦੇ ਕੁੱਝ ਹਿੱਸਿਆਂ ’ਚ ਸ਼ਨਿੱਚਰਵਾਰ ਨੂੰ ਧੁੰਦ ਦੀ ਪਰਤ ਪਤਲੀ ਰਹੇਗੀ ਪ੍ਰੰਤੂ ਬਾਕੀ ਪੰਜਾਬ ’ਚ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਗ਼ੈਰ ਜ਼ਰੂਰੀ ਕੰਮਾਂ ਦੇ, ਸਫ਼ਰ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਸੰਭਾਵਨਾ ਹੈ ਕਿ ਐਤਵਾਰ ਤੋਂ ਧੁੰਦ ਥੋੜ੍ਹੀ ਘਟੇਗੀ ਪਰ ਸ਼ੀਤ ਲਹਿਰ ਦੇ ਮਾਘੀ ਤੋਂ ਰਫ਼ਤਾਰ ਫੜਨ ਦੇ ਆਸਾਰ ਹਨ।
ਭੁੱਚੋ ਮੰਡੀ (ਪਵਨ ਗੋਇਲ): ਇਲਾਕੇ ਵਿੱਚ ਅੱਜ ਸੰਘਣੀ ਧੁੰਦ ਪੈਣ ਕਾਰਨ ਹੱਡ ਚੀਰਵੀਂ ਠੰਢ ਦਾ ਪ੍ਰਕੋਪ ਹੋਰ ਵਧ ਗਿਆ। ਸੰਘਣੀ ਧੁੰਦ ਕਾਰਨ ਆਵਾਜਾਈ ਅਤੇ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ। ਇਲਾਕੇ ਵਿੱਚ ਸੀਤ ਲਹਿਰ ਚੱਲਦੀ ਰਹੀ। ਠੰਢ ਤੋਂ ਰਾਹਤ ਪਾਉਣ ਲਈ ਦੁਕਾਨਦਾਰ ਦੁਕਾਨਾਂ ਅੱਗੇ ਧੂਣੀਆਂ ਬਾਲ ਕੇ ਸੇਕਦੇ ਦੇਖੇ ਗਏ।
ਖੇਤੀ ਮਾਹਰ ਡਾ. ਜਗਤ ਸਿੰਘ (ਏਡੀਓ) ਨੇ ਕਿਹਾ ਕਿ ਠੰਢ ਕਾਰਨ ਜੇਕਰ ਜ਼ਿਆਦਾ ਕੋਹਰਾ ਪੈਂਦਾ ਹੈ, ਤਾਂ ਇਸ ਦਾ ਆਲੂਆਂ ਦੀ ਫਸਲ ’ਤੇ ਜ਼ਿਆਦਾ ਮਾੜਾ ਪ੍ਰਭਾਵ ਪੈਣ ਦਾ ਖਦਸ਼ਾ ਹੈ। ਕਣਕ ਦੀ ਫ਼ਸਲ ਨੂੰ ਸੁੱਕੀ ਠੰਢ ਤੋਂ ਬਚਾਉਣ ਲਈ ਪਾਣੀ ਲਗਾਉਣ ਦੀ ਜ਼ਰੂਰਤ ਹੁੰਦੀ ਹੈ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਨੂੰ ਧੁੰਦ ਤੇ ਠੰਢ ਵਿੱਚ ਅੰਦਰੋਂ ਬਾਹਰ ਨਾ ਕੱਢਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਠੰਢ ਤੇ ਸੰਘਣੀ ਧੁੰਦ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਸਾਰਾ ਦਿਨ ਸੂਰਜ ਨਹੀਂ ਨਿਕਲਿਆ। ਸੜਕਾਂ ’ਤੇ ਵਾਹਨਾਂ ਦੀ ਰਫ਼ਤਾਰ ਮੱਠੀ ਰਹੀ। ਧੁੰਦ ਤੇ ਠੰਡ ਦਾ ਅਸਰ ਪਸ਼ੂਆਂ ’ਤੇ ਵੀ ਪੈ ਰਿਹਾ ਹੈ। ਪਸ਼ੂ ਪਾਲਣ ਵਿਭਾਗ ਦੇ ਡਾਕਟਰ ਵਿਦਿਆਸਾਗਰ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਠੰਢ ਵਿੱਚ ਪਸ਼ੂਆਂ ਨੂੰ ਬਾਹਰ ਨਾ ਕੱਢਿਆ ਜਾਏ ਤੇ ਉਨ੍ਹਾਂ ਨੂੰ ਠੰਢ ਤੋਂ ਬਚਾਇਆ ਜਾਏ। ਧੁੰਦ ਕਾਰਨ ਨੈਸ਼ਨਲ ਹਾਈ ਵੇਅ ਨੌਂ ’ਤੇ ਵਾਹਨਾਂ ਦੀ ਰਫਤਾਰ ਮੱਠੀ ਰਹੀ।

Advertisement

ਪਸ਼ੂ-ਪੰਛੀਆਂ ਦਾ ਜਿਊਣਾ ਮੁਹਾਲ ਹੋਇਆ

ਬਠਿੰਡਾ (ਮਨੋਜ ਸ਼ਰਮਾ): ਮਾਲਵਾ ਖੇਤਰ ਵਿੱਚ ਧੁੰਦ ਕਾਰਨ ਜਿੱਥੇ ਸੜਕ ਹਾਦਸੇ ਵਾਪਰ ਰਹੇ ਹਨ, ਉੱਥੇ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਠੰਢ ਦੇ ਵੱਧ ਰਹੇ ਕਹਿਰ ਕਾਰਨ ਪਸ਼ੂ-ਪੰਛੀਆਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਸਿਹਤ ਵਿਭਾਗ ਨੇ ਠੰਢ ਦੇ ਮੌਸਮ ਨੂੰ ਦੇਖਦਿਆਂ ਬੱਚਿਆ ਅਤੇ ਬਜ਼ੁਰਗਾਂ ਲਈ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਹੈ। ਸ਼ੁੱਕਰਵਾਰ ਵਾਲੇ ਦਿਨ ਸਵੇਰ ਵੇਲੇ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਰਹੀ ਅਤੇ ਵਾਹਨਾਂ ਚਾਲਕਾਂ ਨੂੰ ਲਾਈਟਾਂ ਜਗ੍ਹਾ ਕੇ ਮੰਜ਼ਿਲ ਵੱਲ ਕੂਚ ਕਰਨਾ ਪਿਆ। ਸਭ ਤੋਂ ਵੱਧ ਅਸਰ ਪੇਂਡੂ ਖੇਤਰ ਦੀ ਲਿੰਕ ਸੜਕਾਂ ਤੇ ਰਿਹਾ ਅਤੇ ਵਾਹਨ ਕੀੜੀ ਦੀ ਤੋਰ ਦਿਖਾਈ ਦਿੱਤੇ। ਮੌਸਮ ਵਿਭਾਗ ਪੰਜਾਬ ਦੀ ਰਿਪੋਰਟ ਮੁਤਾਬਿਕ ਆਉਣ ਵਾਲੇ 4 ਤੋਂ 5 ਦਿਨਾਂ ਵਿਚ ਪੰਜਾਬ , ਹਰਿਆਣਾ ਵਿਚ ਸੀਤ ਲਹਿਰ ਚੱਲਣ ਦੇ ਨਾਲ ਕੋਹਰਾ ਪੈਣ ਦੀ ਸੰਭਾਵਨਾ ਹੈ।

Advertisement
Author Image

sukhwinder singh

View all posts

Advertisement
Advertisement
×