For the best experience, open
https://m.punjabitribuneonline.com
on your mobile browser.
Advertisement

ਲੋਕ-ਸਮੂਹ, ਲੋਕ-ਇਕੱਠ ਤੇ ਸਾਂਝੇ ਦਿਸਹੱਦੇ

08:24 AM Nov 26, 2023 IST
ਲੋਕ ਸਮੂਹ  ਲੋਕ ਇਕੱਠ ਤੇ ਸਾਂਝੇ ਦਿਸਹੱਦੇ
Advertisement

ਸਵਰਾਜਬੀਰ

ਪੰਜਾਬ ਦੇ ਲੋਕ ਨਵੰਬਰ 2020 ਤੋਂ ਬਾਅਦ ਦੇ ਇਕ ਸਾਲ ਨੂੰ ਅਤਿਅੰਤ ਨਿੱਘ ਤੇ ਖੁਮਾਰ ਨਾਲ ਯਾਦ ਕਰਦੇ ਹਨ; ਇਹ ਉਹ ਦਿਨ ਸਨ ਜਦੋਂ ਪੰਜਾਬ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ-ਹਰਿਆਣਾ ਹੱਦ ’ਤੇ ਸਿੰਘੂ ਤੇ ਟਿੱਕਰੀ ਵਿਚ ਡੇਰੇ ਲਾ ਲਏ ਸਨ। ਉੱਥੇ ਕਿਸਾਨ ਸਨ, ਉਨ੍ਹਾਂ ਦੇ ਹਮਾਇਤੀ ਹੋਰ ਵਰਗਾਂ ਦੇ ਲੋਕ ਤੇ ਕਲਾਕਾਰ ਸਨ, ਗਾਇਕ, ਰੰਗਕਰਮੀ ਤੇ ਚਿੱਤਰਕਾਰ ਸਨ, ਸਮਾਜਿਕ ਕਾਰਕੁਨ, ਵਿਦਿਆਰਥੀ ਤੇ ਔਰਤਾਂ ਸਨ, ਲੰਗਰ ਤੇ ਹਸਪਤਾਲ ਸਨ, ਲੋਕ-ਸੰਘਰਸ਼, ਨਿਆਂ ਪ੍ਰਾਪਤੀ ਤੇ ਲੋਕ-ਚੇਤਨਾ ਦੇ ਗੀਤ ਤੇ ਸੰਘਰਸ਼ ਕਰਨ ਦੀਆਂ ਕਿਲਕਾਰੀਆਂ ਸਨ; ਉਤਸ਼ਾਹ, ਆਸਾਂ-ਉਮੀਦਾਂ, ਤਾਂਘਾਂ, ਨਿੱਘ ਤੇ ਪ੍ਰੇਮ ਦੀਆਂ ਕਾਂਗਾਂ, ਸਾਥ ਦੇਣ ਦੀ ਭਾਵਨਾ ਦੇ ਕੱਪਰ ਅਤੇ ਸੱਤਾ ਨਾਲ ਟੱਕਰ ਲੈਣ ਦੇ ਇਰਾਦਿਆਂ ਦੇ ਤੂਫ਼ਾਨ ਸਨ। ਇਹ ਸੱਤਾ ਦੇ ਕਿਲ੍ਹਿਆਂ ਨਾਲ ਟੱਕਰ ਲੈਣ ਲਈ ਬਣੀਆਂ ਕੱਚੀਆਂ ਗੜ੍ਹੀਆਂ ਸਨ। ਇਸੇ ਲਈ ਅਮਰੀਕੀ ਚਿੰਤਕ ਨੋਇਮ ਚੌਮਸਕੀ ਅਨੁਸਾਰ ਉਹ ਲੋਕ-ਸਮੂਹ ਤੇ ਲੋਕ-ਇਕੱਠ ਸਾਰੀ ਦੁਨੀਆ ਲਈ ਚਾਨਣ-ਮੁਨਾਰੇ ਬਣ ਗਏ ਸਨ।
ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਬਾਦਿ ਕਾਰਾ ਸਭਿ ਛੋਡੀਆ ਸਾਚੀ ਤਰੁ ਤਾਰੀ।।’’ ਭਾਵ ਮੰਦੇ ਅਮਲਾਂ ਨੂੰ ਤਿਆਗ ਕੇ ਪ੍ਰਾਣੀ ਸੱਚ ਦੀ ਬੇੜੀ ’ਤੇ ਚੜ੍ਹ ਕੇ ਨਦੀ ਤੋਂ ਪਾਰ ਹੋ ਜਾਂਦਾ ਹੈ। ਉਨ੍ਹਾਂ ਦਿਨਾਂ ਵਿਚ ਪੰਜਾਬ ਦੇ ਲੋਕ ਸੱਚ ਦੀਆਂ ਬੇੜੀਆਂ ’ਤੇ ਚੜ੍ਹ ਕੇ ਲੋਕ ਸੰਘਰਸ਼ ਦੇ ਤੂਫ਼ਾਨ ਵਿਚ ਠਿੱਲ ਪਏ ਸਨ। ਪੰਜਾਬ ’ਚੋਂ ਕੌਣ ਸੀ ਜੋ ਉੱਥੇ ਨਹੀਂ ਸੀ? ਪੰਜਾਬ ਦੇ ਹਿੱਤਾਂ ਲਈ ਸਾਹ ਲੈਣ ਵਾਲਾ ਹਰ ਸ਼ਖ਼ਸ ਉੱਥੇ ਮੌਜੂਦ ਸੀ; ਸਿਰੜੀ ਜਿਊੜਿਆਂ ਨੇ ਉੱਥੇ ਮਹੀਨੇ ਬਿਤਾਏ, ਕਈ ਕੁਝ ਦਿਨਾਂ ਲਈ ਗਏ, ਕਈ ਇਕ ਜਾਂ ਦੋ ਦਿਨਾਂ ਲਈ ਅਤੇ ਬਹੁਤ ਸਾਰੇ ਉੱਥੇ ਨਾ ਜਾ ਕੇ ਵੀ ਹਾਜ਼ਰ ਸਨ। ਇਉਂ ਲੱਗਦਾ ਸੀ ਜਿਵੇਂ ਨਾ ਸਿਰਫ਼ ਖੇਤੀ ਕਾਨੂੰਨ ਵਾਪਸ ਲਏ ਜਾਣਗੇ ਸਗੋਂ ਸਾਡਾ ਸੰਸਾਰ ਬਦਲ ਜਾਵੇਗਾ, ਪੰਜਾਬ ਬਦਲ ਜਾਵੇਗਾ।
ਜਿੱਥੋਂ ਤੱਕ ਪੰਜਾਬ ਦਾ ਸਬੰਧ ਹੈ, ਉਹ ਅੰਦੋਲਨ ਇਸ ਲਈ ਸਫਲ ਹੋਇਆ ਕਿਉਂਕਿ ਉਸ ਅੰਦੋਲਨ ਵਿਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਅੰਦੋਲਨ ਅਤੇ ਪੰਜਾਬ ਇਕਮਿੱਕ ਹੋ ਗਏ ਸਨ। ਉਸ ਅੰਦੋਲਨ ਵਿਚ ਸਮੁੱਚੇ ਪੰਜਾਬ ਦੀ ਰੂਹ ਧੜਕ ਰਹੀ ਸੀ।
ਉੱਥੇ ਪਹੁੰਚੇ ਲੋਕ-ਸਮੂਹਾਂ ਵਿਚ ਅੰਤਾਂ ਦਾ ਵੇਗ ਸੀ; ਵੇਗ ਵੀ ਸੀ ਅਤੇ ਕਿਸਾਨ ਜਥੇਬੰਦੀਆਂ ਦੁਆਰਾ ਦਹਾਕਿਆਂ ਬੱਧੀ ਕੀਤੇ ਸੰਘਰਸ਼ਾਂ ਵਿਚੋਂ ਉਪਜੀ ਜ਼ਬਤ ਤੇ ਸਮਝ ਵੀ; ਸੱਤਾ ਨਾਲ ਟੱਕਰ ਲੈਣ ਲਈ ਬਣਾਈ ਜਾਣ ਵਾਲੀ ਰਣਨੀਤੀ, ਲੋਕਾਂ ਨੂੰ ਜਥੇਬੰਦ ਕਰਨ ਦੀ ਸਮਰੱਥਾ, ਸਭ ਉੱਥੇ ਹਾਜ਼ਰ ਸਨ। ਇਸ ਲਾਮਬੰਦੀ ਕਾਰਨ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਪਏ। ਇਹ ਕਿਸਾਨਾਂ ਤੇ ਲੋਕਾਂ ਦੀ ਜਿੱਤ ਸੀ, ਪੰਜਾਬ ਦੀ ਜਿੱਤ ਸੀ, ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੀ ਜਿੱਤ ਸੀ, ਦੂਸਰੇ ਸੂਬਿਆਂ ਵਿਚੋਂ ਉੱਠੀਆਂ ਹਮਾਇਤ ਦੀਆਂ ਆਵਾਜ਼ਾਂ ਦੀ ਜਿੱਤ ਸੀ, ਲੋਕਾਂ ਦੇ ਏਕੇ ਦੀ ਜਿੱਤ ਸੀ; ਕਿਸਾਨ ਅਤੇ ਹੋਰ ਵਰਗਾਂ ਵਿਚ ਪੈਦਾ ਹੋਈ ਏਕਾਮਈ ਚੇਤਨਾ ਦੀ ਜਿੱਤ ਸੀ। ਇਸ ਜਿੱਤ ਦਾ ਮੂਲ ਕਾਰਨ ਇਹ ਸੀ ਕਿ ਕਿਸਾਨ ਅੰਦੋਲਨ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਕਿਸਾਨਾਂ ਤਕ ਸੀਮਤ ਨਾ ਰਹਿ ਕੇ ਲੋਕ-ਅੰਦੋਲਨ ਬਣ ਗਿਆ ਸੀ।
ਜਿੱਥੇ ਜਿੱਤ ਹੁੰਦੀ ਹੈ, ਉੱਥੇ ਜਿੱਤ ਵਿਚ ਪਈ ਜਿੱਤ ਦੀ ਸੀਮਾ ਵੀ ਹੁੰਦੀ ਹੈ; ਉੱਥੇ ਹੀ ਉਸ ਜਿੱਤ ਤੋਂ ਅੱਗੇ ਜਾਣ ਦੀ ਚੁਣੌਤੀ ਵੀ ਪਈ ਹੁੰਦੀ ਹੈ। ਉਸ ਜਿੱਤ ਤੋਂ ਅੱਗੇ ਜਾਣ ਦੀ ਚੁਣੌਤੀ, ਪੰਜਾਬ ਤੇ ਹੋਰ ਸੂਬਿਆਂ ਦੇ ਕਿਸਾਨਾਂ ਅਤੇ ਹੋਰ ਵਰਗਾਂ ਦੇ ਲੋਕਾਂ ਲਈ ਇਕ ਨਵੇਂ ਯੁੱਗ ਦੀ ਆਮਦ ਲਈ ਸਿਆਸੀ-ਸਮਾਜਿਕ ਏਜੰਡੇ ਦੀ ਸਿਰਜਣਾ ਸੀ। ਕੀ ਕਿਸਾਨ ਅੰਦੋਲਨ ਉਸ ਸਿਆਸੀ-ਸਮਾਜਿਕ ਏਜੰਡੇ ਦੀ ਸਿਰਜਣਾ ਕਰ ਸਕਿਆ? ਇਸ ਦਾ ਉੱਤਰ ‘ਨਾਂਹ’ ਵਿਚ ਹੈ ਅਤੇ ਜਦੋਂ ਅਸੀਂ ਇਹ ‘ਨਾਂਹ’ ਦੇ ਹਨੇਰੇ ਸੰਸਾਰ ਵਿਚ ਜਾਂਦੇ ਹਾਂ ਤਾਂ ਆਸਾਂ-ਉਮੀਦਾਂ ਪਿੱਛੇ ਰਹਿ ਜਾਂਦੀਆਂ ਹਨ ਤੇ ਨਿਰਾਸ਼ਾ ਦੀਆਂ ਕਾਂਗਾਂ ਉਮੜਦੀਆਂ ਹਨ; ਤੇ ਸਾਨੂੰ ਦਿਖਾਈ ਦਿੰਦੀਆਂ ਹਨ ਆਪਣੀਆਂ ਸੀਮਾਵਾਂ ਅਤੇ ਉਸ ਸਮੇਂ ਪੈਦਾ ਹੋਈ ਸਮਾਜਿਕ ਤੇ ਸਿਆਸੀ ਚੇਤਨਾ ਦੀਆਂ ਸੀਮਾਵਾਂ। ਉਸ ਵੇਗਮਈ ਅੰਦੋਲਨ ਦੀ ਯਾਦ ਸਾਡੇ ਮਨਾਂ ਵਿਚ ਗਰਮਾਇਸ਼ ਤਾਂ ਭਰਦੀ ਹੈ ਪਰ ਅਸੀਂ ਜਾਣਦੇ ਹਾਂ ਕਿ ਅਸੀਂ ਇਕ ਸੀਮਾ ਤੋਂ ਅੱਗੇ ਨਹੀਂ ਸਾਂ ਜਾ ਸਕੇ।
ਉਸ ਸਮੇਂ ਸਿੰਘੂ ਤੇ ਟਿੱਕਰੀ ਸਾਡੇ ਲੋਕ-ਤੀਰਥ ਬਣ ਗਏ ਸਨ। ਹਰ ਪੰਜਾਬੀ ਉੱਥੇ ਜਾਣਾ ਚਾਹੁੰਦਾ ਸੀ। ਉੱਥੇ ਹਰਿਆਣੇ ਦੇ ਕਿਸਾਨ ਅਤੇ ਹੋਰ ਵਰਗਾਂ ਦੇ ਲੋਕ ਵੀ ਮੌਜੂਦ ਸਨ; ਉਨ੍ਹਾਂ ਦੀ ਹਾਜ਼ਰੀ ਭਰਪੂਰ ਤੇ ਬਰਕਤਾਂ ਭਰੀ ਸੀ; ਉਨ੍ਹਾਂ ਤੋਂ ਬਗ਼ੈਰ ਇਨ੍ਹਾਂ ਲੋਕ-ਤੀਰਥਾਂ ਤੇ ਕਮਿਊਨਾਂ ਦਾ ਵਸਣਾ ਨਾਮੁਮਕਿਨ ਸੀ; ਪੰਜਾਬੀਆਂ ਤੇ ਹਰਿਆਣਵੀਆਂ ਵਿਚਕਾਰ ਸਿਆਸਤਦਾਨਾਂ ਦੁਆਰਾ ਉਸਾਰੀਆਂ ਗਈਆਂ ਤੁਅੱਸਬ ਦੀਆਂ ਕੰਧਾਂ ਢਹਿ ਗਈਆਂ ਸਨ। ਉੱਥੇ ਚਾਨਣੀ ਦੇ ਚੁਬਾਰੇ ਤੇ ਮਹਿਕਾਂ ਦੇ ਮੀਨਾਰ ਸਨ।
ਇਕ ਹੋਰ ਦ੍ਰਿਸ਼ਟੀਕੋਣ ਤੋਂ ਸੋਚੀਏ ਤਾਂ ਸਾਡਾ ਸਿੰਘੂ ਤੇ ਟਿੱਕਰੀ ’ਤੇ ਪਹੁੰਚਣਾ ਇਕ ਅਲੋਕਾਰ ਘਟਨਾ ਸੀ। ਪੰਜਾਬ ਦੀਆਂ ਬਹੁਤੀਆਂ ਕਿਸਾਨ ਜਥੇਬੰਦੀਆਂ ਦੀ ਸਮਝ ਇਹ ਸੀ ਕਿ ਉਨ੍ਹਾਂ ਨੂੰ ਸ਼ੰਭੂ ਤੇ ਡੱਬਵਾਲੀ (ਪੰਜਾਬ-ਹਰਿਆਣੇ ਦੀ ਹੱਦ) ’ਤੇ ਰੋਕ ਲਿਆ ਜਾਵੇਗਾ; ਉਨ੍ਹਾਂ ਨੇ ਉੱਥੇ ਰੁਕਣ ਲਈ ਇੰਤਜ਼ਾਮ ਵੀ ਕਰ ਲਏ ਸਨ ਪਰ ਲੋਕ-ਵੇਗ ਉਨ੍ਹਾਂ ਨੂੰ ਸਿੰਘੂ ਤੇ ਟਿੱਕਰੀ ਲੈ ਗਿਆ ਜੋ ਅਜਿਹੇ ਰਣ-ਖੇਤਰ ਹੋ ਨਿੱਬੜੇ ਜਿੱਥੋਂ ਉਹ ਆਪਣੀ ਲੜਾਈ ਆਪਣੀ ਰਣਨੀਤੀ ਅਨੁਸਾਰ ਲੜ ਸਕਦੇ ਹਨ। ਲੋਕ-ਸੰਘਰਸ਼ਾਂ ਵਿਚ ਲੜਨ ਵਾਲੀ ਥਾਂ ਦੀ ਅਹਿਮੀਅਤ ਬਹੁਤ ਵੱਡੀ ਹੁੰਦੀ ਹੈ। ਸਿੰਘੂ ਤੇ ਟਿੱਕਰੀ ਜਥੇਬੰਦਕ ਤਾਕਤ, ਸੱਤਾ ਅਤੇ ਸੰਘਰਸ਼ਮਈ ਸ਼ਕਤੀਆਂ ਦੇ ਸਮਤੋਲ ਦੇ ਆਧਾਰ ’ਤੇ ਸਹੀ ਸਥਾਨ ਸਨ; ਉਨ੍ਹਾਂ ਦਾ ਪਿੱਛਾ ਹਰਿਆਣਾ ਤੇ ਪੰਜਾਬ ਨਾਲ ਲੱਗਦਾ ਸੀ ਤੇ ਮੂੰਹ ਦਿੱਲੀ, ਜੋ ਸਰਬਉੱਚ ਸੱਤਾ ਦਾ ਕੇਂਦਰ ਹੈ, ਵੱਲ ਸੀ।
ਇਕ ਹੋਰ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਪ੍ਰਤੀਕਮਈ ਤੌਰ ’ਤੇ ਸਿੰਘੂ ਤੇ ਟਿੱਕਰੀ ਨੂੰ ਸਾਡੀ ਸੀਮਾ ਨਿਸ਼ਚਿਤ ਕੀਤਾ ਗਿਆ ਅਤੇ ਇਹ ਸਥਾਨ ਸਾਡੀ ਹਕੀਕੀ ਸੀਮਾ ਵੀ ਸਨ। 26 ਜਨਵਰੀ 2021 ਨੂੰ ਕੁਝ ਲੋਕ ਲਾਲ ਕਿਲੇ ਤਕ ਵੀ ਪਹੁੰਚੇ ਪਰ ਉੱਥੇ ਪਹੁੰਚਣ ਲਈ ਅਪਣਾਇਆ ਗਿਆ ਤਰੀਕਾ ਸਿੰਘੂ ਤੇ ਟਿੱਕਰੀ ਦੀਆਂ ਕੱਚੀਆਂ ਗੜ੍ਹੀਆਂ ਨੂੰ ਮਜ਼ਬੂਤ ਕਰਨ ਵਾਲਾ ਨਹੀਂ ਸਗੋਂ ਸੱਤਾ-ਕੇਂਦਰਾਂ ਨੂੰ ਅਜਿਹੀਆਂ ਸ਼ਕਤੀਆਂ ਦੇਣ ਵਾਲਾ ਸੀ ਜਿਸ ਨਾਲ ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਦੇ ਲੋਕ-ਤੀਰਥਾਂ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ। 27 ਜਨਵਰੀ 2021 ਨੂੰ ਕਿਸਾਨ ਆਗੂ ਰਾਕੇਸ਼ ਸਿੰਘ ਟਿਕੈਤ ਦੇ ਭਾਸ਼ਣ ਨੇ ਲੋਕਾਂ ਨੂੰ ਫੇਰ ਇਕ ਭਾਵਨਾਤਮਕ ਲੈਅ ਵਿਚ ਬੰਨ੍ਹਿਆ ਤੇ ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਦੇ ਲੋਕ-ਟਿਕਾਣੇ ਆਪਣੀ ਹੋਂਦ ਕਾਇਮ ਰੱਖ ਸਕੇ।
ਜੋ ਲੋਕ-ਸਮੂਹ ਸਿੰਘੂ ਤੇ ਟਿੱਕਰੀ ਗਏ, ਉਨ੍ਹਾਂ ਵਿਚ ਨਵੀਂ ਚੇਤਨਾ ਜਾਗੀ; ਉਨ੍ਹਾਂ ਨੂੰ ਲੋਕ-ਸਮੂਹਾਂ ਦੀ ਤਾਕਤ ਦਾ ਪਤਾ ਚੱਲਿਆ, ਉਹ ਊਰਜਿਤ ਹੋਏ ਤੇ ਉਸ ਚੇਤਨਾ ਤੇ ਊਰਜਾ ਨੇ ਉਨ੍ਹਾਂ ਦੀਆਂ ਨਿੱਜੀ ਜ਼ਿੰਦਗੀਆਂ ਨੂੰ ਨਵੇਂ ਆਯਾਮ ਦਿੱਤੇ; ਪੰਜਾਬ ਦੀ ਸਮੂਹਿਕ ਚੇਤਨਾ ਵਿਚ ਵੀ ਤਬਦੀਲੀਆਂ ਆਈਆਂ; ਉਨ੍ਹਾਂ ਨੇ ਸਿਆਸੀ ਆਗੂਆਂ ਨੂੰ ਵੰਗਾਰਿਆ; ਉਨ੍ਹਾਂ ਨੂੰ ਪ੍ਰਸ਼ਨ ਪੁੱਛੇ। ਕਿਸਾਨ ਸੰਘਰਸ਼ ਤੋਂ ਊਰਜਿਤ ਹੋਏ ਪੰਜਾਬ ਨੇ ਸੂਬੇ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਰੱਦ ਕਰ ਕੇ ਆਮ ਆਦਮੀ ਪਾਰਟੀ ਨੂੰ ਚੁਣਿਆ ਪਰ ਸਮੂਹਿਕ ਚੇਤਨਾ ਵਿਚ ਉਹੋ ਜਿਹੀਆਂ ਚਿਰਟਿਕਾਊ ਤਬਦੀਲੀਆਂ ਨਾ ਆਈਆਂ ਜਿਨ੍ਹਾਂ ਦੇ ਆਉਣ ਦੀ ਆਸ ਅਜਿਹੇ ਇਨਕਲਾਬੀ ਘੋਲ ਤੋਂ ਕੀਤੀ ਜਾਂਦੀ ਹੈ। ਸਮਾਜ ਸਾਹਮਣੇ ਚੁਣੌਤੀਆਂ ਬਰਕਰਾਰ ਰਹੀਆਂ।
ਅੰਦੋਲਨਾਂ ਸਮੇਂ ਊਰਜਿਤ ਹੁੰਦੇ ਲੋਕ-ਇਕੱਠਾਂ ਅਤੇ ਲੋਕ-ਤਨਜ਼ੀਮਾਂ/ਜਥੇਬੰਦੀਆਂ ਵਿਚ ਕਿਹੋ ਜਿਹਾ ਰਿਸ਼ਤਾ ਹੁੰਦਾ ਹੈ? ਪਹਿਲਾਂ ਅੰਦੋਲਨਾਂ ਵਿਚ ਹਿੱਸਾ ਲੈਣ ਵਾਲੇ ਲੋਕ ਜਥੇਬੰਦੀਆਂ ਤੇ ਪਾਰਟੀਆਂ ਨਾਲ ਜੁੜ ਜਾਂਦੇ ਸਨ ਪਰ ਹੁਣ ਅੰਦੋਲਨਾਂ ਵਿਚ ਪਹੁੰਚਦੇ ਲੋਕਾਂ ਵਿਚੋਂ ਬਹੁਤ ਘੱਟ ਤਨਜ਼ੀਮਾਂ ਨਾਲ ਜੁੜਦੇ ਹਨ; ਕਈ ਵਾਰ ਤਨਜ਼ੀਮਾਂ ਦੀ ਆਪਣੀ ਬਣਤਰ ਉਨ੍ਹਾਂ ਨੂੰ ਲੋਕਾਂ ਨਾਲ ਜੁੜਨ ਨਹੀਂ ਦਿੰਦੀ; ਤਨਜ਼ੀਮਾਂ ਬਿਖਰੀਆਂ ਹੋਈਆਂ ਹਨ; ਉਨ੍ਹਾਂ ਅੰਦਰਲਾ ਟਕਰਾਅ ਭਿਆਨਕ ਹੈ।
ਸਰਮਾਏਦਾਰੀ ਦੇ ਕਈ ਇਤਿਹਾਸਕ ਕਾਰਜਾਂ ਵਿਚੋਂ ਇਕ ਅਹਿਮ ਕਾਰਜ ਹੈ ਲੋਕਾਂ ਦੀ ਸਮਾਜਿਕਤਾ, ਸਮੂਹਿਕਤਾ ਤੇ ਭਾਈਚਾਰਕ ਸਾਂਝ ਨੂੰ ਤੋੜਨਾ ਅਤੇ ਮਨੁੱਖ ਨੂੰ ਇਕੱਲਿਆਂ ਕਰਨਾ। ਇਕੱਲਾ ਮਨੁੱਖ ਇਕਲਾਪੇ ਦਾ ਸ਼ਿਕਾਰ, ਰਿਸ਼ਤੇ ਬਣਾਉਣ ਤੋਂ ਹਿਚਕਚਾਉਣ ਵਾਲਾ ਅਤੇ ਬੇਬਸ ਹੁੰਦਾ ਹੈ। ਲੋਕ-ਹੱਕਾਂ ਲਈ ਹੁੰਦੇ ਇਕੱਠ ਇਸ ਬੇਬਸੀ, ਲਾਚਾਰੀ ਅਤੇ ਇਕਲਾਪੇ ਨੂੰ ਤੋੜਦੇ ਹਨ। ਅਜਿਹੇ ਇਕੱਠਾਂ ਵਿਚ ਸ਼ਮੂਲੀਅਤ ਸਰਮਾਏਦਾਰੀ ਦੁਆਰਾ ਪੈਦਾ ਕੀਤੀ ਜਾਂਦੀ ਉਦਾਸੀ, ਬੇਗ਼ਾਨਗੀ ਅਤੇ ਹੋਰ ਨਕਾਰਾਤਮਕ ਭਾਵਨਾਵਾਂ ਦੇ ਜਮੂਦ ਨੂੰ ਤੋੜਦੀ ਹੈ; ਇਕੱਠਾਂ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਸਾਥੀ, ਮਿੱਤਰ, ਭਾਈ-ਭਾਈ ਤੇ ਕਾਮਰੇਡ ਬਣਾਉਂਦੀ ਹੈ। ਅਮਰੀਕੀ ਚਿੰਤਕ ਜੋਡੀ ਡੀਨ ਨੇ ਇਸ ਸਮੂਹਿਕ ਜਜ਼ਬੇ ਨੂੰ ਆਪਣੀਆਂ ਕਈ ਕਿਤਾਬਾਂ ਅਤੇ ਖ਼ਾਸ ਕਰਕੇ ‘ਲੋਕ-ਇਕੱਠ ਤੇ ਪਾਰਟੀ (Crowds and Party)’ ਵਿਚ ਕਲਮਬੰਦ ਕੀਤਾ ਹੈ। ਲੋਕ-ਇਕੱਠਾਂ ਵਿਚ ਸ਼ਾਮਲ ਹੁੰਦੇ ਲੋਕ ਸਹਿਯੋਗੀਆਂ ਤੋਂ ਸਾਥੀ (ਕਾਮਰੇਡ) ਬਣਦੇ ਹਨ; ਇਹ ਸ਼ਮੂਲੀਅਤ ਮਨੁੱਖ ਨੂੰ ਮਨੁੱਖ ਬਣਾਉਂਦੀ ਹੈ। ਬਰਨਾਰਡ ਆਸਪੇ ਦੇ ਸ਼ਬਦਾਂ ਵਿਚ ਉਹ ਇਕੱਠੇ ਹੋਣ ਵਾਲੇ ਲੋਕਾਂ ਲਈ ਸਮੂਹਿਕ ਸਮਾਂ (Common time) ਸਿਰਜਦੀ ਹੈ; ਇਹ ਸਮਾਂ ਸਰਮਾਏਦਾਰੀ ਦੁਆਰਾ ਪੈਦਾ ਕੀਤੇ ਗਏ ਨਿੱਜੀ ਸਮੇਂ (ਉਦਾਹਰਨ ਵਜੋਂ ‘ਲੱਗੇ ਰਹੋ ਆਪਣੇ ਮੋਬਾਈਲਾਂ ’ਤੇ ਅਤੇ ਆਪਣੇ ਨਿੱਜੀ ਸੁਪਨ-ਸੰਸਾਰ ’ਚ ਰੁਝੇ ਰਹੋ’ ਦੀ ਕਵਾਇਦ ਨਾਲ ਪੈਦਾ ਕੀਤੀ ਜਾਂਦੀ ਨਿੱਜਵਾਦੀ ਇਕੱਲਤਾ ਦਾ ਸਮਾਂ) ਦੇ ਵਿਰੁੱਧ ਖੜ੍ਹਾ ਹੁੰਦਾ ਹੈ। ਜੋਡੀ ਡੀਨ ਲਿਖਦੀ ਹੈ ਕਿ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਾਂ ਅਸੀਂ ਸਾਥੀ ਬਣਦੇ ਤੇ ਸਾਂਝੇ ਦਿਸਹੱਦਿਆਂ ਦੀ ਸਿਰਜਣਾ ਕਰਦੇ ਹਾਂ। ਕਿਤਾਬ ਦੇ ਅੰਤ ਵਿਚ ਉਹ ਇਸ ਨਿਰਣੇ ’ਤੇ ਪਹੁੰਚਦੀ ਹੈ ਕਿ ਜਿੱਥੇ ਲੋਕ-ਇਕੱਠ ਮਹੱਤਵਪੂਰਨ ਹਨ, ਉੱਥੇ ਉਨ੍ਹਾਂ ’ਚੋਂ ਪੈਦਾ ਹੋਈ ਊਰਜਾ ਤਾਂ ਹੀ ਲੋਕ-ਹਿੱਤ ਲਈ ਵਰਤੀ ਜਾ ਸਕਦੀ ਹੈ ਜੇ ਉਸ ਨੂੰ ਵਰਤਣ ਵਾਲੀ ਤਨਜ਼ੀਮ/ਜਥੇਬੰਦੀ/ਪਾਰਟੀ ਮੌਜੂਦ ਹੋਵੇ। ਉਹ ਕਮਿਊਨਿਸਟ ਪਾਰਟੀਆਂ ਦੀ ਵਿਥਿਆ, ਉਨ੍ਹਾਂ ਦੇ ਟੁੱਟਣ, ਉਨ੍ਹਾਂ ਵਿਚਲੀ ਧੜੇਬਾਜ਼ੀ, ਸੱਤਾਮਈ ਧੜੇ ਵੱਲੋਂ ਦੂਸਰੀਆਂ ਧਿਰਾਂ ਦੇ ਮੈਂਬਰਾਂ ਨੂੰ ਕੱਢਣ, ਮੈਂਬਰਾਂ ਦੇ ਪਾਰਟੀ ਛੱਡਣ ਆਦਿ ਸਮੱਸਿਆਵਾਂ ਨੂੰ ਕਲਮਬੰਦ ਕਰਦੀ ਹੈ। ਉਹ ਇਕ ਆਦਰਸ਼ਕ ਪਾਰਟੀ ਦੀ ਤਾਂਘ ਕਰਦੀ ਹੈ ਕਿਉਂਕਿ ਉਸ ਦੇ ਅਨੁਸਾਰ ਇਕ ਆਦਰਸ਼ਕ ਤਨਜ਼ੀਮ ਜਾਂ ਪਾਰਟੀ ਤੋਂ ਬਿਨਾਂ ਇੱਥੇ ਹੋਰ ਕੋਈ ਨਹੀਂ ਜੋ ‘ਸਰਮਾਏਦਾਰੀ ਦੇ ਜੁਰਮਾਂ ਤੇ ਲੋਕਾਂ ਦੀਆਂ ਲੋੜਾਂ’ ਨੂੰ ਯਾਦ ਰੱਖ ਸਕੇ ਅਤੇ ਉਨ੍ਹਾਂ ਤੋਂ ਸਬਕ ਸਿੱਖ ਕੇ ਉਨ੍ਹਾਂ (ਸਰਮਾਏਦਾਰੀ ਨਿਜ਼ਾਮ ਦੇ ਜੁਰਮਾਂ) ਦਾ ਜਵਾਬ ਦੇ ਸਕੇ।
ਕਿਸਾਨ ਅੰਦੋਲਨ ਵਿਚ ਕਈ ਜਥੇਬੰਦੀਆਂ ਸਨ; ਉਨ੍ਹਾਂ ਵਿਚ ਵਕਤੀ ਤੌਰ ’ਤੇ ਸਾਂਝ ਤਾਂ ਪੈਦਾ ਹੋਈ ਜਿਸ ਨੇ ਉਨ੍ਹਾਂ ਨੂੰ ਜਿੱਤ ਦਿਵਾਈ ਪਰ ਉਹ ਚਿਰਜੀਵੀਂ ਸਮੂਹਿਕ ਸਾਂਝ ਨਾ ਪੈਦਾ ਕਰ ਸਕੀਆਂ। ਹਰ ਜਥੇਬੰਦੀ ਆਪਣਾ ਹੱਥ ਉੱਚਾ ਰੱਖਣਾ ਚਾਹੁੰਦੀ ਸੀ/ਹੈ, ਆਪਣੀ ਰੰਗਤ ਤੇ ਆਪਣੇ ਵੱਡੇ ਹੋਣ ਦੀ ਭਾਵਨਾ ਨੂੰ ਜਿਊਂਦੇ ਰੱਖਣਾ ਤੇ ਵਧਾਉਣਾ ਚਾਹੁੰਦੀ ਸੀ/ਹੈ; ਆਪਸ ਵਿਚ ਮੁਕਾਬਲਾ ਸੀ/ਹੈ, ਹਉਮੈ ਦੀ ਲੜਾਈ ਸੀ/ਹੈ। ਇਸੇ ਲਈ ਸਾਂਝੇ ਦਿਸਹੱਦਿਆਂ ਦੀ ਸਿਰਜਣਾ ਨਹੀਂ ਹੋ ਸਕੀ।
ਇਸ ਸਭ ਕੁਝ ਦੇ ਬਾਵਜੂਦ ਕਿਸਾਨ ਅੰਦੋਲਨ ਨੇ ਜਬਰ ਨਾਲ ਟੱਕਰ ਲੈਣ ਤੇ ਹੋਰ ਵਰਗਾਂ ਨਾਲ ਸਾਂਝ ਪਾਉਣ ਦੀ ਭਾਵਨਾ ਜ਼ਰੂਰ ਪੈਦਾ ਕੀਤੀ ਪਰ ਇਸ ਤੋਂ ਅਗਾਂਹ ਵਧ ਕੇ ਸਾਂਝੀਵਾਲਤਾ ਤੇ ਲੋਕ-ਹਿੱਤਾਂ ਲਈ ਲੜਨ ਵਾਲੇ ਸਾਂਝੇ ਦਿਸਹੱਦੇ ਸਿਰਜਣ ਤੇ ਉਨ੍ਹਾਂ ਵੱਲ ਵਧਣ ਅਤੇ ਵਿਆਪਕ ਏਕਤਾ ਬਣਾਉਣ ਦੀਆਂ ਚੁਣੌਤੀਆਂ ਅਜੇ ਬਰਕਰਾਰ ਹਨ। ਜੋਡੀ ਡੀਨ ਦੁਆਰਾ ਕਿਆਸੀ ਗਈ ਆਦਰਸ਼ਕ ਤਨਜ਼ੀਮ/ਜਥੇਬੰਦੀ/ਪਾਰਟੀ ਬਣਨੀ ਦੂਰ ਦੀ ਗੱਲ ਹੈ; ਜਥੇਬੰਦੀਆਂ ਲਈ ਨਿੱਜੀ ਤੇ ਜਥੇਬੰਦਕ ਹਉਮੈ ਨਾਲ ਨਜਿੱਠਣਾ ਹੀ ਵੱਡੀ ਚੁਣੌਤੀ ਹੈ। ਕਿਸਾਨ ਅੰਦੋਲਨ ਦੀ ਜਿੱਤ ਹੋਇਆਂ ਦੋ ਵਰ੍ਹੇ ਹੋਣ ਲੱਗੇ ਹਨ; ਇਹ ਮੌਕਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਲਈ ਇਹ ਵਿਚਾਰਨ ਦਾ ਵਕਤ ਹੈ ਕਿ ਕਿਵੇਂ ਉਨ੍ਹਾਂ ਨੇ 2020-21 ਵਿਚ ਕਿਸਾਨ ਅੰਦੋਲਨ ਤੇ ਪੰਜਾਬ ਨੂੰ ਇਕਮਿੱਕ ਕਰ ਕੇ ਉਸ ਨੂੰ ਲੋਕ-ਅੰਦੋਲਨ ਬਣਾ ਦਿੱਤਾ ਸੀ; ਲੋਕਾਂ ਤੇ ਕਿਸਾਨਾਂ ਵਿਚਕਾਰਲਾ ਉਹ ਏਕਾ ਬਾਅਦ ਵਿਚ ਬਰਕਰਾਰ ਕਿਉਂ ਨਾ ਰਿਹਾ; ਸਹਿਯੋਗੀ ਸਾਥੀ ਕਿਉਂ ਨਾ ਬਣੇ? ਉਸ ਏਕੇ ਤੋਂ ਬਿਨਾਂ ਸੀਮਤ ਵਰਗ-ਸੰਘਰਸ਼ ਤਾਂ ਹੋ ਸਕਦੇ ਹਨ ਪਰ ਉਹ ਲੋਕ-ਅੰਦੋਲਨ ਨਹੀਂ ਬਣ ਸਕਦੇ।

Advertisement

Advertisement
Author Image

sukhwinder singh

View all posts

Advertisement
Advertisement
×