ਜਬਰ-ਜਨਾਹ ਪੀੜਤ ਬੱਚੀ ਦੀ ਲਾਸ਼ ਦੇਖ ਰੋਹ ’ਚ ਆਏ ਲੋਕ
ਕੋਲਕਾਤਾ, 8 ਅਕਤੂਬਰ
ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ’ਚ 10 ਸਾਲ ਦੀ ਬੱਚੀ ਦੀ ਲਾਸ਼ ਸਸਕਾਰ ਲਈ ਉਸ ਦੇ ਪਿੰਡ ਲਿਜਾਏ ਜਾਣ ’ਤੇ ਰੋਹ ’ਚ ਆਏ ਹਜ਼ਾਰਾਂ ਪਿੰਡ ਵਾਸੀਆਂ ਨੇ ਪੁਲੀਸ ਦਾ ਵਾਹਨ ਘੇਰ ਲਿਆ ਤੇ ਮੁਜ਼ਾਹਰਾ ਕਰਦਿਆਂ ਵਾਹਨ ਦੀ ਭੰਨਤੋੜ ਕੀਤੀ। ਲੰਘੀ ਪੰਜ ਅਕਤੂਬਰ ਨੂੰ ਚੌਥੀ ਜਮਾਤ ਦੀ ਵਿਦਿਆਰਥਣ ਦੀ ਕਥਿਤ ਤੌਰ ’ਤੇ ਜਬਰ ਜਨਾਹ ਮਗਰੋਂ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਟਿਊਸ਼ਨ ਪੜ੍ਹ ਕੇ ਘਰ ਮੁੜ ਰਹੀ ਸੀ। ਘਟਨਾ ਤੋਂ ਬਾਅਦ ਪੀੜਤਾ ਦੀ ਲਾਸ਼ ਕੋਲਕਾਤਾ ਦੇ ਕਾਟਾਪੁਕੁੜ ਦੇ ਮੁਰਦਾਘਰ ’ਚ ਰੱਖੀ ਗਈ ਸੀ। ਬਾਅਦ ਵਿੱਚ ਕਲਕੱਤਾ ਹਾਈ ਕੋਰਟ ਦੇ ਹੁਕਮਾਂ ਮਗਰੋਂ ਬੀਤੇ ਦਿਨ ਲਾਸ਼ ਪੋਸਟਮਾਰਟਮ ਲਈ ਨਾਡੀਆ ਜ਼ਿਲ੍ਹੇ ਦੇ ਕਲਿਆਣੀ ਸਥਿਤ ਜਵਾਹਰਲਾਲ ਨਹਿਰੂ ਮੈਮੋਰੀਅਲ (ਜੇਐੱਨਐੱਮ) ਹਸਪਤਾਲ ਲਿਜਾਈ ਗਈ। ਜੇਐੱਨਐੱਮ ਹਸਪਤਾਲ ’ਚ ਲੰਘੀ ਰਾਤ ਬੱਚੀ ਦੀ ਲਾਸ਼ ਲਿਆਏ ਜਾਣ ਮਗਰੋਂ ਹਜ਼ਾਰਾਂ ਪਿੰਡ ਵਾਸੀਆਂ ਨੇ ਕੁਲਤਲੀ ਦੇ ਕ੍ਰਿਪਾਖਲੀ ਮੋੜ ’ਤੇ ਧਰਨਾ ਦਿੱਤਾ ਜਿਸ ਵਿੱਚ ਵੱਡੀ ਗਿਣਤੀ ਮਹਿਲਾਵਾਂ ਵੀ ਸ਼ਾਮਲ ਸਨ। ਪੁਲੀਸ ਮੌਕੇ ’ਤੇ ਪੁੱਜੀ ਤਾਂ ਉਨ੍ਹਾਂ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾਕਾਰੀਆਂ ਨੇ ਅੱਜ ਸਵੇਰੇ ਲਾਸ਼ ਲੈ ਕੇ ਮਹਿਸ਼ਮਾਰੀ ਪੁਲੀਸ ਚੌਕੀ ਤੱਕ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ।
ਦੁਰਗਾ ਪੂਜਾ ਦੌਰਾਨ ਪ੍ਰਦਰਸ਼ਨ ਜਾਰੀ ਰੱਖਣ ਦਾ ਐਲਾਨ
ਪੁਲੀਸ ਅਧਿਕਾਰੀ ਨੇ ਜਾਮ ਖੁੱਲ੍ਹਵਾਉਣ ਲਈ ਪਿੰਡ ਵਾਸੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦਾ ਮੁਜ਼ਾਹਰਾ ਦੁਰਗਾ ਪੂਜਾ ਦੌਰਾਨ ਵੀ ਜਾਰੀ ਰਹੇਗਾ। ਪਿੰਡ ਵਾਸੀਆਂ ਵੱਲੋਂ ਕੀਤੇ ਗਏ ਪਥਰਾਅ ’ਚ ਪੁਲੀਸ ਦੇ ਵਾਹਨ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ਕ੍ਰਿਪਾਖਲੀ ਮੋੜ ’ਤੇ ਰੋਸ ਮੁਜ਼ਾਹਰਾ ਜਾਰੀ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਸ ਹਿੰਸਕ ਕਾਰਵਾਈ ਪਿੱਛੇ ਜੋ ਲੋਕ ਹਨ ਉਨ੍ਹਾਂ ਦੀ ਪਛਾਣ ਕੀਤੀ ਜਾਵੇਗੀ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ