ਲੋਕਾਂ ਨੂੰ ਨਗਰ ਕੌਂਸਲ ਦਫ਼ਤਰ ’ਚ ਕੰਮ ਕਰਵਾਉਣੇ ਔਖੇ ਹੋਏ
ਪੱਤਰ ਪ੍ਰੇਰਕ
ਤਪਾ ਮੰਡੀ, 5 ਜੁਲਾਈ
ਨਗਰ ਕੌਂਸਲ ਤਪਾ ਵਿੱਚ ਅਧਿਕਾਰੀਆਂ ਦੀ ਘਾਟ ਅਤੇ ਅਜੇ ਤੱਕ ਪ੍ਰਧਾਨ ਦਾ ਅਹੁਦਾ ਖਾਲੀ ਹੋਣ ਕਾਰਨ ਲੋਕਾਂ ਨੂੰ ਖੁਆਰ ਹੋਣਾ ਪੈ ਰਿਹਾ ਹੈ ਜਿਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਵਾਰਡ ਨੰਬਰ 4 ਦੇ ਕੌਂਸਲਰ ਧਰਮਪਾਲ ਸ਼ਰਮਾ ਨੇ ਦੱਸਿਆ ਕਿ ਨਗਰ ਕੌਂਸਲ ਸਿਰਫ ਵਾਧੂ ਚਾਰਜਾਂ ਵਾਲੀ ਬਣ ਕੇ ਰਹਿ ਗਈ ਹੈ, ਜਿੱਥੇ ਜੇਈ ਅਤੇ ਅਕਾਊਂਟੈਂਟ ਨੂੰ ਵਾਧੂ ਚਾਰਜ ਦਿੱਤਾ ਹੋਇਆ ਹੈ ਅਤੇ ਅਜੇ ਤੱਕ ਏਅਮਈ ਦੀ ਤਾਇਨਾਤੀ ਨਾ ਹੋਣ ਕਾਰਨ ਵਿਕਾਸ ਕਾਰਜ ਰੁਕੇ ਪਏ ਹਨ। ਤਹਿਸੀਲ ਦੇ ਅਰਜ਼ੀ ਨਵੀਸਾਂ ਦਾ ਕਹਿਣਾ ਹੈ ਕਿ ਐੱਨਓਸੀ ਨਾ ਮਿਲਣ ਕਾਰਨ ਰਜਿਸਟਰੀਆਂ ਦਾ ਕੰਮ ਰੁਕਿਆ ਪਿਆ ਹੈ। ਸਰਕਾਰ ਨੂੰ ਸੱਤਾ ’ਚ ਆਇਆਂ ਲਗਪਗ ਸਵਾ ਦੋ ਸਾਲ ਹੋ ਗਏ ਹਨ ਅਜੇ ਤੱਕ ਨਗਰ ਕੌਂਸਲ ਵਿਚ ਪ੍ਰਧਾਨ ਦੀ ਤਾਇਨਾਤੀ ਨਹੀਂ ਹੋਈ। ਲੋਕਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਦਾ ਪ੍ਰਧਾਨ ਜਲਦੀ ਲਾਇਆ ਜਾਵੇ ਅਤੇ ਪੱਕੇ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾਵੇ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੇ ਕਿਹਾ ਕਿ ਏਐੱਮਈ ਦੀ ਤਾਇਨਾਤੀ ਸਬੰਧੀ ਲਿਖ ਕੇ ਭੇਜਿਆ ਹੋਇਆ ਹੈ ਅਤੇ ਅਧੂਰੇ ਕੰਮਾਂ ਨੂੰ ਜਲਦ ਹੀ ਪੂਰਾ ਕਰਵਾ ਦਿੱਤਾ ਜਾਵੇਗਾ।