ਲੋਕ ਤਾਂ ਸਭ ਕੁਝ ਭੁੱਲ ਜਾਂਦੇ ਹਨ
ਪ੍ਰਿੰ. ਵਿਜੈ ਕੁਮਾਰ
ਨੇਤਾ ਜੀ ਨਵੀਂ ਪਾਰਟੀ ’ਚ ਸ਼ਾਮਿਲ ਹੋਣ ਲਈ ਤਿਆਰ ਹੋ ਕੇ ਘਰੋਂ ਨਿਕਲਣ ਹੀ ਲੱਗੇ ਸਨ ਕਿ ਉਨ੍ਹਾਂ ਦੀ ਸ੍ਰੀਮਤੀ ਨੇ ਹਿਚਕਾਉਂਦਿਆਂ ਕਿਹਾ, ‘‘ਜੀ, ਤੁਹਾਡੇ ਨਾਲ ਇੱਕ ਗੱਲ ਕਰਨੀ ਸੀ।’’ ਨੇਤਾ ਜੀ ਬੋਲੇ, ‘‘ਜੇਕਰ ਕੋਈ ਜ਼ਰੂਰੀ ਗੱਲ ਹੈ ਤਾਂ ਛੇਤੀ ਕਰ। ਪਾਰਟੀ ਵਾਲੇ ਮੇਰੀ ਉਡੀਕ ਕਰ ਰਹੇ ਨੇ।’’ ਪਤਨੀ ਅੱਗੋਂ ਬੋਲੀ, ‘‘ਕਿਹੜੀ ਪਾਰਟੀ ਵਾਲੇ ਉਡੀਕ ਕਰ ਰਹੇ ਨੇ, ਨਵੀਂ ਪਾਰਟੀ ਵਾਲੇ ਜਾਂ ਪੁਰਾਣੀ ਪਾਰਟੀ ਵਾਲੇ?’’ ‘‘ਤੈਨੂੰ ਦੱਸਿਆ ਤਾਂ ਸੀ ਕਿ ...।’’ ਨੇਤਾ ਜੀ ਦੀ ਹਾਲੇ ਗੱਲ ਪੂਰੀ ਨਹੀਂ ਹੋਈ ਸੀ ਕਿ ਇੰਨੇ ਨੂੰ ਉਨ੍ਹਾਂ ਦਾ ਫੋਨ ਵੱਜ ਪਿਆ। ਅੱਗੋਂ ਆਵਾਜ਼ ਆਈ, ‘‘ਸਰ, ਤੁਸੀਂ ਪਹੁੰਚੇ ਨਹੀਂ। ਸਾਰਾ ਮੀਡੀਆ ਤੁਹਾਡੀ ਉਡੀਕ ਕਰ ਰਿਹਾ ਹੈ, ਕਿਧਰੇ ਤੁਹਾਡਾ ਮਨ ਤਾਂ ਨਹੀਂ ਬਦਲ ਗਿਆ? ਜਲਦੀ ਪਹੁੰਚੋ, ਕਿਧਰੇ ਪਾਰਟੀ ਤੁਹਾਨੂੰ ਲੈਣ ਤੋਂ ਮਨ੍ਹਾਂ ਹੀ ਕਰ ਦੇਵੇ।’’ ਨੇਤਾ ਜੀ ਬੋਲੇ, ‘‘ਨਾ! ਨਾ! ਯਾਰ, ਵੇਖਿਓ, ਇੰਜ ਨਾ ਕਰਿਓ। ਮੈਂ ਤਾਂ ਆਪਣੀ ਮਾਂ ਪਾਰਟੀ ਵੀ ਛੱਡ ਦਿੱਤੀ ਹੈ।’’ ਅੱਗੋਂ ਆਵਾਜ਼ ਆਈ, ‘‘ਚਲੋ ਠੀਕ ਹੈ। ਦੇਰ ਨਾ ਕਰਿਓ, ਛੇਤੀ ਪਹੁੰਚੋ।’’ ਨੇਤਾ ਜੀ ਆਪਣੀ ਸ੍ਰੀਮਤੀ ਦੀ ਗੱਲ ਸੁਣੇ ਬਿਨਾਂ ਹੀ ਨਿਕਲ ਗਏ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਨਵੀਂ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਮੌਕਾ ਉਨ੍ਹਾਂ ਹੱਥੋਂ ਨਿਕਲ ਹੀ ਨਾ ਜਾਵੇ। ਨੇਤਾ ਜੀ ਦੇ ਨਵੀਂ ਪਾਰਟੀ ਵਿੱਚ ਸ਼ਾਮਿਲ ਹੋਣ ਮਗਰੋਂ ਮੀਡੀਆ ਨੇ ਉਨ੍ਹਾਂ ਨੂੰ ਪੁੱਛਿਆ, ‘‘ਸਰ, ਤੁਸੀਂ ਆਪਣੀ ਪਾਰਟੀ ਵਿੱਚ ਇੰਨੇ ਉੱਚੇ ਅਹੁਦਿਆਂ ਉੱਤੇ ਰਹੇ, ਤੁਹਾਡੀ ਪਾਰਟੀ ਨੇ ਤੁਹਾਨੂੰ ਇੰਨਾ ਕੁਝ ਦਿੱਤਾ। ਕੀ ਹੁਣ ਤੁਹਾਨੂੰ ਆਪਣੀ ਪਾਰਟੀ ਦੀ ਸਰਕਾਰ ਨਾ ਆਉਣ ਦਾ ਡਰ ਹੈ ਜਾਂ ਤੁਸੀਂ ਕਿਸੇ ਡਰ ਕਾਰਨ ਪਾਰਟੀ ਛੱਡ ਰਹੇ ਹੋ?’’ ਨੇਤਾ ਜੀ ਬੋਲੇ, ‘‘ਭਰਾਵੋ, ਮੈਂ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ। ਮੈਨੂੰ ਇਸ ਪਾਰਟੀ ਦੀਆਂ ਨੀਤੀਆਂ ਪਸੰਦ ਹਨ।’’ ਨੇਤਾ ਜੀ ਦੀ ਗੱਲ ਸੁਣ ਕੇ ਸਾਰੇ ਹੱਸ ਪਏ।
ਮੀਡੀਆ ਵਾਲਿਆਂ ਨੂੰ ਹੱਸਦਿਆਂ ਵੇਖ ਕੇ ਨੇਤਾ ਜੀ ਫਿਰ ਬੋਲੇ, ‘‘ਮਿੱਤਰੋ, ਕੀ ਮੇਰੇ ਕੋਲੋਂ ਕੁਝ ਗ਼ਲਤ ਬੋਲਿਆ ਗਿਆ?’’ ਨੇਤਾ ਜੀ ਦਾ ਸਵਾਲ ਸੁਣ ਕੇ ਇੱਕ ਚੈਨਲ ਵਾਲਾ ਬੋਲਿਆ, ‘‘ਨਹੀਂ ਸਰ, ਤੁਸੀਂ ਕਦੇ ਗ਼ਲਤ ਹੋ ਨਹੀਂ ਸਕਦੇ ਪਰ ਜਿਸ ਪਾਰਟੀ ਦੀਆਂ ਨੀਤੀਆਂ ਦੀ ਆਲੋਚਨਾ ਕਰਕੇ ਤੁਸੀਂ ਲੋਕਾਂ ਤੋਂ ਵੋਟਾਂ ਲੈਂਦੇ ਰਹੇ ਹੋ, ਉਸ ਦੀਆਂ ਨੀਤੀਆਂ ਅੱਜ ਠੀਕ ਕਿਵੇਂ ਹੋ ਗਈਆਂ? ਕੀ ਤੁਹਾਡੀ ਪਹਿਲੀ ਪਾਰਟੀ ਲੋਕਾਂ ਦੀ ਸੇਵਾ ਨਹੀਂ ਕਰਦੀ?’’ ਆਪਣੇ ਆਪ ਨੂੰ ਬੇਵੱਸ ਹੁੰਦਿਆਂ ਵੇਖ ਨੇਤਾ ਜੀ ਨੇ ਸਿਆਸੀ ਪੱਤਾ ਸੁੱਟਦਿਆਂ ਕਿਹਾ, ‘‘ਯਾਰ, ਤੁਸੀਂ ਗੱਲ ਨੂੰ ਖਿੱਚਦੇ ਬਹੁਤ ਹੋ। ਮੈਂ ਤੁਹਾਡੇ ਸਵਾਲਾਂ ਦਾ ਜਵਾਬ ਕਿਸੇ ਵੇਲੇ ਫੇਰ ਦਿਆਂਗਾ।’’ ਇੰਨੀ ਗੱਲ ਕਹਿ ਕੇ ਨੇਤਾ ਜੀ ਚੱਲਦੇ ਬਣੇ। ਉਨ੍ਹਾਂ ਦੀ ਪਤਨੀ ਦੁਪਹਿਰ ਦਾ ਖਾਣਾ ਖਾ ਕੇ ਨੇਤਾ ਜੀ ਦੇ ਆਉਣ ਦੀ ਉਡੀਕ ਕਰ ਰਹੀ ਸੀ ਕਿ ਇੰਨੇ ਨੂੰ ਕੋਠੀ ਦੀ ਘੰਟੀ ਵੱਜੀ। ਸਕਿਓਰਿਟੀ ਗਾਰਡ ਨੇ ਫੋਨ ’ਤੇ ਪੁੱਛਿਆ, ‘‘ਬੀਬੀ ਜੀ, ਕਲੋਨੀ ਦੀਆਂ ਔਰਤਾਂ ਨੇ, ਅੰਦਰ ਭੇਜ ਦਿਆਂ ਜਾਂ ਨਾ?’’ ਨੇਤਾ ਜੀ ਦੀ ਪਤਨੀ ਨੂੰ ਨਾ ਚਾਹੁੰਦਿਆਂ ਵੀ ਹਾਂ ਕਰਨੀ ਪਈ ਕਿਉਂਕਿ ਵੋਟਾਂ ਸਿਰ ’ਤੇ ਸਨ। ਕਲੋਨੀ ਦੀਆਂ ਔਰਤਾਂ ਨੇ ਆਉਂਦਿਆਂ ਹੀ ਕਿਹਾ, ‘‘ਭੈਣ ਜੀ ਵਧਾਈ ਹੋਵੇ, ਭਰਾ ਜੀ ਨਵੀਂ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ। ਅਸੀਂ ਟੈਲੀਵਿਜ਼ਨ ਦੀਆਂ ਖ਼ਬਰਾਂ ਸੁਣ ਕੇ ਵਧਾਈ ਦੇਣ ਆਈਆਂ ਹਾਂ।’’ ਨੇਤਾ ਜੀ ਦੀ ਪਤਨੀ ਸਮਝ ਰਹੀ ਸੀ ਕਿ ਉਹ ਵਧਾਈ ਨਹੀਂ ਦੇ ਰਹੀਆਂ ਸਗੋਂ ਉਨ੍ਹਾਂ ਉੱਤੇ ਤਨਜ਼ ਕਸ ਰਹੀਆਂ ਸਨ।
ਉਸ ਨੇ ਅੱਗੋਂ ਕਿਹਾ, ‘‘ਇਨ੍ਹਾਂ ਨੂੰ ਆਪਣੀ ਪੁਰਾਣੀ ਪਾਰਟੀ ਦੀਆਂ ਨੀਤੀਆਂ ਪਸੰਦ ਨਹੀਂ ਸਨ। ਇਨ੍ਹਾਂ ਦੀ ਇੱਛਾ ਸੀ ਕਿ ਹੁਣ ਨਵੀਂ ਪਾਰਟੀ ਵਿੱਚ ਜਾ ਕੇ ਲੋਕਾਂ ਦੀ ਸੇਵਾ ਕੀਤੀ ਜਾਵੇ। ਬਸ, ਇਸੇ ਲਈ ਇਨ੍ਹਾਂ ਨੇ ਆਪਣੀ ਪੁਰਾਣੀ ਪਾਰਟੀ ਛੱਡਣ ਦਾ ਫ਼ੈਸਲਾ ਕੀਤਾ ਹੈ।’’ ਉਸ ਦੀ ਗੱਲ ਸੁਣ ਕੇ ਆਈਆਂ ਜ਼ਨਾਨੀਆਂ ਵਿੱਚੋਂ ਇੱਕ ਨੇ ਕਿਹਾ, ‘‘ਭੈਣ ਜੀ, ਟੈਲੀਵਿਜ਼ਨ ਚੈਨਲ ਵਾਲਾ ਤਾਂ ਇਹ ਕਹਿ ਰਿਹਾ ਸੀ ਕਿ ਭਰਾ ਜੀ ਨੇ ਉਪਰ ਵਾਲੇ ਤੋਂ ਡਰ ਕੇ ਪਾਰਟੀ ਛੱਡੀ ਹੈ।’’ ਨੇਤਾ ਜੀ ਦੀ ਪਤਨੀ ਸਮਝ ਗਈ ਸੀ ਕਿ ਗੱਲ ਕਿਸ ਪਾਸੇ ਨੂੰ ਮੁੜ ਰਹੀ ਹੈ। ਉਸ ਨੇ ਅੱਗੋਂ ਕਿਹਾ, ‘‘ਤੁਸੀਂ ਛੱਡੋ ਭੈਣ ਜੀ, ਉੱਪਰ ਵਾਲੇ ਤੋਂ ਤਾਂ ਸਾਰੇ ਡਰਦੇ ਨੇ। ਆਪਾਂ ਚਾਹ ਦਾ ਕੱਪ ਕੱਪ ਪੀਂਦੇ ਹਾਂ।’’ ਇੰਨੇ ਨੂੰ ਚਾਹ ਆ ਗਈ। ਚਾਹ ਦੀਆਂ ਚੁਸਕੀਆਂ ਲੈਂਦਿਆਂ ਨੇਤਾ ਜੀ ਦੀ ਪਤਨੀ ਨੇ ਕਿਹਾ, ‘‘ਭੈਣ ਜੀ, ਪਾਰਟੀ ਜਿਹੜੀ ਮਰਜ਼ੀ ਹੋਵੇ, ਤੁਹਾਡੀਆਂ ਵੋਟਾਂ ਸਾਨੂੰ ਹੀ ਪੈਣੀਆਂ ਚਾਹੀਦੀਆਂ ਹਨ।’’ ਉਸ ਦੀ ਗੱਲ ਸੁਣ ਕੇ ਇੱਕ ਔਰਤ ਬੋਲੀ,‘‘ਭੈਣ ਜੀ, ਵੋਟਾਂ ਤਾਂ ਤੁਹਾਨੂੰ ਪਾ ਦਿਆਂਗੇ। ਇਸ ਵਾਰ ਸਾਨੂੰ ਸਰਕਾਰ ਤੋਂ ਕੱਪੜੇ ਧੋਣ ਦੀਆਂ ਮਸ਼ੀਨਾਂ ਦਿਵਾ ਦਿਓ।’’ ਨੇਤਾ ਜੀ ਪਤਨੀ ਬੋਲੀ, ‘‘ਭੈਣ ਜੀ, ਪਹਿਲਾਂ ਹੀ ਸਰਕਾਰ ਸਿਰ ਕਰਜ਼ਾ ਬਹੁਤ ਚੜ੍ਹਿਆ ਹੋਇਆ ਹੈ। ਹੁਣ ਤੁਸੀਂ ਕੱਪੜੇ ਧੋਣ ਦੀਆਂ ਮਸ਼ੀਨਾਂ ਦੇਣ ਨੂੰ ਕਹਿਣ ਲੱਗ ਪਈਆਂ ਹੋ।’’ ਉਨ੍ਹਾਂ ਜ਼ਨਾਨੀਆਂ ਵਿੱਚੋਂ ਇੱਕ ਬੋਲੀ, ‘‘ਚਲੋ ਕੋਈ ਗੱਲ ਨਹੀਂ, ਸਰਕਾਰ ਹੋਰ ਕਰਜ਼ਾ ਚੁੱਕ ਲਵੇਗੀ।’’ ਇਹ ਗੱਲਾਂ ਕਰ ਕੇ ਔਰਤਾਂ ਆਪਣੇ ਘਰ ਚਲੀਆਂ ਗਈਆਂ। ਸ਼ਾਮ ਨੂੰ ਜਦੋਂ ਨੇਤਾ ਜੀ ਘਰ ਆਏ ਤਾਂ ਉਨ੍ਹਾਂ ਦੀ ਪਤਨੀ ਨੇ ਕਿਹਾ, ‘‘ਲੋਕ ਤੁਹਾਡੇ ਪਾਰਟੀ ਬਦਲਣ ’ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ।’’ ਨੇਤਾ ਜੀ ਅੱਗੋਂ ਬੋਲੇ, ‘‘ਭਾਗਵਾਨੇ, ਉਹ ਥੋੜ੍ਹਾ ਸਮਾਂ ਹੀ ਗੱਲਾਂ ਕਰਦੇ ਹੁੰਦੇ ਨੇ। ਲੋਕਾਂ ਦਾ ਕੀ ਹੈ ਬਾਅਦ ਵਿੱਚ ਸਭ ਕੁਝ ਭੁੱਲ ਜਾਂਦੇ ਹਨ। ਜ਼ਿਆਦਾਤਰ ਲੋਕਾਂ ਨੂੰ ਇਹੋ ਯਾਦ ਰਹਿੰਦਾ ਹੈ ਕਿ ਕਿਹੜੀ ਪਾਰਟੀ ਹੋਰ ਕੀ ਕੁਝ ਮੁਫ਼ਤ ਦੇਣ ਦਾ ਐਲਾਨ ਕਰਦੀ ਹੈ।’’
ਈ-ਮੇਲ: vijaykumarbehki@gmail.com