ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਗਵਾਨ ਵਾਲਮੀਕਿ ਦੇ ਦਰਸਾਏ ਰਾਹ ਉੱਤੇ ਚੱਲਣ ਲੋਕ: ਮਾਨ

09:09 AM Oct 17, 2024 IST
ਜਲੰਧਰ ਵਿੱਚ ਪ੍ਰਗਟ ਦਿਵਸ ਮੌਕੇ ਸਜਾਈ ਗਈ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੁੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।

ਹਤਿੰਦਰ ਮਹਿਤਾ
ਜਲੰਧਰ, 16 ਅਕਤੂਬਰ
ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਗਤੀਸ਼ੀਲ ਤੇ ਖ਼ੁਸ਼ਹਾਲ ਪੰਜਾਬ ਬਣਾਉਣ ਲਈ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਨਕਸ਼ੇ-ਕਦਮ ਉਤੇ ਚੱਲਣ ਦੀ ਅਪੀਲ ਕੀਤੀ।
ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਮਹਾਰਾਜ ਸੰਸਕ੍ਰਿਤ ਭਾਸ਼ਾ ਦੇ ਪਿਤਾਮਾ ਸਨ ਅਤੇ ਉਹ ਵਿਸ਼ਵ ਦੇ ਆਦਿ ਕਵੀ ਹਨ, ਜਿਨ੍ਹਾਂ ਆਪਣੀ ਅਮਰ ਤੇ ਮਹਾਨ ਰਚਨਾ ‘ਰਮਾਇਣ’ ਰਾਹੀਂ ਬਦੀ ਉਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮਹਾਨ ਮਹਾਕਾਵਿ ਸਦੀਆਂ ਤੋਂ ਲੋਕਾਂ ਨੂੰ ਜੀਵਨ ਜਾਚ ਸਿਖਾ ਰਿਹਾ ਹੈ ਅਤੇ ਲੋਕਾਂ ਲਈ ਨੈਤਿਕ ਕਦਰਾਂ-ਕੀਮਤਾਂ ਪੱਖੋਂ ਚਾਨਣ ਮੁਨਾਰਾ ਹੈ, ਜੋ ਅਜੋਕੇ ਪਦਾਰਥਵਾਦੀ ਸਮਾਜ ਵਿੱਚ ਜ਼ਿਆਦਾ ਪ੍ਰਸੰਗਿਕ ਹੈ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਮਹਾਰਾਜ ਨੇ ਸਮਾਜ ਵਿੱਚ ਬਰਾਬਰੀ ਦੇ ਨਾਲ-ਨਾਲ ਸੂਬੇ ਜਾਂ ਸਮਾਜ ਨੂੰ ਆਦਰਸ਼ ਬਣਾਉਣ ਲਈ ਇਕ ਆਦਰਸ਼ ਵਿਅਕਤੀ, ਆਦਰਸ਼ ਸ਼ਾਸਕ ਅਤੇ ਆਦਰਸ਼ ਲੋਕਾਈ ਨੂੰ ਕਿਹੜੀਆਂ ਕਦਰਾਂ-ਕੀਮਤਾਂ ਉੱਤੇ ਚੱਲਣਾ ਚਾਹੀਦਾ ਹੈ, ਉਸ ਦਾ ਵਰਣਨ ਕੀਤਾ ਹੈ। ਸਮਾਜ ਦੀ ਸੱਭਿਆਚਾਰਕ ਵਿਰਾਸਤ ਵਿੱਚ ਭਗਵਾਨ ਵਾਲਮੀਕਿ ਦੇ ਲਾਮਿਸਾਲ ਯੋਗਦਾਨ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਾਰਿਸ਼ੀ ਵਾਲਮੀਕਿ ਜੀ ਵੱਲੋਂ ਦਿਖਾਏ ਰਾਹ ਅਤੇ ਉੱਚ ਆਦਰਸ਼ਾਂ ਉਤੇ ਚੱਲਣ ਤਾਂ ਜੋ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਹੋ ਸਕੇ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੁਆਰਾ ਰਚਿਤ ਮਹਾਨ ਮਹਾਕਾਵਿ ਰਾਮਾਇਣ ਸਦੀਆਂ ਤੋਂ ਮਨੁੱਖਤਾ ਨੂੰ ਸੱਚ ਤੇ ਆਦਰਸ਼ ਕਦਰਾਂ-ਕੀਮਤਾਂ ਸਿਖਾ ਰਿਹਾ ਹੈ। ਭਵਿੱਖੀ ਨਸਲਾਂ ਲਈ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲੀ ਰੱਖਣ ਲਈ ਸੂਬਾ ਸਰਕਾਰ ਦਾ ਫ਼ਰਜ਼ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਦੇਸ਼ ਆਪਣੇ ਸੱਭਿਆਚਾਰ ਤੇ ਵਿਰਾਸਤ ਨੂੰ ਭੁੱਲ ਜਾਂਦੇ ਹਨ, ਉਹ ਸਮਾਂ ਬੀਤਣ ਨਾਲ ਖ਼ਤਮ ਹੋ ਜਾਂਦੇ ਹਨ। ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਵੱਲੋਂ ਦਿਖਾਏ ਰਾਹ ਤੇ ਉੱਚ ਆਦਰਸ਼ਾਂ ਉਤੇ ਚੱਲਣ ਦਾ ਹੋਕਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖ਼ੁਸ਼ਹਾਲ ਪੰਜਾਬ ਬਣਾਉਣ ਲਈ ਇਹ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਦੀ ਬਖ਼ਸ਼ਿਸ਼ ਪ੍ਰਾਪਤ ਪੰਜਾਬ ਦੀ ਧਰਤੀ ਉੱਤੇ ਆਪਣੇ ਆਸ਼ਰਮ ਵਿੱਚ ਉਨ੍ਹਾਂ ਸ੍ਰੀ ਰਾਮ ਚੰਦਰ ਦੇ ਪੁੱਤਰਾਂ ਲਵ ਤੇ ਕੁਸ਼ ਨੂੰ ਸਿਖਲਾਈ ਦਿੱਤੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਦੇ ਜੀਵਨ ਤੇ ਫਲਸਫ਼ੇ ਬਾਰੇ ਲੋਕਾਈ ਨੂੰ ਜਾਣੂ ਕਰਵਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੱਚ ਤੇ ਨੈਤਿਕ ਕਦਰਾਂ-ਕੀਮਤਾਂ ਉਤੇ ਚੱਲਣ ਦਾ ਰਾਹ ਅਪਨਾਉਣ।

Advertisement

Advertisement