ਲੋਕਾਂ ਨੇ ਆਪ ਹੀ ਆਪਣੇ ਕਾਰੋਬਾਰ ਕੀਤੇ ਬੰਦ
ਅਜੇ ਮਲਹੋਤਰਾ
ਬਸੀ ਪਠਾਣਾਂ, 30 ਦਸੰਬਰ
ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ’ਤੇ ਅੱਜ ਬਸੀ ਪਠਾਣਾਂ ਸ਼ਹਿਰ ਅਤੇ ਲਾਗਲੇ ਪਿੰਡਾਂ ਵਿੱਚ ਮੁਕੰਮਲ ਬੰਦ ਰਿਹਾ| ਲੋਕਾਂ ਨੇ ਆਪਣੇ ਕਾਰੋਬਾਰਾਂ ਨੂੰ ਆਪ ਹੀ ਬੰਦ ਕਰਕੇ ਕਿਸਾਨਾਂ ਦੇ ਹੱਕਾਂ ਵਿੱਚ ਹਾਅ ਦਾ ਨਾਅਰਾ ਮਾਰਿਆ| ਬਸੀ ਪਠਾਣਾਂ ਦੇ ਮਾਰਕੀਟ ਕਮੇਟੀ ਦਫ਼ਤਰ ਦੇ ਬਾਹਰ ਬਸੀ-ਮੋਰਿੰਡਾ ਮੁੱਖ ਮਾਰਗ ’ਤੇ ਕਿਸਾਨ ਜੱਥੇਬੰਦੀਆਂ ਨੇ ਗੁੁਰਦੀਪ ਸਿੰਘ ਕੋਟਲਾ ਦੀ ਅਗਵਾਈ ਹੇਠ ਧਰਨਾ ਦਿੰਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ| ਇਸ ਮੌਕੇ ਕਿਸਾਨ ਆਗੂ ਵਰਿੰਦਰਪਾਲ ਸਿੰਘ ਸ਼ਾਹੀ, ਪ੍ਰਿਤਪਾਲ ਸਿੰਘ ਕਾਨੂੰਨਗੋ, ਜਸਵੀਰ ਸਿੰਘ ਫਿਰੋਜ਼ਪੁਰ, ਜੀਤ ਸਿੰਘ ਭੰਗੂਆਂ, ਬਲਕਾਰ ਸਿੰਘ, ਪ੍ਰਗਟ ਸਿੰਘ, ਇਕਬਾਲ ਸਿੰਘ, ਨੰਬਰਦਾਰ ਸੋਹਨ ਸਿੰਘ ਅਤੇ ਹਰਦੀਪ ਸਿੰਘ ਬਾਜਵਾ ਨੇ ਸਮਾਜ ਦੇ ਹਰ ਵਰਗ ਦਾ ਧੰਨਵਾਦ ਕੀਤਾ। ਬੰਦ ਦੌਰਾਨ ਬਸੀ ਪਠਾਣਾਂ ਸ਼ਹਿਰ ਦਾ ਰੇਲਵੇ ਸਟੇਸ਼ਨ, ਬੈਂਕ ਅਤੇ ਹੋਰ ਸਰਕਾਰੀ ਅਦਾਰੇ ਬੰਦ ਰਹੇ|
ਅਮਲੋਹ (ਰਾਮ ਸਰਨ ਸੂਦ):
ਕਿਸਾਨ ਮਜ਼ਦੂਰ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਕਿਸਾਨ ਮੰਗਾਂ ਨੂੰ ਲੈ ਕੇ ਅੱਜ ਦਿਤੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬੰਦ ਰਹੀਆਂ ਅਤੇ ਕਿਸਾਨਾਂ ਨੇ ਮੰਡੀ ਗੋਬਿੰਦਗੜ੍ਹ ਮੁੱਖ ਚੌਕ ਵਿਚ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ। ਇਸ ਮੌਕੇ ਕਿਸਾਨ ਆਗੂ ਗੁਰਜੰਟ ਸਿੰਘ, ਵਰਿੰਦਰ ਸਿੰਘ ਹਾਜ਼ਰ ਸਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ। ਇਸੇ ਦੌਰਾਨ ਫ਼ਤਹਿਗੜ੍ਹ ਸਾਹਿਬ, ਸਰਹਿੰਦ ਅਤੇ ਮੰਡੀ ਗੋਬਿੰਦਗੜ੍ਹ ਵਿਚ ਵੀ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ।
ਪੈਟਰੋਲ ਪੰਪ ਵੀ ਰਹੇ ਬੰਦ
ਬਨੂੜ (ਕਰਮਜੀਤ ਸਿੰਘ ਚਿੱਲਾ):
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਬਨੂੜ ਖੇਤਰ ਵਿੱਚ ਜ਼ਬਰਦਸਤ ਹੁੰਗਾਰਾ ਮਿਲਿਆ। ਬਨੂੜ ਸ਼ਹਿਰ ਦੇ ਸਾਰੇ ਬਾਜ਼ਾਰ ਸਵੇਰੇ ਸੱਤ ਵਜੇ ਤੋਂ ਬਾਅਦ ਦੁਪਹਿਰ ਚਾਰ ਵਜੇ ਤੱਕ ਮੁਕੰਮਲ ਬੰਦ ਰਹੇ। ਇਸੇ ਤਰ੍ਹਾਂ ਨਾਲ ਲੱਗਦੇ ਕਸਬਿਆਂ ਮਾਣਕਪੁਰ, ਖੇੜਾ ਗੱਜੂ, ਜਾਂਸਲਾ, ਦੈੜੀ, ਸਨੇਟਾ ਆਦਿ ਦੀਆਂ ਸਮੁੱਚੀਆਂ ਮਾਰਕੀਟਾਂ ਵੀ ਮੁਕੰਮਲ ਬੰਦ ਰਹੀਆਂ। ਇਨ੍ਹਾਂ ਖੇਤਰਾਂ ਦੇ ਬੈਂਕ ਅਤੇ ਸਰਕਾਰੀ ਦਫ਼ਤਰ ਵੀ ਅੱਜ ਮੁਕੰਮਲ ਬੰਦ ਰਹੇ। ਪੈਟਰੋਲ ਪੰਪ ਵੀ ਪੰਜਾਬ ਬੰਦ ਦੀ ਹਮਾਇਤ ਵਿਚ ਬੰਦ ਰਹੇ। ਸਯੁੰਕਤ ਕਿਸਾਨ ਮੋਰਚੇ ਹੇਠਲੀਆਂ ਜਥੇਬੰਦੀਆਂ ਦੇ ਸਥਾਨਿਕ ਆਗੂ ਇਨ੍ਹਾਂ ਧਰਨਿਆਂ ਤੋਂ ਦੂਰ ਰਹੇ ਪਰ ਪਿੰਡਾਂ ਵਿੱਚ ਆਪ ਮੁਹਾਰੇ ਕਿਸਾਨਾਂ ਨੇ ਇਨ੍ਹਾਂ ਵਿੱਚ ਸ਼ਮੂਲੀਅਤ ਕੀਤੀ। ਬੱਸ ਤੇ ਹੋਰ ਸੜਕੀ ਆਵਾਜਾਈ ਬੰਦ ਹੋਣ ਕਾਰਨ ਸੜਕਾਂ ਤੇ ਸਾਰਾ ਦਿਨ ਸੁੰਨ ਪਸਰੀ ਰਹੀ।