ਅਤਿਵਾਦੀ ਹਮਲੇ ’ਚ ਫੌਤ ਹੋਏ ਡਾਕਟਰ ਨੂੰ ਲੋਕਾਂ ਵੱਲੋਂ ਅੰਤਿਮ ਵਿਦਾਈ
ਸ੍ਰੀਨਗਰ, 21 ਅਕਤੂਬਰ
ਬਡਗਾਮ ਦੇ ਨਈਮਗਾਮ ਪਿੰਡ ’ਚ ਦੋ ਹਫ਼ਤੇ ਪਹਿਲਾਂ ਹੀ ਡਾ. ਸ਼ਾਹਨਵਾਜ਼ ਡਾਰ ਦੇ ਘਰ ਖੁਸ਼ੀ ਦਾ ਮਾਹੌਲ ਸੀ ਜਦੋਂ ਉਨ੍ਹਾਂ ਦੀ ਧੀ ਦੇ ਵਿਆਹ ਮੌਕੇ ਸੈਂਕੜੇ ਲੋਕ ਸ਼ਾਮਲ ਹੋਏ ਸਨ। ਅੱਜ ਉਨ੍ਹਾਂ ਦੀ ਰਿਹਾਇਸ਼ ਤੇ ਨੇੜਲੀਆਂ ਸੜਕਾਂ ’ਤੇ ਲੋਕ ਸੋਗ ’ਚ ਡੁੱਬੇ ਹੋਏ ਸਨ। ਇਸੇ ਦੌਰਾਨ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਅਤਿਵਾਦੀ ਹਮਲੇ ਲਈ ਪਾਕਿਸਤਾਨ ਦੀ ਆਲੋਚਨ ਕੀਤਾ ਹੈ।
ਜੰਮੂ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਗਗਨਗੀਰ ’ਚ ਬੀਤੇ ਦਿਨ ਅਤਿਵਾਦੀ ਹਮਲੇ ’ਚ ਮਾਰੇ ਗਏ 52 ਸਾਲਾ ਡਾਕਟਰ ਨੂੰ ਸ਼ਰਧਾਂਜਲੀ ਦੇਣ ਲਈ ਹਜ਼ਾਰਾਂ ਦੀ ਗਿਣਤੀ ’ਚ ਲੋਕ ਇਕੱਠੇ ਹੋਏ। ਡਾ. ਡਾਰ ਦੇ ਸਸਕਾਰ ਲਈ ਜਲੂਸ ਪਿੰਡ ਦੀਆਂ ਗਲੀਆਂ ’ਚੋਂ ਹੁੰਦਾ ਹੋਇਆ ਉਨ੍ਹਾਂ ਦੇ ਜੱਦੀ ਕਬਰਸਤਾਨ ਤੱਕ ਪੁੱਜਾ। ਉੱਧਰ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਜੰਮੂ ਕਸ਼ਮੀਰ ’ਚ ਅਤਿਵਾਦੀ ਹਮਲੇ ਲਈ ਪਾਕਿਸਤਾਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਅੱਜ ਕਿਹਾ ਕਿ ਜੇ ਇਸਲਾਮਾਬਾਦ ਭਾਰਤ ਨਾਲ ਦੋਸਤਾਨਾ ਰਿਸ਼ਤੇ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਇੱਥੇ ਅਤਿਵਾਦੀ ਘਟਨਾਵਾਂ ਰੋਕਣੀਆਂ ਚਾਹੀਦੀਆਂ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਗੁਆਂਢੀ ਮੁਲਕ ਜੰਮੂ ਕਸ਼ਮੀਰ ’ਚ ਹੱਤਿਆਵਾਂ ਬੰਦ ਨਹੀਂ ਕਰਦਾ, ਉਦੋਂ ਤੱਕ ਭਾਰਤ ਤੇ ਪਾਕਿਸਤਾਨ ਵਿਚਾਲੇ ਕੋਈ ਗੱਲਬਾਤ ਨਹੀਂ ਹੋ ਸਕਦੀ। ਗੰਦਰਬਲ ਅਤਿਵਾਦੀ ਹਮਲੇ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ, ‘ਮੈਨੂੰ ਨਹੀਂ ਪਤਾ ਕਿ ਭਾਰਤ ਨੂੰ ਕੀ ਕਦਮ ਚੁੱਕਣੇ ਚਾਹੀਦੇ ਹਨ। ਇਹ ਕੇਂਦਰ ਸਰਕਾਰ ਦਾ ਅਧਿਕਾਰ ਖੇਤਰ ਹੈ। ਇਹ ਸਾਡੇ ਲਈ ਸਮੱਸਿਆ ਹੈ ਅਤੇ ਅਸੀਂ ਇਸ ਨੂੰ ਸਾਲਾਂ ਤੋਂ ਝੱਲ ਰਹੇ ਹਾਂ। ਮੈਂ ਇਸ ਨੂੰ 30 ਸਾਲ ਤੋਂ ਦੇਖ ਰਿਹਾ ਹਾਂ। ਮੈਂ ਉਨ੍ਹਾਂ ਨੂੰ ਕਈ ਵਾਰ ਕਿਹਾ ਹੈ ਕਿ ਉਹ ਇਸ ਨੂੰ ਰੋਕਣ ਪਰ ਉਨ੍ਹਾਂ ਦੀ ਸੋਚ ਹੀ ਅਜਿਹੀ ਹੈ।’ ਉਨ੍ਹਾਂ ਕਿਹਾ, ‘ਗੱਲਬਾਤ ਕਿਸ ਤਰ੍ਹਾਂ ਹੋ ਸਕਦੀ ਹੈ? ਤੁਸੀਂ ਸਾਡੇ ਬੇਕਸੂਰ ਲੋਕਾਂ ਨੂੰ ਮਾਰਦੇ ਹੋ ਅਤੇ ਫਿਰ ਗੱਲਬਾਤ ਲਈ ਕਹਿੰਦੇ ਹੋ। ਪਹਿਲਾਂ ਹੱਤਿਆਵਾਂ ਕਰਨੀਆਂ ਬੰਦ ਕਰੋ।’ -ਪੀਟੀਆਈ
ਅਤਿਵਾਦੀ ਜੰਮੂ ਕਸ਼ਮੀਰ ਦੇ ਲੋਕਾਂ ਦਾ ਹੌਸਲਾ ਨਹੀਂ ਤੋੜ ਸਕਦੇ: ਕਾਂਗਰਸ
ਨਵੀਂ ਦਿੱਲੀ:
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਗੰਦਰਬਲ ਜ਼ਿਲ੍ਹੇ ’ਚ ਹੋਏ ਅਤਿਵਾਦੀ ਹਮਲੇ ਦੀ ਆਲੋਚਨਾ ਕਰਦਿਆਂ ਅੱਜ ਕਿਹਾ ਕਿ ਅਤਿਵਾਦੀਆਂ ਦੀ ਇਹ ਕਾਰਵਾਈ ਜੰਮੂ ਕਸ਼ਮੀਰ ’ਚ ਨਿਰਮਾਣ ਕਾਰਜਾਂ ਤੇ ਲੋਕਾਂ ਦੇ ਹੌਸਲੇ ਨੂੰ ਨਹੀਂ ਢਾਹ ਸਕਦੀ। ਰਾਹੁਲ ਗਾਂਧੀ ਨੇ ‘ਐਕਸ’ ’ਤੇ ਲਿਖਿਆ, ‘ਜੰਮੂ ਕਸ਼ਮੀਰ ਦੇ ਗੰਦਰਬਲ ’ਚ ਅਤਿਵਾਦੀ ਹਮਲੇ ’ਚ ਇੱਕ ਡਾਕਟਰ ਤੇ ਪਰਵਾਸੀ ਮਜ਼ਦੂਰਾਂ ਸਮੇਤ ਕਈ ਲੋਕਾਂ ਤੀ ਹੱਤਿਆ ਬਹੁਤ ਹੀ ਬੁਜ਼ਦਿਲਾਨਾ ਤੇ ਨਾਮੁਆਫੀਯੋਗ ਅਪਰਾਧ ਹੈ। ਸਾਰੇ ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਿਰ ਕਰਦਿਆਂ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦਾ ਹਾਂ।’ ਉਨ੍ਹਾਂ ਕਿਹਾ, ‘ਅਤਿਵਾਦੀ ਖ਼ਿਲਾਫ਼ ਇਸ ਲੜਾਈ ’ਚ ਪੂਰਾ ਦੇਸ਼ ਇਕਜੁੱਟ ਹੈ।’ ਖੜਗੇ ਨੇ ਐਕਸ ’ਤੇ ਕਿਹਾ, ‘ਅਸੀਂ ਜੰਮੂ ਕਸ਼ਮੀਰ ਦੇ ਗਾਂਦਰਬਲ ’ਚ ਹੋਏ ਬੁਜ਼ਦਿਲਾਨਾ ਅਤਿਵਾਦੀ ਹਮਲੇ ਦੀ ਸਖ਼ਤ ਆਲੋਚਨਾ ਕਰਦੇ ਹਾਂ। ਇਹ ਅਣਮਨੁੱਖੀ ਕਾਰਵਾਈ ਜੰਮੂ ਕਸ਼ਮੀਰ ’ਚ ਅਹਿਮ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੇ ਨਿਰਮਾਣ ਤੋਂ ਭਾਰਤ ਨੂੰ ਨਹੀਂ ਰੋਕ ਸਕਦੀ।’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਲੰਘੀ ਰਾਤ ਐਕਸ ’ਤੇ ਪੋਸਟ ਪਾ ਕੇ ਹਮਲੇ ਦੀ ਆਲੋਚਨਾ ਕੀਤੀ ਸੀ। -ਪੀਟੀਆਈ