For the best experience, open
https://m.punjabitribuneonline.com
on your mobile browser.
Advertisement

ਸਿਸਵਾਂ ਨਦੀ ਵਿੱਚ ਪਾਏ ਜਾ ਰਹੇ ਫੈਕਟਰੀਆਂ ਦੇ ਪਾਣੀ ਤੋਂ ਲੋਕ ਖ਼ਫ਼ਾ

06:23 AM Jul 27, 2024 IST
ਸਿਸਵਾਂ ਨਦੀ ਵਿੱਚ ਪਾਏ ਜਾ ਰਹੇ ਫੈਕਟਰੀਆਂ ਦੇ ਪਾਣੀ ਤੋਂ ਲੋਕ ਖ਼ਫ਼ਾ
Advertisement

ਜਗਮੋਹਨ ਸਿੰਘ
ਰੂਪਨਗਰ, 26 ਜੁਲਾਈ
ਜ਼ਿਲ੍ਹੇ ਦੇ ਬੰਨ੍ਹਮਾਜਰਾ ਇਲਾਕੇ ਵਿੱਚ ਲੱਗੀਆਂ ਫੈਕਟਰੀਆਂ ਵੱਲੋਂ ਸਿਸਵਾਂ ਨਦੀ ਵਿੱਚ ਕਥਿਤ ਪ੍ਰਦੂਸ਼ਿਤ ਪਾਣੀ ਸੁੱਟੇ ਜਾਣ ਤੋਂ ਇਲਾਕੇ ਦੇ ਲੋਕ ਖ਼ਫ਼ਾ ਹਨ। ਅੱਜ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਾਬਕਾ ਬਲਾਕ ਸਮਿਤੀ ਮੈਂਬਰ ਨਰਿੰਦਰ ਸਿੰਘ ਮਾਵੀ, ਬਬਲਾ ਸਰਪੰਚ ਗੋਸਲਾਂ, ਹਰਮਨਜੀਤ ਸਿੰਘ ਸਰਪੰਚ ਸੀਹੋਂਮਾਜਰਾ ਤੇ ਕਿਸਾਨ ਆਗੂ ਮੋਹਰ ਸਿੰਘ ਖਾਬੜਾ ਨੇ ਦੱਸਿਆ ਕਿ ਮੁਗਲਮਾਜਰੀ ਤੋਂ ਲੈ ਕੇ ਬੰਨ੍ਹਮਾਜਰਾ ਤੱਕ ਕਈ ਫੈਕਟਰੀਆਂ ਲੱਗੀਆਂ ਹੋਈਆਂ ਹਨ। ਇਨ੍ਹਾਂ ਫੈਕਟਰੀਆਂ ਦੇ ਪ੍ਰਬੰਧਕਾਂ ਵੱਲੋਂ ਆਪੋ ਆਪਣੀਆਂ ਫੈਕਟਰੀਆਂ ਦਾ ਪਾਣੀ ਸਿਸਵਾਂ ਨਦੀ ਵਿੱਚ ਸੁੱਟਿਆ ਜਾ ਰਿਹਾ ਹੈ ਅਤੇ ਇਸ ਪਾਣੀ ਦੇ ਰੰਗ ਅਤੇ ਪਾਣੀ ਵਿੱਚੋਂ ਉੱਠ ਰਹੀ ਝੱਗ ਨੂੰ ਦੇਖ ਕੇ ਪ੍ਰਤੀਤ ਹੋ ਰਿਹਾ ਹੈ ਕਿ ਇਸ ਪਾਣੀ ਵਿੱਚ ਕੋਈ ਰਸਾਇਣ ਘੁਲਿਆ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਿਸਵਾਂ ਨਦੀ ਇੱਕ ਬਰਸਾਤੀ ਨਦੀ ਹੈ, ਜਿਸ ਦਾ ਪਾਣੀ ਅੱਗੇ ਜਾ ਕੇ ਸਤਲੁਜ ਦਰਿਆ ਵਿੱਚ ਜਾ ਮਿਲਦਾ ਹੈ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਕੁੱਝ ਫੈਕਟਰੀਆਂ ਵੱਲੋਂ ਬਿਨਾਂ ਟਰੀਟਮੈਂਟ ਪਲਾਂਟ ਦਾ ਇਸਤੇਮਾਲ ਕੀਤਿਆਂ ਪਾਣੀ ਸਿੱਧਾ ਹੀ ਨਦੀ ਵਿੱਚ ਛੱਡਿਆ ਜਾ ਰਿਹਾ ਹੈ। ਉਨ੍ਹਾਂ ਇੱਕ ਫੈਕਟਰੀ ’ਤੇ ਗੰਦਾ ਪਾਣੀ ਬੋਰਵੈੱਲ ਦੇ ਜ਼ਰੀਏ ਧਰਤੀ ਵਿੱਚ ਪਾਉਣ ਦਾ ਵੀ ਸ਼ੱਕ ਜ਼ਾਹਰ ਕੀਤਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਤੋਂ ਮੰਗ ਕੀਤੀ ਕਿ ਸਿਸਵਾਂ ਨਦੀ ਵਿੱਚ ਜਾ ਰਹੇ ਗੰਦੇ ਪਾਣੀ ਦੀ ਜਾਂਚ ਕੀਤੀ ਜਾਵੇ ਤੇ ਪਾਣੀ ਜ਼ਹਿਰੀਲਾ ਜਾਂ ਨੁਕਸਦਾਰ ਪਾਏ ਜਾਣ ਦੀ ਸੂਰਤ ਵਿੱਚ ਸਬੰਧਤ ਫੈਕਟਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਬਾਰੇ ਐਕਸੀਅਨ ਪ੍ਰਦੂਸ਼ਣ ਕੰਟਰੋਲ ਵਿਭਾਗ ਰੂਪਨਗਰ ਬੀਰਦਵਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਨਦੀ ਦੇ ਪਾਣੀ ਦੇ ਨਮੂਨੇ ਲੈ ਕੇ ਜਾਂਚ ਕਰਵਾਈ ਜਾਵੇਗੀ। ਜੇ ਕੋਈ ਫੈਕਟਰੀ ਕਸੂਰਵਾਰ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement
Advertisement
Author Image

sanam grng

View all posts

Advertisement