ਬਾਇਓ ਗੈਸ ਫੈਕਟਰੀਆਂ ਖ਼ਿਲਾਫ਼ ਨਿੱਤਰੇ ਲੋਕ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਸਤੰਬਰ
ਪੰਜਾਬ ਦੇ ਪਿੰਡਾਂ ਵਿੱਚ ਲੱਗ ਰਹੀਆਂ ਬਾਇਓ ਗੈਸ ਫੈਕਟਰੀਆਂ ਦੇ ਵਿਰੋਧ ਵਿੱਚ ਸੂਬੇ ਭਰ ਦੇ ਵੱਖ-ਵੱਖ ਪਿੰਡਾਂ ਦੇ ਲੋਕ ਨਿੱਤਰ ਆਏ ਹਨ, ਜਿਨ੍ਹਾਂ ਨੇ 10 ਸਤੰਬਰ ਨੂੰ ਖੰਨਾ ਨਜ਼ਦੀਕ ਬੀਜਾ ਵਿੱਚ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਹੈ। ਇਸ ਬਾਰੇ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਸੁਖਦੇਵ ਸਿੰਘ ਭੂੰਦੜੀ ਤੇ ਕੰਵਲਜੀਤ ਖੰਨਾ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ ਚਾਰ ਪਿੰਡਾਂ ਵਿੱਚੋਂ ਤਿੰਨ ਪਿੰਡਾਂ ਭੂੰਦੜੀ, ਅਖਾੜਾ ਤੇ ਮੁਸ਼ਕਾਬਾਦ ’ਚ ਗੈਸ ਫੈਕਟਰੀਆਂ ਉਸਾਰੀ ਅਧੀਨ ਹਨ ਅਤੇ ਘੁੰਗਰਾਲੀ ਰਾਜਪੂਤਾਂ ਵਿੱਚ ਬਾਇਓ ਗੈਸ ਫ਼ੈਕਟਰੀ ਚਲ ਰਹੀ ਹੈ, ਜਿਨ੍ਹਾਂ ਖ਼ਿਲਾਫ਼ ਸੰਘਰਸ਼ ਜਾਰੀ ਹੈ। ਇਨ੍ਹਾਂ ਬਾਇਓ ਗੈਸ ਫ਼ੈਕਟਰੀਆਂ ਨਾਲ ਲੋਕਾਂ ਦੀ ਸਿਹਤ ਵਿਗੜ ਰਹੀ ਹੈ ਅਤੇ ਖੇਤੀ ਤਬਾਹ ਹੋ ਰਹੀ ਹੈ। ਇਸ ਤੋਂ ਇਲਾਵਾ ਮਿੱਟੀ, ਪਾਣੀ ਤੇ ਹਵਾ ਪ੍ਰਦੂਸ਼ਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਖੰਨਾ ਤਹਿਸੀਲ ਦੇ ਘੁੰਗਰਾਲੀ ਰਾਜਪੂਤਾਂ ਪਿੰਡ ’ਚ ਦੋ ਸਾਲ ਤੋਂ ਫੈਕਟਰੀ ਚੱਲ ਰਹੀ ਹੈ। ਇਸ ਫੈਕਟਰੀ ਦੀ ਬਦਬੂ ਤੇ ਗੈਸ ਕਾਰਨ ਲੋਕ ਨਰਕ ਭੋਗ ਰਹੇ ਹਨ। ਇਸ ਕਾਰਨ ਲੋਕ ਬਿਮਾਰੀਆਂ ਦੀ ਮਾਰ ਹੇਠ ਆ ਰਹੇ ਹਨ ਤੇ ਇਸ ਖੇਤਰ ਵਿੱਚ ਚਮੜੀ ਰੋਗ ਫੈਲ ਰਹੇ ਹਨ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਵੱਡੀਆਂ ਸਬਸਿਡੀਆ ਦੇ ਕੇ ਪੰਜਾਬ ਭਰ ’ਚ ਇਹ ਪਲਾਂਟ ਲਗਾਉਣ ਲਈ ਲਾਇਸੈਂਸ ਨਿੱਜੀ ਖੇਤਰ ਨੂੰ ਦਿੱਤੇ ਜਾ ਰਹੇ ਹਨ। ਇਹ ਸਾਰੀਆਂ ਫੈਕਟਰੀਆਂ ਪਿੰਡ ਦੀ ਆਬਾਦੀ ਦੇ ਨੇੜੇ ਗ੍ਰਾਮ ਸਭਾ ਤੇ ਪੰਚਾਇਤ ਤੋਂ ‘ਕੋਈ ਇਤਰਾਜ਼ ਨਹੀਂ’ ਹਾਸਲ ਕੀਤੇ ਬਿਨਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਫੈਕਟਰੀਆਂ ਖ਼ਿਲਾਫ਼ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵਿਧਾਇਕਾਂ ਨੂੰ ਮੰਗ ਪੱਤਰ ਸੌਂਪੇ ਗਏ ਹਨ ਪਰ ਕੋਈ ਗੱਲ ਨਹੀਂ ਸੁਣੀ ਜਾ ਰਹੀ। ਉਨ੍ਹਾਂ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ।