ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
ਪੱਤਰ ਪ੍ਰੇਰਕ
ਏਲਨਾਬਾਦ, 27 ਜੂਨ
ਪਿੰਡ ਧੌਲਪਾਲੀਆ ਦੇ ਵਸਨੀਕਾਂ ਵਲੋਂ ਪਿੰਡ ਵਿੱਚ ਪਾਣੀ ਨਿਕਾਸੀ ਨਾ ਹੋਣ ਕਾਰਨ ਬੀਡੀਪੀਓ ਦਫ਼ਤਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕੀਤਾ ਗਿਆ। ਧਰਨੇ ‘ਤੇ ਬੈਠੇ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਵਾਰਡ ਨੰਬਰ 2 ਵਿੱਚ ਪੱਕੀ ਗਲੀ ਬਣੀ ਹੋਈ ਹੈ ਅਤੇ ਗਲੀ ਦੇ ਦੋਵੇਂ ਪਾਸੇ ਨਾਲੀਆਂ ਬਣੀਆਂ ਹੋਈਆਂ ਹਨ। ਨਾਲੀਆਂ ਦਾ ਪਾਣੀ ਪਿੰਡ ਦੇ ਛੱਪੜ ਵਿੱਚ ਜਾਂਦਾ ਹੈ ਪਰ ਕੁਝ ਰਸੂਖ਼ਵਾਨਾਂ ਦੇ ਘਰ ਉਸੇ ਗਲੀ ਵਿਚ ਹਨ ਜੋ ਉਨ੍ਹਾਂ ਦੇ ਘਰਾਂ ਤੋਂ ਛੱਪੜ ਵਾਲੇ ਪਾਸੇ ਹਨ। ਉਨ੍ਹਾਂ ਲੋਕਾਂ ਨੇ ਗਲੀ ਵਿੱਚ 2-2 ਫੁੱਟ ਮਿੱਟੀ ਅਤੇ ਮਕਾਨ ਦਾ ਮਲਬਾ ਸੁੱਟ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੇ ਘਰਾਂ ਵਿੱਚੋਂ ਪਾਣੀ ਨਹੀਂ ਨਿਕਲਦਾ। ਇਹ ਸਮੱਸਿਆ ਲੰਬੇ ਸਮੇਂ ਤੋਂ ਬਣੀ ਹੋਈ ਹੈ। ਬਰਸਾਤ ਦੇ ਮੌਸਮ ਵਿੱਚ ਉਨ੍ਹਾਂ ਨੂੰ ਹੋਰ ਵੀ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦੇ ਹੱਲ ਲਈ ਉਹ ਸਰਪੰਚ, ਬੀਡੀਪੀਓ, ਐੱਸਡੀਐੱਮ ਅਤੇ ਸੀਐੱਮ ਵਿੰਡੋ ਰਾਹੀਂ ਆਪਣੀ ਸ਼ਿਕਾਇਤ ਮੁੱਖ ਮੰਤਰੀ ਤੱਕ ਨੂੰ ਭੇਜ ਚੁੱਕੇ ਹਨ ਪਰ ਕੋਈ ਹੱਲ ਨਹੀਂ ਹੋਇਆ। ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਗਲੀ ਵਿੱਚੋਂ ਮਲਬਾ ਹਟਾਇਆ ਜਾਵੇ।