For the best experience, open
https://m.punjabitribuneonline.com
on your mobile browser.
Advertisement

ਬਿਜਲੀ ਅਤੇ ਪਾਣੀ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ

08:57 AM May 23, 2024 IST
ਬਿਜਲੀ ਅਤੇ ਪਾਣੀ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ
ਸੈਣੀ ਵਿਹਾਰ ਕਲੋਨੀ ਵਾਸੀ ਰੋਸ ਜ਼ਾਹਰ ਕਰਦੇ ਹੋਏ। -ਫੋਟੋ: ਰੂਬਲ
Advertisement

ਹਰਜੀਤ ਸਿੰਘ
ਜ਼ੀਰਕਪੁਰ, 22 ਮਈ
ਅਤਿ ਦੀ ਗਰਮੀ ਵਿੱਚ ਜ਼ੀਰਕਪੁਰ ’ਚ ਥਾਂ-ਥਾਂ ਪਾਣੀ ਅਤੇ ਬਿਜਲੀ ਦੀ ਕਿੱਲਤ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਇੱਥੋਂ ਦੇ ਬਲਟਾਣਾ ਖੇਤਰ ਵਿੱਚ ਪੈਂਦੀ ਸੈਣੀ ਵਿਹਾਰ ਫੇਜ਼ ਤਿੰਨ ਕਲੋਨੀ ਵਿੱਚ ਕਈ ਦਿਨਾਂ ਤੋਂ ਬਿਜਲੀ ਅਤੇ ਪਾਣੀ ਦੀ ਕਿੱਲਤ ਹੈ। ਇਸ ਸਮੱਸਿਆ ਤੋਂ ਅੱਕੇ ਲੋਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ।
ਮੁਜ਼ਹਰਾਕਾਰੀਆਂ ਨੇ ਦੱਸਿਆ ਕਿ ਗਰਮੀਆਂ ਵਿੱਚ ਉਨ੍ਹਾਂ ਦੀ ਕਲੋਨੀ ਵਿੱਚ ਬਿਜਲੀ ਤੇ ਪਾਣੀ ਦੀ ਕਿੱਲਤ ਹੋ ਜਾਂਦੀ ਹੈ। ਹਰ ਵਾਰ ਪ੍ਰਸ਼ਾਸਨਿਕ ਅਧਿਕਾਰੀ ਇਸ ਸਮੱਸਿਆ ਦਾ ਹੱਲ ਕੱਢਣ ਦਾ ਭਰੋਸਾ ਦਿੰਦੇ ਹਨ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਕਲੋਨੀ ਵਾਸੀਆਂ ਨੇ ਦੱਸਿਆ ਕਿ ਇੱਥੇ ਟਰਾਂਸਫਾਰਮਰ ’ਤੇ ਸਮਰੱਥਾ ਨਾਲੋਂ ਜ਼ਿਆਦਾ ਲੋਡ ਹੈ। ਇਸ ਕਾਰਨ ਵਾਰ-ਵਾਰ ਬਿਜਲੀ ਗੁੱਲ ਹੋ ਜਾਂਦੀ ਹੈ। ਇਸ ਕਾਰਨ ਪਾਣੀ ਦੀ ਸਪਲਾਈ ਵੀ ਨਹੀਂ ਹੁੰਦੀ। ਕਲੋਨੀ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇ ਛੇਤੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਨ੍ਹਾਂ ਸੜਕ ਜਾਮ ਕਰਨਗੇ। ਇਸ ਦੀ ਜ਼ਿੰਮੇਵਾਰੀ ਪਾਵਰਕੌਮ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ।
ਇਸ ਮੌਕੇ ਪਹੁੰਚੇ ਪਾਵਰਕੌਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਟਰਾਂਸਫਾਰਮਰ ਘੱਟ ਸਮਰਥਾ ਦਾ ਹੋਣ ਕਾਰਨ ਦਿੱਕਤ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਛੇਤੀ ਇੱਥੇ ਲੋਡ ਮੁਤਾਬਕ ਟਰਾਂਸਫਾਰਮਰ ਲਾ ਕੇ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।

Advertisement

ਬਿਜਲੀ ਕੱਟਾਂ ਤੋਂ ਖ਼ਫ਼ਾ ਲੋਕਾਂ ਦਾ ਵਫ਼ਦ ਐਕਸੀਅਨ ਨੂੰ ਮਿਲਿਆ

ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਮੁਹਾਲੀ ਸ਼ਹਿਰ ਅਤੇ ਆਸਪਾਸ ਪਿੰਡਾਂ ਦੇ ਲੋਕ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਡਾਢੇ ਦੁਖੀ ਹਨ। ਅਤਿ ਦੀ ਗਰਮੀ ਅਤੇ ਲੂ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਬੱਤੀ ਗੁੱਲ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਕਿਸਾਨਾਂ ਨੂੰ ਸਿੰਜਾਈ ਲਈ ਲੋੜ ਅਨੁਸਾਰ ਪਾਵਰ ਸਪਲਾਈ ਨਹੀਂ ਮਿਲ ਰਹੀ ਹੈ ਜਿਸ ਕਾਰਨ ਝੋਨੇ ਦੀ ਪਨੀਰੀ ਲਗਾਉਣ ਦਾ ਕੰਮ ਪਛੜ ਰਿਹਾ ਹੈ। ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ ਦੀ ਅਗਵਾਈ ਹੇਠ ਮੁਹਾਲੀ ਦੇ ਫੇਜ਼-4 ਦੇ ਵਸਨੀਕਾਂ ਨੇ ਪਾਵਰਕੌਮ ਦੇ ਐਕਸੀਅਨ ਰਣਜੀਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਦੱਸਿਆ ਕਿ ਵਾਰ-ਵਾਰ ਬੱਤੀ ਗੁੱਲ ਹੋ ਰਹੀ ਹੈ ਅਤੇ ਵੋਲਟੇਜ ਵੀ ਬਹੁਤ ਜ਼ਿਆਦਾ ਘਟਦੀ ਵਧਦੀ ਰਹਿੰਦੀ ਹੈ, ਜਿਸ ਕਾਰਨ ਲੋਕਾਂ ਦੇ ਕੀਮਤੀ ਉਪਕਰਨ ਖ਼ਰਾਬ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਗੁਰਮੁਖ ਸਿੰਘ ਸੋਹਲ ਨੇ ਦੱਸਿਆ ਕਿ ਐਕਸੀਅਨ ਨੇ ਮੌਕੇ ’ਤੇ ਹੀ ਜੇਈ ਨੂੰ ਆਪਣੇ ਦਫ਼ਤਰ ਸੱਦ ਕੇ ਇਸ ਮਸਲੇ ਦਾ ਤੁਰੰਤ ਹੱਲ ਕਰਨ ਦੇ ਆਦੇਸ਼ ਦਿੱਤੇ। ਐਕਸੀਅਨ ਨੇ ਹਦਾਇਤ ਕੀਤੀ ਕਿ ਫੇਜ਼-4 ਵਿੱਚ ਘੱਟ ਸਮਰੱਥਾ ਵਾਲੇ ਟਰਾਂਸਫ਼ਾਰਮਰਾਂ ਨੂੰ ਤੁਰੰਤ ਅਪਗਰੇਡ ਕੀਤਾ ਜਾਵੇ ਤੇ ਜੰਪਰ ਬਦਲੇ ਜਾਣ।

Advertisement
Author Image

sukhwinder singh

View all posts

Advertisement
Advertisement
×