ਪਿੰਡ ਸ਼ਾਮਦੋ ਦੀ ਸੜਕ ’ਤੇ ਗੰਦਾ ਪਾਣੀ ਭਰਨ ਕਾਰਨ ਲੋਕ ਪ੍ਰੇਸ਼ਾਨ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 28 ਜੁਲਾਈ
ਇੱਥੋਂ ਦੇ ਨਜ਼ਦੀਕੀ ਪਿੰਡ ਸ਼ਾਮਦੋ ਨੂੰ ਜਾਂਦੀ ਸੜਕ ’ਤੇ ਪਏ ਵੱਡੇ ਵੱਡੇ ਟੋਇਆਂ ਵਿੱਚ ਖੜ੍ਹੇ ਗੰਦੇ ਪਾਣੀ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਆ ਰਹੀਆਂ ਹਨ। ਇਨ੍ਹਾਂ ਟੋਇਆਂ ਕਾਰਨ ਜਿੱਥੇ ਹਾਦਸੇ ਵਾਪਰਨ ਦਾ ਖ਼ਤਰਾ ਹੈ, ਉੱਥੇ ਹੀ ਗੰਦੇ ਪਾਣੀ ਕਾਰਨ ਕੋਈ ਜਾਨਲੇਵਾ ਬਿਮਾਰੀ ਪੈਦਾ ਹੋਣ ਦਾ ਡਰ ਵੀ ਪਿੰਡ ਵਾਸੀਆਂ ਦੇ ਸਿਰ ਮੰਡਰਾ ਰਿਹਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲ ਇਸ ਸੜਕ ਨੂੰ ਠੀਕ ਕਰਨ ਲਈ ਪੂਰੀ ਵਾਹ ਲਾ ਲਈ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਇਸ ਸਬੰਧੀ ਪਿੰਡ ਵਾਸੀ ਹਰਵਿੰਦਰ ਸਿੰਘ, ਅਸ਼ੋਕ ਕੁਮਾਰ, ਸਰਵਣ ਸਿੰਘ, ਹਰਿੰਦਰਪਾਲ ਸਿੰਘ, ਜਤਿੰਦਰ ਸਿੰਘ, ਸਾਬਕਾ ਸਰਪੰਚ ਸ਼ਿਵਰਾਮ ਸਿੰਘ, ਭਰਪੂਰ ਸਿੰਘ, ਸਾਬਕਾ ਸਰਪੰਚ ਸ਼ਿਵਰਾਮ ਸਿੰਘ, ਭਰਪੂਰ ਸਿੰਘ, ਬਲਵਿੰਦਰ ਸਿੰਘ, ਬਲਬੀਰ ਸਿੰਘ, ਮੋਹਨਜੀਤ ਸਿੰਘ, ਮਨਮੋਹਨ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਖੜ੍ਹਦੇ ਪਾਣੀ ਕਾਰਨ ਜਿੱਥੇ ਰਾਹਗੀਰਾਂ ਨੂੰ ਲੰਘਣਾ ਔਖਾ ਹੋ ਗਿਆ ਹੈ, ਉੱਥੇ ਟੋਇਆਂ ਵਿੱਚ ਖੜ੍ਹਦੇ ਗੰਦੇ ਨਾਲ ਦੇ ਪਾਣੀ ਅਤੇ ਬਰਸਾਤੀ ਪਾਣੀ ਕਾਰਨ ਪਿੰਡ ਵਸਨੀਕ ਨਰਕ ਭਰੀ ਜ਼ਿੰਦਗੀ ਜਿਊਣ ਦੇ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਇਹ ਮਾਰਗ ਥਾਂ ਥਾਂ ਟੁੱਟ ਚੁੱਕਾ ਹੈ, ਜਿਸ ਵਿਚ ਪਏ ਟੋਇਆਂ ਕਾਰਨ ਨਿੱਤ ਦਿਨ ਛੋਟੇ ਮੋਟੇ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਸ਼ਾਮਦੋ ਕੈਂਪ ਅਤੇ ਨੇੜਲੀਆਂ ਫ਼ੈਕਟਰੀਆਂ ਦੇ ਸੀਵਰੇਜ ਦਾ ਪਾਣੀ, ਗੰਦੇ ਨਾਲ਼ੇ ਦੁਆਰਾ ਪਿੰਡ ਸ਼ਾਮਦੋ ਦੇ ਟੋਭੇ ਵਿੱਚ ਡਿੱਗਦਾ ਹੈ। ਇਸ ਮਗਰੋਂ ਟੋਭਾ ਓਵਰਫਲੋ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਸੜਕਾਂ ’ਤੇ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੜਕ ’ਤੇ ਪਾਣੀ ਖੜ੍ਹਨ ਕਾਰਨ ਰਾਹਗੀਰਾਂ ਤੋਂ ਇਲਾਵਾ ਸਕੂਲੀ ਬੱਚੇ, ਕੰਮਾਂ ਕਾਰਾਂ ’ਤੇ ਜਾਣ ਵਾਲ਼ੇ ਪਿੰਡ ਵਾਸੀ ਆਦਿ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਲਾਵਾ ਸਰਕਾਰੇ ਦਰਬਾਰੇ ਵੀ ਫ਼ਰਿਆਦ ਲਗਾਈ ਪਰ ਕੋਈ ਵੀ ਸਾਰਥਕ ਨਤੀਜਾ ਨਹੀਂ ਨਿਕਲਿਆ। ਇਸ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਯਾਦਵਿੰਦਰ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਸ਼ਾਮਦੋ ਦੀ ਟੁੱਟੀ ਹੋਈ ਸੜਕ ਅਤੇ ਫ਼ੈਕਟਰੀਆਂ ਵੱਲੋਂ ਪਾਣੀ ਦੀ ਨਿਕਾਸੀ ਦੇ ਕੋਈ ਪੁਖ਼ਤਾ ਪ੍ਰਬੰਧ ਨਾ ਕੀਤੇ ਜਾਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਸਬੰਧੀ ਬੀਡੀਪੀਓ ਰਾਜਪੁਰਾ ਨੂੰ ਨਿਕਾਸੀ ਦਾ ਪ੍ਰਬੰਧ ਸਹੀ ਕਰਨ ਲਈ ਲਿਖ ਦਿੱਤਾ ਹੈ।