ਪੱਖੋਵਾਲ ਰੋਡ ਤੇ ਦੁੱਗਰੀ ’ਚ ਅਣਐਲਾਨੇ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਅਕਤੂਬਰ
ਪੰਜਾਬ ਰਾਜ ਬਿਜਲੀ ਨਿਗਮ ਵੱਲੋਂ ਲੱਗ ਰਹੇ ਅਣਐਲਾਨੇ ਕੱਟਾਂ ਕਾਰਨ ਲੋਕ ਕਾਫ਼ੀ ਦੁਖੀ ਅਤੇ ਪ੍ਰੇਸ਼ਾਨ ਹਨ। ਬੀਤੀ ਰਾਤ ਪੱਖੋਵਾਲ ਰੋਡ ਅਤੇ ਦੁੱਗਰੀ ਇਲਾਕੇ ਦੇ ਇੱਕ ਸੌ ਤੋਂ ਵੱਧ ਮੁਹੱਲਿਆਂ ਅਤੇ ਕਲੋਨੀਆਂ ਦੀ ਬਿਜਲੀ ਕਈ ਘੰਟੇ ਬੰਦ ਰਹਿਣ ਨਾਲ ਲੋਕਾਂ ਨੂੰ ਢੇਰ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਰਾਤ ਇੱਕ ਵਜੇ ਦੇ ਕਰੀਬ ਹਨੇਰੀ ਅਤੇ ਝੱਖੜ ਦੇ ਸ਼ੁਰੂ ਹੁੰਦਿਆਂ ਹੀ ਇਨ੍ਹਾਂ ਇਲਾਕਿਆਂ ਦੀ ਬਿਜਲੀ ਗੁੱਲ ਹੋ ਗਈ।
ਪਾਵਰਕੌਮ ਦੀ ਵੈਬਸਾਈਟ ’ਤੇ ਰਾਤ 1:20 ਤੋਂ ਸਵੇਰੇ 7:15 ਵਜੇ ਤੱਕ ਬਿਜਲੀ ਬੰਦ ਹੋਣ ਦੀ ਸੂਚਨਾ ਪਾਈ ਗਈ ਪਰ ਸੱਤ ਵਜੇ ਦੇ ਕਰੀਬ ਇਸ ਨੂੰ ਵਧਾਕੇ 8:59 ਵਜੇ ਭਾਵ ਕਿ 9 ਵਜੇ ਤੋਂ 1 ਮਿੰਟ ਪਹਿਲਾਂ ਕਰ ਦਿੱਤਾ ਗਿਆ ਪਰ ਦਿੱਤੇ ਗਏ ਸਮੇਂ ਤੇ ਬਿਜਲੀ ਨਾ ਆਉਣ ਕਾਰਨ ਲੋਕ ਭੰਬਲਭੂਸੇ ਵਿੱਚ ਪਏ ਰਹੇ ਕਿਉਂਕਿ ਵੈਬਸਾਈਟ ਮੁਤਾਬਿਕ ਬਿਜਲੀ ਆ ਗਈ ਸੀ ਪਰ ਬਿਜਲੀ ਗੁੱਲ ਸੀ।
ਇਸ ਤੋਂ ਬਾਅਦ ਵੈਬਸਾਈਟ ’ਤੇ ਬਿਜਲੀ 1:55 ਵਜੇ ਆਉਣ ਦੀ ਸੂਚਨਾ ਪਾਈ ਗਈ ਅਤੇ ਕਈ ਇਲਾਕਿਆਂ ਵਿੱਚ ਦਿੱਤੇ ਗਏ ਸਮੇਂ ਅਨੁਸਾਰ ਬਿਜਲੀ ਆ ਵੀ ਗਈ ਪਰ ਉਹ ਨਾ ਆਉਣ ਦੇ ਬਰਾਬਰ ਸੀ ਕਿਉਂਕਿ ਬਿਜਲੀ ਲਗਾਤਾਰ ਘੱਟ ਵੱਧ ਰਹੀ ਸੀ। ਵੱਖ ਵੱਖ ਖ਼ਪਤਕਾਰਾਂ ਵੱਲੋਂ ਸ਼ਿਕਾਇਤਾਂ ਦਰਜ ਕਰਾਉਣ ਦੇ ਬਾਵਜੂਦ ਸ਼ਾਮ ਪੰਜ ਵਜੇ ਤੱਕ ਬਿਜਲੀ ਸਪਲਾਈ ਨਿਯਮਿਤ ਨਹੀਂ ਸੀ ਹੋਈ।
ਬਿਨਾਂ ਕਿਸੇ ਸੂਚਨਾ ਦੇ ਅਚਨਚੇਤ ਕਈ ਘੰਟੇ ਬਿਜਲੀ ਬੰਦ ਰਹਿਣ ਕਾਰਨ ਲੋਕਾਂ ਨੂੰ ਮੁਸ਼ਕਲ ਪੇਸ਼ ਆਈ ਕਿਉਂਕਿ ਨਰਾਤਿਆਂ ਦੇ ਦਿਨ ਚੱਲ ਰਹੇ ਹੋਣ ਕਾਰਨ ਬਿਨਾਂ ਨਹਾਤਿਆਂ ਹੀ ਉਨ੍ਹਾਂ ਨੂੰ ਮੰਦਿਰ ਜਾਣਾ ਔਖਾ ਹੋ ਗਿਆ। ਸਵੇਰੇ 10:23 ਵਜੇ ਦੇ ਕਰੀਬ ਬਿਜਲੀ ਆ ਤਾਂ ਗਈ ਸੀ ਪਰ ਇੱਕ ਮਿੰਟ ਬਾਅਦ ਹੀ ਮੁੜ ਗੁੱਲ ਹੋ ਗਈ। ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਆਏ ਝੱਖੜ ਕਾਰਨ ਖੰਭੇ ਅਤੇ ਦਰੱਖ਼ਤ ਡਿੱਗ ਗਏ, ਜਿਸ ਕਾਰਨ ਕਈ ਥਾਈਂ ਤਾਰਾਂ ਟੁੱਟ ਗਈਆਂ ਸਨ। ਇਸ ਦੌਰਾਨ ਖੇਤਾਂ ਵਿੱਚ ਪੱਕਣ ਲਈ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਵਿਛ ਗਈ।
ਵੱਡੀ ਗਿਣਤੀ ਇਲਾਕਾ ਵਾਸੀ ਹੋਏ ਪ੍ਰਭਾਵਿਤ
ਜਿਹੜੇ ਇਲਾਕਿਆਂ ਦੀ ਬੀਤੀ ਰਾਤ ਬਿਜਲੀ ਬੰਦ ਹੋਈ ਸੀ ਉਨ੍ਹਾਂ ਵਿੱਚ ਬਸੰਤ ਐਵੇਨਿਊ, ਮੋਤੀ ਬਾਗ ਕਲੋਨੀ, ਪਿੰਡ ਫੁੱਲਾਂਵਾਲ, ਫਲਾਵਰ ਇਨਕਲੇਵ, ਵਿਕਰਮਦੱਤ ਕਲੋਨੀ, ਭਾਰਤ ਗੈਸ ਗੋਦਾਮ, ਗੁਰੂ ਅੰਗਦ ਦੇਵ ਨਗਰ, ਹਰਪ੍ਰੀਤ ਕਲੋਨੀ, ਜਨਤਾ ਕਲੋਨੀ, ਬਸੰਤ ਵਾਟਿਕਾ, ਨਿਰਮਲ ਨਗਰ, ਲੇਬਰ ਕਲੋਨੀ ਫੇਜ਼ ਇੱਕ, ਜਗਦੀਸ਼ ਨਗਰ, ਅਵਤਾਰ ਮਾਰਕੀਟ, ਜਗਦੇਵ ਕਲੋਨੀ, ਪ੍ਰੀਤ ਨਗਰ, ਮਾਰਕੀਟ ਫੇਸ ਇੱਕ, ਸੀਆਰਪੀ ਕਲੋਨੀ, ਫੇਸ ਇੱਕ ਪੈਟਰੋਲ ਪੰਪ ਸਾਈਡ, ਗੁਰੂ ਰਾਮਦਾਸ ਮਾਰਕੀਟ ਫੇਸ ਇੱਕ, ਸਟਾਰ ਕਲੋਨੀ, ਗਰੀਨ ਸਿਟੀ, ਫਰੈਂਡਜ ਕਲੋਨੀ, ਧਾਂਦਰਾ ਇਨਕਲੇਵ, ਗੋਲਡਨ ਕਲੋਨੀ ਦੋ, ਬਸੰਤ ਵਿਹਾਰ, ਬਸੰਤ ਐਵੇਨਿਊ, ਬਾਬਾ ਨੰਦ ਸਿੰਘ ਨਗਰ, ਫਲਾਵਰ ਚੌਕ, ਬੀਸੀਐਮ ਸਕੂਲ, ਮੱਕੜ ਕਲੋਨੀ, ਜਨਤਾ ਇਨਕਲੇਵ, ਭਾਈ ਹਿੰਮਤ ਸਿੰਘ ਨਗਰ, ਰੇਲਵੇ ਫਾਟਕ, ਗੁਰੂ ਤੇਗ ਬਹਦਰ ਨਗਰ, ਬਾਬਾ ਦੀਪ ਸਿੰਘ ਨਗਰ, ਨਿਰਮਲ ਨਗਰ, ਐਲਆਈਜੀ ਫਲੈਟ ਫੇਸ ਦੋ, ਕਾਕਾ ਕੌਸਲਰ ਸਾਈਡ ਦੁੱਗਰੀ ਪਿੰਡ, ਧਰਮਸ਼ਾਲਾ ਦੁੱਗਰੀ, ਸਿਟੀ ਇਨਕਲੇਵ, ਮਹਿਮੂਦਪੁਰਾ, ਪ੍ਰੀਤ ਵਿਹਾਰ, ਜੀਕੇ ਵਿਹਾਰ, ਪਿੰਡ ਧਾਂਦਰਾ, ਗੁਰੂ ਅਮਰਦਾਸ ਨਗਰ, ਘੁੰਮਣ ਐਸਟੇਟ, ਗਰੇਵਾਲ ਲੇਨ, ਸਿਟੀ ਸੈਂਟਰ, ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ, ਕੀਜ਼ ਹੋਟਲ ਸਾਈਡਜ਼, ਸੇਂਟ੍ਰਲ ਟਾਊਨ, ਥਰੀਕੇ ਕਲੋਨੀ, ਫੌਜੀ ਕਲੋਨੀ, ਜੇਜੇ ਇਨਕਲੇਵ, ਸਨਰਾਈਜ਼ ਕਲੋਨੀ, ਕਰੋਲ ਬਾਗ ਸਾਈਡ, ਸਤਜੋਤ ਨਗਰ, ਸੀ, ਡੀ ਬਲਾਕ, ਸ਼ਿਵ ਪਾਰਕ ਦੋ ਪਾਸੇ, ਕਾਲੀ ਮਾਤਾ ਮੰਦਰ ਸਾਈਡ ਇਲਾਕੇ ਸ਼ਾਮਲ ਸਨ।
ਝੱਖੜ ਕਾਰਨ ਖੰਭੇ ਅਤੇ ਤਾਰਾਂ ਨੁਕਸਾਨੀਆਂ: ਅਧਿਕਾਰੀ
ਪਾਵਰਕੌਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਤੇਜ਼ ਹਨੇਰੀ, ਹਵਾ ਅਤੇ ਝੱਖੜ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਖੰਭਿਆਂ ਅਤੇ ਤਾਰਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ, ਜਿਨ੍ਹਾਂ ਨੂੰ ਦਰੁਸਤ ਕਰਨ ਲਈ ਕਾਫ਼ੀ ਸਮਾਂ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਤਾਰਾਂ ਬਦਲਣ ਅਤੇ ਬਿਜਲੀ ਖੰਭੇ ਮੁੜ ਸਥਾਪਤ ਕਰਨ ਲਈ ਕਈ ਵਾਰ ਪੂਰੇ ਇਲਾਕੇ ਦੀ ਬਿਜਲੀ ਬੰਦ ਕਰਨੀ ਪੈਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਹੁਤ ਸਾਰੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਬਹਾਲ ਹੋ ਗਈ ਹੈ।