ਹੰਢਿਆਇਆ ਮਾਈਨਰ ਮਾਮਲੇ ਵਿੱਚ ਲੋਕਾਂ ਵੱਲੋਂ ਅਦਾਲਤ ਤੱਕ ਪਹੁੰਚ
ਬੀਰਬਲ ਰਿਸ਼ੀ
ਸ਼ੇਰਪੁਰ, 28 ਨਵੰਬਰ
ਘਨੌਰੀ ਕਲਾਂ-ਘਨੌਰੀ ਖੁਰਦ ਦਰਮਿਆਨ ਲੰਘਦੇ ਹੰਢਿਆਇਆ ਮਾਈਨਰ ਮਾਮਲੇ ’ਤੇ ਨਹਿਰੀ ਵਿਭਾਗ ਅਤੇ ਘਨੌਰੀ ਖੁਰਦ ਦੇ ਕਿਸਾਨ ਆਹਮੋ-ਸਾਹਮਣੇ ਹਨ ਜਿਸ ਤਹਿਤ ਦੋ ਦਿਨਾਂ ਤੋਂ ਕਿਸਾਨ ਸੰਘਰਸ਼ ਦੇ ਮੱਦੇਨਜ਼ਰ ਮਾਈਨਰ ਨੂੰ ਪੱਕਾ ਕਰਨ ਦਾ ਕੰਮ ਅੱਜ ਤੀਜੇ ਦਿਨ ਵੀ ਬੰਦ ਰਿਹਾ ਅਤੇ ਕਿਸਾਨਾਂ ਨੇ ਹੁਣ ਜਨਤਕ ਸੰਘਰਸ਼ ਦੇ ਨਾਲ ਧੂਰੀ ਅਦਾਲਤ ਤੱਕ ਵੀ ਪਹੁੰਚ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿੰਡ ਘਨੌਰੀ ਖੁਰਦ ਦੇ ਕਿਸਾਨਾਂ ਨੇ ਬੀਕੇਯੂ ਰਾਜੇਵਾਲ ਦੀ ਬਲਾਕ ਆਗੂਆਂ ਦੀ ਅਗਵਾਈ ਹੇਠ ਬੀਤੇ ਦਿਨ ਲਗਾਏ ਧਰਨੇ ਦੌਰਾਨ ਨਹਿਰੀ ਵਿਭਾਗ ’ਤੇ ਦੋਸ਼ ਲਗਾਏ ਸਨ ਕਿ ਨਹਿਰੀ ਵਿਭਾਗ ਆਪਣੀ ਜਗ੍ਹਾ ਦੀ ਥਾਂ ਲੋਕਾਂ ਦੇ ਲਾਂਘੇ ਵਾਲੀ ਸੜਕ ਦੀ ਜਗ੍ਹਾ ਵੱਲ ਰਜਬਾਹਾ ਕੱਢ ਰਹੇ ਹਨ ਅਤੇ ਲੋਕ ਇਸ ਕੰਮ ਦਾ ਤਿੱਖਾ ਵਿਰੋਧ ਜਾਰੀ ਰੱਖਣਗੇ। ਘਨੌਰੀ ਖੁਰਦ ਦੇ ਪੰਚ ਪਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਿੰਡ ਵਾਸੀਆਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਵਿਭਾਗ ਵਿਰੁੱਧ ਕਾਨੂੰਨੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਵਿਭਾਗ ਨੂੰ ਅਦਾਲਤੀ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ।
ਇਸ ਕੇਸ ਵਿੱਚ ਪਿੰਡ ਵਾਸੀਆਂ ਦੇ ਕੇਸ ਦੀ ਪੈਰਵੀ ਕਰਦੇ ਐਡਵੋਕੇਟ ਗੁਰਦੀਪ ਸਿੰਘ ਹੇੜੀਕੇ ਨੇ ਦੱਸਿਆ ਕਿ ਉਨ੍ਹਾਂ ਦੇ ਮੁਵਕਿਲਾਂ ਨੂੰ ਨਹਿਰੀ ਵਿਭਾਗ ਵੱਲੋਂ ਸੜਕ ਵਾਲੀ ਜਗ੍ਹਾ ਵੱਲ ਰਜਬਾਹਾ ਦਾ ਕੰਮ ਚਲਾਉਣ ’ਤੇ ਇਤਰਾਜ਼ ਹੈ ਜਿਸ ਸਬੰਧੀ ਅਦਾਲਤ ਵੱਲੋਂ ਨਹਿਰੀ ਵਿਭਾਗ ਨੂੰ ਸੰਮਨ ਜਾਰੀ ਕੀਤੇ ਗਏ ਹਨ। ਨਹਿਰੀ ਵਿਭਾਗ ਦੇ ਐਸਡੀਓ ਨਾਲ ਵਾਰ-ਵਾਰ ਸੰਪਰਕ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।